Patiala Politics

Patiala News Politics

Patiala Municipal Corporation Elections 2017


ਨਗਰ ਨਿਗਮ ਪਟਿਆਲਾ , ਨਗਰ ਪੰਚਾਇਤ ਘੱਗਾ ਤੇ ਘਨੌਰ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 17 ਦਸੰਬਰ ਨੂੰ ਹੋਣ ਵਾਲੀਆਂ ਇਹਨਾਂ ਚੋਣਾਂ ਵਿੱਚ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਲਈ 57 ਵਾਰਡਾਂ ਵਿੱਚ 207 ਉਮੀਦਵਾਰ ਚੋਣ ਲੜ ਰਹੇ ਹਨ। ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ 17 ਦਸੰਬਰ ਨੂੰ ਵੋਟਾਂ ਪੈਣ ਦਾ ਅਮਲ ਸਵੇਰੇ 8.00 ਵਜੇ ਆਰੰਭ ਹੋਵੇਗਾ ਅਤੇ 4 ਵਜੇ ਤੱਕ ਵੋਟਾਂ ਪੈਣਗੀਆਂ। ਵੋਟਾਂ ਉਪਰੰਤ ਸਬੰਧਤ ਪੋਲਿੰਗ ਬੂਥਾਂ ਵਿੱਚ ਹੀ ਵੋਟਾਂ ਦੀ ਗਿਣਤੀ ਹੋਵੇਗੀ।

ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਲਈ 2 ਲੱਖ 60 ਹਜ਼ਾਰ 664 ਵੋਟਰ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਜਿਹਨਾਂ ਵਿੱਚ 1 ਲੱਖ 35 ਹਜ਼ਾਰ 487 ਮਰਦ ਅਤੇ 1 ਲੱਖ 25 ਹਜ਼ਾਰ 177 ਮਹਿਲਾ ਵੋਟਰ ਸ਼ਾਮਲ ਹਨ। ਉਹਨਾਂ ਦੱਸਿਆ ਕਿ ਵਾਰਡ ਨੰਬਰ 41,42 ਤੇ 47 ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਸਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਪੰਚਾਇਤ ਘੱਗਾ ਵਿੱਚ 13 ਵਾਰਡਾਂ ਵਿੱਚ 41 ਉਮੀਦਵਾਰ ਚੋਣ ਲੜ ਰਹੇ ਹਨ ਜਿੱਥੇ 13 ਪੋਲਿੰਗ ਬੂਥਾਂ ‘ਤੇ 6763 ਵੋਟਰ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਹਨਾਂ ਵਿੱਚ 3572 ਔਰਤਾਂ ਤੇ 3191 ਮਰਦ ਵੋਟਰ ਸ਼ਾਮਲ ਹਨ। ਉਹਨਾਂ ਦੱਸਿਆ ਕਿ ਨਗਰ ਪੰਚਾਇਤ ਘਨੌਰ ਦੇ 11 ਵਾਰਡਾਂ ਵਿੱਚੋਂ 5 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋਣ ਕਾਰਨ ਹੁਣ 6 ਵਾਰਡਾਂ ‘ਚ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿੱਥੇ ਹੁਣ 2973 ਵੋਟਰ (1396 ਔਰਤਾਂ ਤੇ 1577 ਮਰਦ) ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਆਦੇਸ਼ ‘ਤੇ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਸਿਵਲ ਪ੍ਰਸ਼ਾਸ਼ਨ ਦੇ ਕਰੀਬ 1 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਰਾਜ ਚੋਣ ਕਮਿਸ਼ਨ ਨੇ 3 ਆਈ.ਏ.ਐਸ. ਅਤੇ ਇੱਕ ਪੀ.ਸੀ.ਐਸ. ਅਧਿਕਾਰੀ ਚੋਣ ਅਬਜਰਵਰ ਵਜੋਂ ਤਾਇਨਾਤ ਕੀਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਰਿਟਰਨਿੰਗ ਅਧਿਕਾਰੀਆਂ ਵੱਲੋਂ ਸਵੇਰੇ ਵੱਖ-ਵੱਖ ਵਾਰਡਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਜੋ ਸ਼ਾਮ ਤੱਕ ਸਬੰਧਤ ਵਾਰਡਾਂ ‘ਚ ਪੁੱਜ ਗਈਆਂ ਸਨ। ਉਹਨਾਂ ਦੱਸਿਆ ਕਿ ਵੋਟਾਂ ਸਵੇਰੇ 8.00 ਵਜੇ ਤੋਂ 4.00 ਵਜੇ ਤੱਕ ਪੈਣਗੀਆਂ ਉਸ ਉਪਰੰਤ ਵੋਟਾਂ ਦੀ ਗਿਣਤੀ ਸਬੰਧਤ ਪੋਲਿੰਗ ਬੂਥਾਂ ‘ਚ ਹੀ ਹੋਵੇਗੀ। ਉਹਨਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਪ੍ਰੋਜਾਇਡਿੰਗ ਅਫ਼ਸਰਾਂ ਨੂੰ ਹੀ ਗਿਣਤੀ ਦੇ ਅਧਿਕਾਰ ਦਿੱਤੇ ਗਏ ਹਨ ਅਤੇ ਉਹ ਗਿਣਤੀ ਮੁਕੰਮਲ ਕਰਨ ਉਪਰੰਤ ਰਿਪੋਰਟ ਸਬੰਧਤ ਰਿਟਰਨਿੰਗ ਅਧਿਕਾਰੀ ਨੂੰ ਭੇਜਣਗੇ।

ਐਸ.ਐਸ.ਪੀ. ਪਟਿਆਲਾ ਡਾ: ਐਸ.ਭੂਪਤੀ ਨੇ ਦੱਸਿਆ ਕਿ ਚੋਣਾਂ ਸ਼ਾਂਤੀ ਪੂਰਵਕ, ਨਿਰਪੱਖ ਤੇ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੂਰੇ ਚੋਣ ਖੇਤਰ ਨੂੰ 8 ਜੋਨਾਂ ਵਿੱਚ ਵੰਡ ਕੇ 3000 ਦੇ ਕਰੀਬ ਸੁਰੱਖਿਆ ਅਮਲਾ ਤਾਇਨਾਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਨੂੰ ਸੀਲ ਕਰਨ ਲਈ 64 ਨਾਕੇ ਲਗਾਏ ਗਏ ਹਨ ਅਤੇ ਪੋਲਿੰਗ ਸਟੇਸ਼ਨ ਦੀ ਨਿਗਰਾਨੀ ਲਈ 16 ਪੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ ਜਿਹਨਾਂ ‘ਚ ਪਟਿਆਲਾ ਲਈ 12, ਘੱਗਾ ਤੇ ਘਨੌਰ ਲਈ 2 ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ 16 ਰਿਜਰਵ ਪਾਰਟੀਆਂ ਵੀ ਲਗਾਈਆਂ ਗਈਆਂ ਹਨ ਅਤੇ ਮਾੜੇ ਅਫ਼ਸਰਾਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

Facebook Comments