Patiala Police arrest three man gang in snatching case

September 17, 2018 - PatialaPolitics

ਔਰਤਾਂ ਦੀਆਂ ਚੈਨੀਆਂ ਤੇ ਬਾਲੀਆਂ ਝਪਟਣ ਵਾਲੇ ਇੱਕ ਅੰਤਰਰਾਜੀ ਗਿਰੋਹ ਨੂੰ ਕਾਬੂ ਕਰਕੇ ਪਟਿਆਲਾ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਝਪਟਮਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਮਾਮਲੇ ਨੂੰ ਬੇਪਰਦ ਕਰਕੇ 15 ਦੇ ਕਰੀਬ ਵਾਰਦਾਤਾਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਬਾਰੇ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਪੁਲਿਸ ਲਾਈਨ ਵਿਖੇ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਨੂੰ ਜੁਰਮ ਮੁਕਤ ਕਰਨ ਲਈ ਜ਼ਿਲ੍ਹਾ ਪੁਲਿਸ ਵੱਲੋਂ ਲਗਾਤਾਰ ਅਪਰਾਧੀਆਂ ਉਪਰ ਸਿੰਕਜ਼ਾ ਕੱਸਿਆ ਜਾ ਰਿਹਾ ਹੈ ਇਸ ਲੜੀ ਅਧੀਨ ਕਪਤਾਨ ਪੁਲਿਸ ਇੰਨਵੈਸਟੀਗੇਸਨ ਸ਼੍ਰੀ ਮਨਜੀਤ ਸਿੰਘ ਬਰਾੜ, ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਇੰਸਪੈਕਟਰ ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਵੱਲੋਂ ਪੁਲਿਸ ਪਾਰਟੀ ਸਮੇਤ ਪੰਜਾਬ ਅਤੇ ਹਰਿਆਣਾ ਰਾਜ ਵਿੱਚ ਸਨੈਚਿੰਗ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਨਾਲ ਸਨੈਚਿੰਗ ਦੀਆਂ ਪਟਿਆਲਾ ਜ਼ਿਲ੍ਹੇ ਦੀਆਂ 7 ਅਤੇ ਪੰਜਾਬ ਅਤੇ ਹਰਿਆਣਾ ਜ਼ਿਲ੍ਹੇ ਦੀਆਂ ਕੁੱਲ 15 ਵਾਰਦਾਤਾਂ ਟਰੇਸ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਇੰਨਾ ਤਿੰਨਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਪਹਿਲਾਂ ਵੀ 20 ਮੁਕੱਦਮੇ ਚੱਲ ਰਹੇ ਹਨ।

ਐਸ.ਐਸ.ਪੀ. ਨੇ ਦੱਸਿਆ ਕਿ ਫੜੇ ਗਏ ਤਿੰਨ ਸਨੈਚਰਾਂ ਪਾਸੋਂ 2900 ਨਸ਼ੀਲੀਆਂ ਗੋਲੀਆਂ ਅਤੇ ਇਕ ਲੀਟਰ ਨਸ਼ੀਲਾ ਤਰਲ ਪਦਾਰਥ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ ਦੀ ਪੁਲਿਸ ਪਾਰਟੀ ਵੱਲੋਂ 16 ਸਤੰਬਰ ਨੂੰ ਪਿੰਡ ਹਿਰਦਾਪੁਰ ਭਾਦਸੋਂ ਰੋਡ ਪਟਿਆਲਾ ਵਿਖੇ ਨਾਕਾਬੰਦੀ ਦੌਰਾਨ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 11 ਬੀ.ਐਸ – 1229 ‘ਤੇ ਸਵਾਰ ਤਿੰਨ ਨੌਜਵਾਨਾਂ ਬੰਟੀ ਮਲਹੋਤਰਾ ਪੁੱਤਰ ਸ਼੍ਰੀ ਬੀਰਬਲ ਦਾਸ ਮਲਹੋਤਰਾ ਵਾਸੀ ਮਕਾਨ ਨੰਬਰ 158/3 ਸਿਨੇਮਾ ਚੌਕ ਸੁਨਾਮ ਜ਼ਿਲ੍ਹਾ ਸੰਗਰੂਰ ਜੋ ਕਿ ਹੁਣ ਰਾਜਪੁਰਾ ਵਿਖੇ ਰਹਿ ਰਿਹਾ ਹੈ, ਹਰਪ੍ਰੀਤ ਸਿੰਘ ਉਰਫ਼ ਲੰਬੂ ਉਰਫ਼ ਕਾਲੀ ਪੁੱਤਰ ਭੋਲਾ ਸਿੰਘ ਵਾਸੀ ਗਰਚਾ ਰੋਡ ਗਲੀ ਨੰਬਰ 2 ਨੇੜੇ ਸਿਮੀ ਪੈਲੇਸ ਬਰਨਾਲਾ ਜੋ ਹੁਣ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਰਹਿ ਰਿਹਾ ਹੈ ਅਤੇ ਕਰਨ ਚੋਪੜਾ ਉਰਫ਼ ਬਬਲੀ ਪੁੱਤਰ ਸ਼੍ਰੀ ਕ੍ਰਿਸ਼ਨ ਚੋਪੜਾ ਵਾਸੀ ਗਲੀ ਨੰਬਰ 9 ਵਾਰਡ ਨੰਬਰ 11 ਚੋਪੜਾ ਪੱਤੀ ਨਰਵਾਣਾ ਜ਼ਿਲ੍ਹਾ ਜੀਂਦ (ਹਰਿਆਣਾ) ਨੂੰ ਸ਼ੱਕ ਦੇ ਆਧਾਰ ‘ਤੇ ਰੋਕਕੇ ਜਦੋ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਇੰਨਾ ਪਾਸੋਂ ਨਸ਼ੇ ਦੀਆਂ ਗੋਲੀਆਂ ਅਤੇ ਤਰਲ ਪਦਾਰਥ ਬਰਾਮਦ ਹੋਇਆ, ਜਿਸ ਸਬੰਧੀ ਮੁਕੱਦਮਾ ਨੰਬਰ 86 ਮਿਤੀ 16/9/19 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਖਸ਼ੀਵਾਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਨ੍ਹਾਂ ਪਾਸੋਂ ਕੁੱਝ ਹੋਰ ਵਾਰਦਾਤਾਂ ਵਿੱਚ ਖੋਹੀਆਂ ਸੋਨੇ ਦੀਆਂ ਵਾਲੀਆਂ ਆਦਿ ਬਰਾਮਦ ਕੀਤੀਆਂ ਗਈਆਂ ਹਨ।

ਸ. ਮਨਦੀਪ ਸਿੰਘ ਸਿੱਧੂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪੁੱਛਗਿੱਛ ਤੋਂ ਕਈ ਅਹਿਮ ਖੁਲਾਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਦੌਰਾਨ ਜ਼ਿਲ੍ਹਾ ਪਟਿਆਲਾ ਵਿਖੇ 7, ਸੰਗਰੂਰ 5, ਮਾਨਸਾ 2 ਅਤੇ ਬਰਨਾਲਾ ਵਿਖੇ 1 ਸਨੈਚਿੰਗ ਦੀਆਂ ਵਰਦਾਤਾ ਇੰਨਾ ਵੱਲੋਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦਾ ਪਿਛੋਕੜ ਅਪਰਾਧਕ ਹੈ ਜੋ ਵੱਖ ਵੱਖ ਜ਼ੁਰਮਾ ਵਿੱਚ ਜੇਲ ਜਾ ਚੁੱਕੇ ਹਨ। ਜੋ ਬੰਟੀ ਮਲਹੋਤਰਾ ਖਿਲਾਫ਼ ਜ਼ਿਲ੍ਹਾ ਪਟਿਆਲਾ ਵਿੱਚ ਚੋਰੀ ਅਤੇ ਲੁੱਟ ਖੋਹ ਦੇ 15 ਮੁਕੱਦਮੇ ਜਿਨ੍ਹਾਂ ਵਿੱਚ ਥਾਣਾ ਅਰਬਨ ਅਸਟੇਟ, ਤ੍ਰਿਪੜੀ, ਸਿਟੀ ਰਾਜਪੁਰਾ ਵਿਖੇ ਦਰਜ ਹਨ। ਹਰਪ੍ਰੀਤ ਸਿੰਘ ਉਰਫ਼ ਲੰਬੂ ਖਿਲਾਫ਼ ਸੁਨਾਮ (ਜ਼ਿਲ੍ਹਾ ਸੰਗਰੂਰ) ਵਿਖੇ 02 ਮੁਕੱਦਮੇ ਦਰਜ ਹਨ ਅਤੇ ਕਰਨ ਚੋਪੜਾ ਉਰਫ ਬਬਲੀ ਦੇ ਖਿਲਾਫ਼ 03 ਮੁਕੱਦਮੇ ਪਾਤੜਾਂ, ਕੁਰਕਸੇਤਰ ਅਤੇ ਕੈਥਲ (ਹਰਿਆਣਾ) ਵਿਖੇ ਚੋਰੀ ਅਤੇ ਅਸਲਾ ਐਕਟ ਤਹਿਤ ਦਰਜ ਹਨ। ਗ੍ਰਿਫ਼ਤਾਰ ਕੀਤੇ ਗਏ ਬੰਟੀ ਮਲਹੋਤਰਾ ਤੇ ਕਰਨ ਚੋਪੜਾ ਦੀ ਆਪਸ ਵਿੱਚ ਜਾਣ ਪਹਿਚਾਣ ਜੇਲ ਵਿੱਚ ਹੋਈ ਸੀ ਜਦੋਂ ਕਿ ਹਰਪ੍ਰੀਤ ਸਿੰਘ ਨੂੰ ਬੰਟੀ ਮਲਹੋਤਰਾ ਸੁਨਾਮ ਵਿਖੇ ਰਹਿਣ ਕਰਕੇ ਪਹਿਲਾਂ ਤੋ ਹੀ ਜਾਣਦਾ ਸੀ। ਅਪ੍ਰੈਲ 2018 ਵਿੱਚ ਬੰਟੀ ਮਲਹੋਤਰਾ ਜੇਲ ਵਿੱਚ ਜ਼ਮਾਨਤ ਪਰ ਆਇਆ ਸੀ ਇਸ ਤੋ ਮਗਰੋਂ ਕਰਨ ਚੋਪੜਾ ਥੋੜ੍ਹੀ ਦੇਰ ਪਹਿਲਾ ਹੀ ਕੁਰਕਸੇਤਰ ਜੇਲ ਵਿੱਚੋ ਬਾਹਰ ਆਇਆ ਹੈ ਫਿਰ ਇਨ੍ਹਾਂ ਤਿੰਨਾਂ ਦੋਸ਼ੀਆਂ ਨੇ ਮਿਲਕੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।

ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਾਜ਼ਿਸ਼ਕਾਰ ਬੰਟੀ ਮਲਹੋਤਰਾ ਹੈ। ਇਹ ਸਨੈਚਿੰਗ ਦੀ ਵਾਰਦਾਤਾਂ ਨੂੰ ਮੋਟਰਸਾਇਕਲ ਪਰ ਸਵਾਰ ਹੋ ਕੇ ਅੰਜਾਮ ਦਿੰਦੇ ਸਨ ਜੋ ਕਿ ਸ਼ਹਿਰ ਤੋ ਬਾਹਰ ਨਵੀਆਂ ਕਲੋਨੀਆਂ ਵਿੱਚ ਮੋਟਰਸਾਇਕਲ ਪਰ ਘੁੰਮਦੇ ਫਿਰਦੇ ਰਹਿੰਦੇ ਹਨ। ਜਦੋਂ ਵੀ ਕੋਈ ਔਰਤ ਘਰ ਦੇ ਬਾਹਰ ਇਕੱਲੀ ਖੜੀ ਦਿਖਾਈ ਦਿੰਦੀ ਤਾਂ ਇਹ ਉਸ ਔਰਤ ਨੂੰ ਕਿਸੇ ਵਿਅਕਤੀ ਦੇ ਘਰ ਦਾ ਪੱਤਾ ਪੁੱਛਣ ਦੇ ਬਹਾਨੇ ਪਾਸ ਜਾ ਕੇ, ਉਸ ਔਰਤ ਦੇ ਗੱਲ ਵਿੱਚ ਪਾਈ ਚੈਨੀ ਜਾਂ ਕੰਨਾ ਵਿੱਚ ਪਾਈਆ ਵਾਲੀਆ ਖੋਹ ਕੇ ਫ਼ਰਾਰ ਹੋ ਜਾਦੇ ਸਨ ਅਤੇ ਵਾਰਦਾਤ ਤੋ ਬਾਅਦ ਤੁਰੰਤ ਹੀ ਆਪਣੇ ਕੱਪੜੇ ਬਦਲ ਲੈਂਦੇ ਸਨ ਤੇ ਫਿਰ ਲਿੰਕ ਰੋਡ ਰਾਹੀ ਆਪਣੇ ਟਿਕਾਣੇ ‘ਤੇ ਪੁੱਜ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਇਹ ਵਾਰਦਾਤ ਨੂੰ ਦਿਨ ਸਮੇਂ ਹੀ ਅੰਜਾਮ ਦਿੰਦੇ ਸਨ ਅਤੇ ਆਪਣੇ ਮੋਟਰਸਾਇਕਲ ਦੀ ਨੰਬਰ ਪਲੇਟ ਵੀ ਸਹੀ ਤਰੀਕੇ ਨਾਲ ਨਹੀਂ ਲਗਾਈ ਹੁੰਦੀ ਤਾਂ ਕਿ ਇਨ੍ਹਾਂ ਦਾ ਨੰਬਰ ਟਰੇਸ ਨਾ ਹੋ ਸਕੇ, ਅਕਸਰ ਹੀ ਇਹ ਮੋਟਰਸਾਇਕਲ ਪਰ ਛੋਟੇ ਅੱਖਰਾਂ ਵਾਲੀ ਨੰਬਰ ਪਲੇਟ ਲਾਉਦੇ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਇਹ ਝਪਟਮਾਰ ਸੋਨੇ ਦੀਆਂ ਬਾਲੀਆਂ ਤੇ ਚੈਨੀਆਂ ਜਿਸਨੂੰ ਵੇਚਦੇ ਸਨ ਉਸਦੀ ਵੀ ਪਹਿਚਾਣ ਕਰ ਲਈ ਗਈ ਹੈ ਅਤੇ ਉਸਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਰੀ ਦਾ ਸਮਾਨ ਖਰੀਦਣ ਵਾਲਾ ਵੀ ਬਰਾਬਰ ਦਾ ਜ਼ਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕਰਕੇ ਹੋਰ ਵਾਰਦਾਤਾਂ ਬਾਰੇ ਵੀ ਪਤਾ ਕਰਾਇਆ ਜਾਵੇਗਾ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਲਈ ਅਤੇ ਜ਼ਿਲ੍ਹਾ ਪਟਿਆਲਾ ਦੇ ਹਰ ਨਾਗਰਿਕਾਂ ਦੀ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਨੂੰ ਫੜਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਵਧੀਆ ਕੰਮ ਕਰਨ ਵਾਲੇ ਕਰਮਚਾਰੀਆ ਨੂੰ ਪ੍ਰਸੰਸਾ ਪੱਤਰ ਦਰਜਾ ਪਹਿਲਾ ਦਿੱਤੇ ਜਾਣਗੇ ਅਤੇ ਸਿਪਾਹੀ ਜਸਪਿੰੰਦਰ ਸਿੰਘ ਨੰਬਰ 1368/ਪਟਿਆਲਾ ਨੂੰ ਡੀ.ਜੀ.ਪੀ ਡਿਸਕ ਦੇਣ ਦੀ ਸਿਫਾਰਸ ਕੀਤੀ ਜਾਵੇਗੀ ।
ਇਸ ਮੌਕੇ ਕਪਤਾਨ ਪੁਲਿਸ ਇੰਨਵੈਸਟੀਗੇਸਨ ਸ਼੍ਰੀ ਮਨਜੀਤ ਸਿੰਘ ਬਰਾੜ, ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਅਤੇ ਇੰਚਾਰਜ ਸੀ.ਆਈ.ਏ ਸਟਾਫ਼ ਇੰਸਪੈਕਟਰ ਸਮਿੰਦਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜ਼ੂਦ ਸਨ।