Patiala Police arrests Axis Bank employees in online fraud case

January 29, 2020 - PatialaPolitics

‘ਆਪਣੇ ਪੈਸੇ ਨੂੰ ਸੰਭਾਲਣ ਦੇ ਮਾਮਲੇ ‘ਚ ਆਮ ਲੋਕਾਂ ਦਾ ਭਰੋਸਾ ਬੈਂਕਾਂ ‘ਤੇ ਹੁੰਦਾ ਹੈ ਪਰ ਜਦੋਂ ਬੈਂਕਾਂ ਦੇ ਕੁਝ ਮੁਲਾਜਮਾਂ ਵੱਲੋਂ ਹੀ ਲੋਕਾਂ ਨਾਲ ਠੱਗੀਆਂ ਸ਼ੁਰੂ ਹੋ ਜਾਣ ਤਾਂ ‘ਵਾੜ ਹੀ ਖੇਤ ਨੂੰ ਖਾਵੇ’ ਵਾਲੀ ਗੱਲ ਸਾਬਤ ਹੋਣ ਲੱਗਦੀ ਹੈ। ਪਰੰਤੂ ਪਟਿਆਲਾ ਪੁਲਿਸ ਦੇ ਸਾਇਬਰ ਸੈਲ ਨੇ ਕਰੈਡਿਟ ਕਾਰਡ ਰਾਹੀਂ ਆਨ ਲਾਇਨ ਠੱਗੀਆਂ ਮਾਰਨ ਵਾਲੇ ਐਕਸਿਸ ਬੈਂਕ ਦੇ ਦੋ ਮੁਲਾਜਮਾਂ ਨੂੰ ਕਾਬੂ ਕਰਕੇ ਠੱਗੀਆਂ ਦੇ ਅਜਿਹੇ ਹੀ ਇੱਕ ਗੋਰਖ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ।” ਇਹ ਪ੍ਰਗਟਾਵਾ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਐਕਸਿਸ ਬੈਂਕ ਦੇ ਸੇਲਜ ਅਫ਼ਸਰ ਅਤੇ ਐਕਸਿਸ ਬੈਂਕ ਦੇ ਹੀ ਇਕ ਸਾਬਕਾ ਮੁਲਾਜਮ ਕੋਲੋਂ 49 ਮੋਬਾਇਲ ਸਿੰਮ, 7 ਮੋਬਾਇਲ, ਕਰੀਬ ਸਾਢੇ 4 ਲੱਖ ਦਾ ਸੋਨਾ, 40 ਹਜਾਰਦੀ ਨਗ਼ਦੀ, ਇਕ ਸਕਾਰਪਿਉ ਗੱਡੀ ਬਰਾਮਦ ਕਰਨ ਸਮੇਤ ਇੱਕ ਜਣੇ ਦੇ ਬੈਂਕ ਖਾਤੇ ‘ਚ ਪਈ 03 ਲੱਖ ਰੁਪਏ ਦੀ ਰਕਮ ਫ਼ਰੀਜ ਕਰਵਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਪਟਿਆਲਾ ਦੇ ਸਾਇਬਰ ਸੈਲ ਦੀ ਕਾਰਗੁਜ਼ਾਰੀ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ।
ਸ. ਸਿੱਧੂ ਨੇ ਦੱਸਿਆ ਕਿ ਆਨ ਲਾਇਨ ਠੱਗੀ ਮਾਰਨ ਵਾਲੇ ਗਿਰੋਹ ਦੇ ਸਰਗਣੇ ਦੀ ਪਛਾਣ 27 ਸਾਲਾ 12ਵੀਂ ਪਾਸ ਵਿਕਾਸ ਸਰਪਾਲ ਉਰਫ ਗੋਪੀ ਪੁੱਤਰ ਲਵਿੰਦਰ ਕੁਮਾਰ ਵਾਸੀ ਪੰਚ ਰਤਨ ਗਲੀ ਹਰਬੰਸਪੁਰਾ, ਲੁਧਿਆਣਾ ਅਤੇ ਇਸ ਦੇ ਸਾਥੀ 25 ਸਾਲਾ 5ਵੀਂ ਪਾਸ ਰਵੀ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਈ.ਡਵਲਯੂ.ਐਸ ਨੇੜੇ ਨਿਸ਼ਕਾਮ ਸਕੂਲ, ਤਾਜਪੁਰ ਰੋਡ ਲੁਧਿਆਣਾ ਵਜੋਂ ਹੋਈ ਹੈ। ਇਨ੍ਹਾਂ ਨੂੰ ਮਿਤੀ 28 ਜਨਵਰੀ 2020 ਨੂੰ ਲੁਧਿਆਣਾ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਹ ਵਿਅਕਤੀ ਬੈਂਕ ਦੇ ਉਨ੍ਹਾਂ ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ, ਜ਼ਿਨ੍ਹਾਂ ਦੇ ਬੈਂਕ ਡਾਟਾ ‘ਚ ਈ ਮੇਲ ਖਾਤਾ ਦਰਜ ਨਹੀਂ ਸੀ ਹੁੰਦਾ ਅਤੇ ਇਹ ਉਨ੍ਹਾਂ ਦੇ ਕਰੈਡਿਟ ਕਾਰਡ ਰਾਹੀਂ ਫਲਿਪਕਾਰਟ ਤੋਂ ਸੋਨੇ ਦੀਆਂ ਗਿੰਨੀਆਂ, ਮੋਬਾਇਲ ਫੋਨ ਆਦਿ ਖਰੀਦ ਕੇ ਅੱਗੇ ਵੇਚਦੇ ਸਨ। ਇਨ੍ਹਾਂ ਵਿੱਚੋਂ ਇੱਕ ਨੇ ਇਸੇ ਤਰ੍ਹਾਂ ਕਮਾਈ ਰਕਮ ਨਾਲ ਆਪਣੀ ਭੈਣ ਦਾ ਵਿਆਹ ਕੀਤਾ ਅਤੇ ਸਕਾਰਪੀਊ ਗੱਡੀ ਵੀ ਖਰੀਦੀ।
ਐਸ.ਐਸ.ਪੀ. ਨੇ ਇਸ ਮਾਮਲੇ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਪੁਲਿਸ ਨੇ ਸਤਿਗੁਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਚਰਾਸੋਂ ਥਾਣਾ ਸਦਰ ਪਟਿਆਲਾ ਦੀ ਸ਼ਿਕਾਇਤ ‘ਤੇ ਮੁਕੱਦਮਾ ਨੰਬਰ 20 ਮਿਤੀ 27/01/2020 ਅ/ਧ 420,467,468,471,120 ਬੀ ਹਿੰ:ਦੰ: ਥਾਣਾ ਸਦਰ ਪਟਿਆਲਾ ਦਰਜ ਕੀਤਾ ਸੀ, ਜਿਸ ਦੀ ਪੜਤਾਲ ਦੌਰਾਨ ਇਸ ਮਾਮਲੇ ਦੀਆਂ ਪਰਤਾਂ ਖੁੱਲ੍ਹੀਆਂ ਹਨ।
ਸ. ਸਿੱਧੂ ਨੇ ਦੱਸਿਆ ਕਿ ਸਾਇਬਰ ਵਿੰਗ ਵਿਖੇ ਕਾਫੀ ਦੇਰ ਤੋ ਐਕਸਿਸ ਬੈਕ ਦੇ ਕਰੈਡਿਟ ਕਾਰਡ ਹੋਲਡਰਾਂ ਵੱਲੋ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਸਨ ਕਿ ਉਹਨਾ ਦੇ ਕਰੈਡਿਟ ਕਾਰਡ ਖਾਤੇ ਵਿੱਚੋਂ ਆਨ ਲਾਇਨ ਸੋਨੇ ਆਦਿ  ਦੀ ਖਰੀਦ ਮਗਰੋਂ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚੋਂ ਕੱਟੇ ਜਾ ਰਹੇ ਸਨ। ਇਨ੍ਹਾਂ ਨੂੰ ਹੱਲ ਕਰਨ ਲਈ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਜਾਂਚ ਸ੍ਰੀ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਜਾਂਚ ਸ੍ਰੀ ਕ੍ਰਿਸਨ ਕੁਮਾਰ ਪਾਂਥੇ, ਇੰਚਾਰਜ ਸੀ.ਆਈ.ਏ. ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਇੰਚਾਰਜ ਸਾਇਬਰ ਸੈਲ ਐਸ.ਆਈ ਤਰਨਦੀਪ ਕੌਰ ‘ਤੇ ਅਧਾਰਤ ਇਕ ਸਪੈਸ਼ਲ ਟੀਮ ਗਠਿਤ ਕੀਤੀ ਗਈ, ਜਿਸ ਨੇ ਇਸ ਨੂੰ ਸਫ਼ਲਤਾ ਪੂਰਵਕ ਹੱਲ ਕਰ ਲਿਆ।
ਐਸ.ਐਸ.ਪੀ. ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੈਂਗਲੌਰ ਤੋਂ ਆਨਲਾਇਨ ਸੋਨੇ ਤੇ ਹੋਰ ਵਸਤਾਂ ਦੀ ਫਲਿਪ ਕਾਰਟ ਰਾਂਹੀ ਖਰੀਦ ਕਰਕੇ ਕਰੈਡਿਟ ਕਾਰਡ ਖਾਤਾ ਧਾਰਕਾਂ ਨਾਲ ਠੱਗੀ ਹੋ ਰਹੀ ਸੀ ਪਰ ਇਹ ਸਾਰਾ ਸਮਾਨ ਲੁਧਿਆਣਾ ਵਿਖੇ ਵੱਖ-ਵੱਖ ਫ਼ਰਜੀ ਪਤਿਆਂ ‘ਤੇ ਡਿਲਿਵਰ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਐਕਸਿਸ ਬੈਂਕ ਦੀ ਲੁਧਿਆਣਾ ਬ੍ਰਾਂਚ ਦਾ ਸੇਲਜ ਅਫ਼ਸਰ ਵਿਕਾਸ ਸਰਪਾਲ ਉਰਫ ਗੋਪੀ ਜੋਕਿ ਕਰੈਡਿਟ ਕਾਰਡ ਬਣਾਉਣ ਦਾ ਕੰਮ ਵੀ ਕਰਦਾ ਸੀ, ਇਸ ਨੇ ਆਪਣੇ ਨਾਲ ਬੈਂਕ ‘ਚ ਪੀਅਨ ਵਜੋਂ ਤਿੰਨ ਮਹੀਨੇ ਪਹਿਲਾਂ ਕੰਮ ਕਰ ਚੁੱਕੇ ਰਵੀ ਨੂੰ ਵੀ ਲਾ ਲਿਆ ਸੀ।
ਉਨ੍ਹਾਂ ਦੱਸਿਆ ਕਿ ਇਹ ਐਕਸਿਸ ਬੈਂਕ ਦੇ ਖਾਤਾ ਧਾਰਕਾਂ ਦੇ ਕਰੈਡਿਟ ਕਾਰਡਾਂ ਦੀ ਡਿਟੇਲ, ਕਾਰਡ ਨੰਬਰ, ਸੀਵੀਵੀ ਤੇ ਐਕਸਪਾਇਰੀ ਤਰੀਕ ਆਦਿ ਬੈਂਕ ਵਿਚੋਂ ਹਾਸਲ ਕਰਕੇ ਉਨ੍ਹਾਂ ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ, ਜਿਨ੍ਹਾਂ ਦੇ ਖਾਤੇ ‘ਚ ਈਮੇਲ ਦਰਜ ਨਹੀਂ ਸੀ ਹੁੰਦੀ ਅਤੇ ਉਨ੍ਹਾਂ ਦੇ ਫ਼ਰਜੀ ਆਧਾਰ ਤੇ ਮੁਬਾਇਲ ਸਿਮਾਂ ਰਾਹੀਂ ਈਮੇਲ ਬਣਾ ਕੇ ਇਸ ‘ਤੇ ਓ.ਟੀ.ਪੀ. ਹਾਸਲ ਕਰਕੇ ਆਨ ਲਾਇਨ ਫਲਿਪ ਕਾਰਟ ਕੰਪਨੀ ਤੋਂ ਮਹਿੰਗੀਆਂ ਵਸਤੂਆਂ ਮੰਗਵਾ ਲੈਂਦੇ ਸਨ। ਫਿਰ ਇਹ ਸਮਾਨ ਮਾਰਕੀਟ ਵਿੱਚ ਵੇਚ ਦਿੰਦੇ ਸਨ, ਕਿਉਕਿ ਇਸ ਸਮਾਨ ਦਾ ਬਿੱਲ ਵੀ ਨਾਲ ਹੁੰਦਾ ਸੀ ਜਿਸ ਕਰਕੇ ਇਹ ਸਮਾਨ ਵੇਚਣ ਵਿੱਚ ਕੋਈ ਦਿੱਕਤ ਨਹੀ ਆਉਂਦੀ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ‘ਚ ਇਨ੍ਹਾਂ ਦੋਵਾਂ ਨੂੰ ਸਿੰਮ ਮੁਹੱਈਆ ਕਰਵਾਉਣ ਵਾਲੇ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਐਕਸਿਸ ਬੈਂਕ ਦੇ ਮੈਨੇਜ਼ਰ, ਜਿਸ ਦਾ ਫ਼ਰਜੀ ਆਧਾਰ ਕਾਰਨ ਮੁੱਖ ਸਰਗਣੇ ਵੱਲੋਂ ਬਣਾ ਕੇ ਵਰਤਿਆ ਜਾ ਰਿਹਾ ਸੀ, ਨੂੰ ਵੀ ਤਫ਼ਤੀਸ਼ ‘ਚ ਸ਼ਾਮਲ ਕੀਤਾ ਜਾਵੇਗਾ।
  ਐਸ.ਐਸ.ਪੀ. ਨੇ ਕਿਹਾ ਕਿ ਇਹ ਵੀ ਆਪਣੀ ਕਿਸਮ ਦਾ ਨਿਵੇਕਲਾ ਮਾਮਲਾ ਹੈ ਜੋ ਕਿ ਬੈਂਕਾਂ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਕਿਉਂਕਿ ਇਸ ਮਾਮਲੇ ‘ਚ ਉਹੋ ਵਿਅਕਤੀ ਘਪਲੇਬਾਜੀ ਦੇ ਅਤਿ-ਆਧੁਨਿਕ ਢੰਗ ਨਾਲ ਬੈਂਕਾਂ ਵੱਲੋਂ ਲੋਕਾਂ ਦੇ ਕਰੈਡਿਟ ਕਾਰਡਾਂ ‘ਚੋਂ ਪੈਸਿਆਂ ਨੂੰ ਲੰਮੇ ਸਮੇਂ ਤੋਂ ਹੇਰਾਫ਼ੇਰੀ ਕਰਕੇ ਚੂਨਾ ਲਗਾ ਰਹੇ ਸਨ, ਜਿਨ੍ਹਾਂ ਕੋਲ ਲੋਕਾਂ ਦਾ ਡਾਟਾ ਸੁਰੱਖਿਅਤ ਪਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲਿਸ ਰਾਹੀਂ ਬੈਂਕਾਂ ਦੀ ਉਚ ਅਥਾਰਟੀ ਨੂੰ ਇਸ ਪ੍ਰਤੀ ਆਗਾਹ ਕਰਨ ਲਈ ਲਿਖਿਆ ਜਾਵੇਗਾ ਤਾਂ ਕਿ ਬੈਕਿੰਗ ਪ੍ਰਣਾਲੀ ‘ਚ ਸੁਧਾਰ ਲਿਆਇਆ ਜਾਵੇ ਅਤੇ ਬੈਂਕਾਂ ਦੀ ਫਾਇਰਵਾਲ ਸੁਰੱਖਿਆ ਹੋਰ ਮਜ਼ਬੂਤ ਕੀਤੀ ਜਾਵੇ।
ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਜਾਂਚ ਸ੍ਰੀ ਹਰਮੀਤ ਸਿੰਘ ਹੁੰਦਲ, ਇੰਚਾਰਜ ਸੀ.ਆਈ.ਏ. ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਇੰਚਾਰਜ ਸਾਇਬਰ ਸੈਲ ਐਸ.ਆਈ ਤਰਨਦੀਪ ਕੌਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।