Patiala Police solves SBI ATM to robbery case

March 22, 2019 - PatialaPolitics

ਪਟਿਆਲਾ ਪੁਲਿਸ ਨੇ ਸਟੇਟ ਬੈਂਕ ਦੇ ਏ.ਟੀ.ਐਮ. ਨੂੰ ਕੱਟਕੇ ਸਨਸਨੀਖੇਜ ਢੰਗ ਨਾਲ ਇਸ ਵਿੱਚੋਂ ਨਗ਼ਦੀ ਚੋਰੀ ਕਰਨ ਦੇ ਆਪਣੇ ਆਪ ‘ਚ ਇੱਕ ਨਿਵੇਕਲੇ ਮਾਮਲੇ ਨੂੰ ਮਹਿਜ 5 ਦਿਨਾਂ ‘ਚ ਹੀ ਹੱਲ ਕਰਨ ਦੀ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਖੁਲਾਸਾ ਕਰਨ ਲਈ ਇੱਥੇ ਪੁਲਿਸ ਲਾਇਨਜ ਵਿਖੇ ਸੱਦੀ ਪ੍ਰੈਸ ਕਾਨਫਰੰਸ ਮੌਕੇ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 5 ਫੜੇ ਗਏ ਵਿਅਕਤੀਆਂ ਪਾਸੋਂ ਸਨਸਨੀਖੇਜ਼ ਢੰਗ ਨਾਲ ਏ.ਟੀ.ਐਮਜ ‘ਚੋਂ ਲੁੱਟੀ ਰਕਮ ਨਾਲ ਖਰੀਦੇ ਵਾਹਨ ਅਤੇ ਹੋਰ ਸਾਜੋ ਸਮਾਨ, ਏ.ਟੀ.ਐਮ. ਦਾ ਇੱਕ ਅਹਿਮ ਹਿੱਸਾ, ਜੋਕਿ ਇਨ੍ਹਾਂ ਨੇ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਸੀ, ਮੈਜਿਸਟ੍ਰੇਟ ਦੀ ਹਾਜਰੀ ‘ਚ ਬਰਾਮਦ ਕਰਨ ਸਮੇਤ 5.50 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ।
ਐਸ.ਐਸ.ਪੀ. ਨੇ ਕਿਹਾ ਕਿ ਇਹ ਆਪਣੀ ਕਿਸਮ ਦਾ ਨਿਵੇਕਲਾ ਮਾਮਲਾ ਹੈ ਜੋ ਕਿ ਬੈਂਕਾਂ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਕਿਉਂਕਿ ਇਸ ਮਾਮਲੇ ‘ਚ ਉਹੋ ਵਿਅਕਤੀ ਘਪਲੇਬਾਜੀ ਦੇ ਅਤਿਆਧੁਨਿਕ ਢੰਗ ਨਾਲ ਬੈਂਕਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਏ.ਟੀ.ਐਮਜ ‘ਚ ਰੱਖੇ ਪੈਸਿਆਂ ਨੂੰ ਲੰਮੇ ਸਮੇਂ ਤੋਂ ਹੇਰਾਫ਼ਾਰੀ ਕਰਕੇ ਚੂਨਾ ਲਗਾ ਰਹੇ ਸਨ, ਜਿਨ੍ਹਾਂ ਉਪਰ ਇਸ ਪੈਸੇ ਦੀ ਰਾਖੀ ਅਤੇ ਸਾਂਭ ਸੰਭਾਲ ਕਰਨ ਦੀ ਜਿੰਮੇਵਾਰੀ ਸੀ।
ਉਨ੍ਹਾਂ ਦੱਸਿਆ ਕਿ ਇਸ ‘ਚ ਚੋਰ ਕੋਈ ਬਾਹਰਲੇ ਵਿਅਕਤੀ ਨਹੀਂ ਸਨ ਸਗੋਂ ਏ.ਟੀ.ਐਮਜ ‘ਚ ਨਗ਼ਦੀ ਪਾਉਣ ਵਾਲੀ ਕੰਪਨੀ ਸੀ.ਐਮ.ਐਸ. ਤੇ ਐਫ਼.ਐਸ.ਐਸ ਕੰਪਨੀ ਵਿੱਚ ਬਤੌਰ ਕੈਸ਼ ਲੋਡਰ, ਡਰਾਇਵਰ ਵਜੋਂ ਕੰਮ ਕਰਦੇ ਸਨ, ਜਿਨ੍ਹਾਂ ਨੇ ਨੋਟਬੰਦੀ ਤੋਂ ਪਹਿਲਾਂ ਕਰੀਬ 18 ਲੱਖ ਰੁਪਏ ਦਾ ਘਪਲਾ ਕੀਤਾ ਅਤੇ ਨੋਟਬੰਦੀ ਤੋਂ ਬਾਅਦ ਫ਼ਿਰ ਵੱਡਾ ਘਪਲਾ ਕੀਤਾ ਜੋਕਿ 70 ਲੱਖ ਰੁਪਏ ਤੋਂ ਲੈਕੇ ਕਰੀਬ 1 ਕਰੋੜ ਰੁਪਏ ਤੱਕ ਜਾ ਪੁਜਣਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਬੈਂਕਾਂ ਨੂੰ ਇਸ ਪ੍ਰਤੀ ਗੰਭੀਰ ਹੋਣਾ ਪਵੇਗਾ, ਕਿਉਂਕਿ ਹੁਣ ਜਦੋਂ 31 ਮਾਰਚ ਨੂੰ ਪੀ.ਐਨ.ਬੀ. ਦੇ 8 ਏ.ਟੀ.ਐਮ. ਬੰਦ ਹੋਣੇ ਸਨ ਤੇ ਇਨ੍ਹਾਂ ਦੀ ਫ਼ਿਜੀਕਲ ਪੜਤਾਲ ਹੋਣ ਦੇ ਡਰੋਂ ਇਨ੍ਹਾਂ ਨੇ ਇਸ ਵਾਰਦਾਤ ਨੂੰ ਚੋਰੀ ਹੋਣਾ ਅੰਜਾਮ ਦਿਖਾ ਕੇ ਆਪਣੀ ਪਹਿਲਾਂ ਦੀ ਕੀਤੀ ਠੱਗੀ ਨੂੰ ਲੁਕੋਣ ਤੇ ਉਸਦੀ ਘਟਦੀ ਰਾਸ਼ੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪੜਤਾਲ ‘ਚ ਫੜੇ ਗਏ।
ਸ. ਸਿੱਧੂ ਨੇ ਦੱਸਿਆ ਕਿ ਇਸ ਤਰ੍ਹਾਂ ਇਹ ਵਾੜ ਹੀ ਖੇਤ ਨੂੰ ਖਾਣ ਵਾਲਾ ਆਪਣੀ ਕਿਸਮ ਦਾ ਇੱਕ ਅਜਿਹਾ ਮਾਮਲਾ ਹੈ, ਜਿਹੜਾ ਕਿ ਉਨ੍ਹਾਂ ਦੇ ਆਪਣੇ ਪੂਰੇ ਸੇਵਾਕਾਲ ‘ਚ ਪਹਿਲੀ ਵਾਰ ਸਾਹਮਣੇ ਆਇਆ ਹੈ ਅਤੇ ਇਸ ਨੂੰ ਪਟਿਆਲਾ ਪੁਲਿਸ ਨੇ ਜਿੱਥੇ ਹੱਲ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ, ਉਥੇ ਹੀ ਬੈਂਕਾਂ ਵੱਲੋਂ ਏ.ਟੀ.ਐਮਜ ‘ਚ ਨਗ਼ਦੀ ਰੱਖਣ ਦੀ ਪੂਰੀ ਪ੍ਰਕ੍ਰਿਆ ਦੌਰਾਨ ਵਰਤੀ ਜਾਂਦੀ ਵੱਡੀ ਅਣਗਹਿਲੀ ਤੋਂ ਵੀ ਪਰਦਾਫ਼ਾਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲਿਸ ਰਾਹੀਂ ਬੈਂਕਾਂ ਨੂੰ ਇਸ ਪ੍ਰਤੀ ਆਗਾਹ ਕਰਨ ਲਈ ਲਿਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੀ.ਜੀ.ਪੀ. ਨੇ ਇਸ ਪੂਰੇ ਮਾਮਲੇ ਨੂੰ ਹੱਲ ਕਰਨ ਵਾਲੀ ਪੁਲਿਸ ਟੀਮ ਨੂੰ 50 ਹਜ਼ਾਰ ਰੁਪਏ ਨਗ਼ਦ ਇਨਾਮ ਅਤੇ ਡੀ.ਜੀ.ਪੀ. ਡਿਸਕ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ।
ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ 16 ਮਾਰਚ ਦੀ ਰਾਤ ਨੂੰ ਪੁਰਾਣੀ ਪੁਲਿਸ ਲਾਇਨ ਪਟਿਆਲਾ (ਨੇੜੇ ਸਮਾਨੀਆ ਗੇਟ) ਤੋਂ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਵੱਲੋਂ ਐਸ.ਬੀ.ਆਈ ਦੇ ਏ.ਟੀ.ਐਮ ਨੂੰ ਕੱਟਕੇ ਨਗ਼ਦੀ ਚੋਰੀ ਕੀਤੇ ਜਾਣ ਬਾਰੇ ਸੂਚਨਾ ਮਿਲੀ ਸੀ। ਇਸ ‘ਤੇ ਮੁਕੱਦਮਾ ਨੰਬਰ 64 ਮਿਤੀ 17/03/2019 ਅ/ਧ 457,380 ਹਿੰ:ਦੰ: ਥਾਣਾ ਕੋਤਵਾਲੀ ਪਟਿਆਲਾ ਦਰਜ ਕਰਕੇ ਤਫਤੀਸ ਅਰੰਭੀ ਗਈ ਤੇ ਬਾਅਦ ਵਿੱਚ ਜੁਰਮ 420, 409, 467, 468, 471, 120 ਦਾ ਵਾਧਾ ਕੀਤਾ ਗਿਆ ਸੀ।
ਐਸ.ਐਸ.ਪੀ. ਨੇ ਦੱਸਿਆ ਉਨ੍ਹਾਂ ਨੇ ਇਸ ਮੌਕੇ ਦਾ ਖ਼ੁਦ ਜਾਇਜ਼ਾ ਲਿਆ ਤੇ ਇਸ ਵਾਰਦਾਤ ਨੂੰ ਹੱਲ ਕਰਨ ਲਈ ਕਪਤਾਨ ਪੁਲਿਸ ਸਿਟੀ ਸ੍ਰੀ ਹਰਮਨਦੀਪ ਸਿੰਘ ਹਾਂਸ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ, ਉਪ ਕਪਤਾਨ ਪੁਲਿਸ ਸਿਟੀ-1 ਸ੍ਰੀ ਯੋਗੇਸ ਸ਼ਰਮਾ, ਉਪ ਕਪਤਾਨ ਪੁਲਿਸ ਸਪੈਸਲ ਬਰਾਂਚ ਸ੍ਰੀ ਕ੍ਰਿਸਨ ਕੁਮਾਰ, ਸਪੈਸ਼ਲ ਬਰਾਂਚ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਸਬਜੀ ਮੰਡੀ ਐਸ.ਆਈ ਸਾਹਿਬ ਸਿੰਘ ਦੀਆਂ ਟੀਮਾਂ ਦਾ ਗਠਨ ਕੀਤਾ। ਇਨ੍ਹਾਂ ਟੀਮਾਂ ਵੱਲੋ ਵੱਖ-ਵੱਖ ਪਹਿਲੂਆਂ ‘ਤੇ ਕੀਤੀ ਜਾਂਚ ਦੌਰਾਨ ਏ.ਟੀ.ਐਮਾਂ ਵਿੱਚ ਕੈਸ਼ ਪਾਉਣ ਵਾਲੀਆਂ ਕੰਪਨੀਆ ਸੀ.ਐਮ.ਐਸ. ਤੇ ਐਫ਼.ਐਸ.ਐਸ. (ਕੈਸ਼ ਮਨੈਜਮੈਂਟ ਸਿਟਸਮ ਮੁੰਬਈ ਅਤੇ ਫਾਇਨੈਸ਼ਨਲ ਸਾਫਟਵੇਅਰ ਤੇ ਸਰਵਿਜਸ ਚੇਨਈ) ਨਾਲ ਤਾਲਮੇਲ ਕੀਤਾ ਅਤੇ ਏ.ਟੀ.ਐਮਾਂ ਵਿੱਚ ਕੈਸ਼ ਪਾਉਣ ਵਾਲੇ ਕਸਟੋਡੀਅਨ ਤੇ ਕੈਸ਼ ਲੋਡਰਾਂ ਦਾ ਰਿਕਾਰਡ ਹਾਸਲ ਕਰਕੇ ਪੜਤਾਲ ਕਰਨੀ ਸੁਰੂ ਕੀਤੀ। ਇਸ ਤੋਂ ਸਾਹਮਣੇ ਆਇਆ ਕਿ ਇਹ ਸਾਰਾ ਘਪਲਾ ਹੀ ਇਨ੍ਹਾਂ ਕੈਸ਼ ਲੋਡਰਾਂ ਵੱਲੋਂ ਕੀਤਾ ਗਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਪੜਤਾਲ ਦੌਰਾਨ ਡੀ.ਐਸ.ਪੀ.. ਸਿਟੀ-1 ਸ੍ਰੀ ਯੋਗੇਸ ਸ਼ਰਮਾ ਨੂੰ ਗੁਪਤ ਸੂਚਨਾ ਮਿਲੀ ਕਿ ਏ.ਟੀ.ਐਮ. ਵਿੱਚ ਕੈਸ਼ ਪਾਉਣ ਵਾਲੇ ਕੈਸ਼ ਲੋਡਰਾਂ ਵੱਲੋ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਇਸ ਦੀ ਹੋਰ ਡੁੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਪੜਤਾਲ ਦੌਰਾਨ ਪਤਾ ਲੱਗਾ ਕਿ ਕੈਸ਼ ਲੋਡਰ ਰਜਿੰਦਰ ਸਿੰਘ ਉਰਫ ਬੰਟੀ, ਬਲਵਿੰਦਰ ਸਿੰਘ ਉਰਫ ਮੋਨੂੰ, ਦੀਪਕ ਰਾਏ, ਡਰਾਇਵਰ ਧਰਮਪਾਲ ਅਤੇ ਨੌਕਰੀ ਤੋਂ ਕੱਢਿਆ ਗਿਆ ਕੈਸ਼ ਲੋਡਰ ਦੀਪਕ ਤਿਵਾੜੀ ਹੀ ਅਸਲ ਮੁਜ਼ਰਿਮ ਹਨ। ਇਨ੍ਹਾਂ ਵੱਲੋਂ ਪਿਛਲੇ ਸਮੇਂ ਕਰੰਸੀ ਚੈਸਟਾਂ ਵਿੱਚੋਂ ਕਢਵਾਏ ਪੈਸੇ ਅਤੇ ਏ.ਟੀ.ਐਮ ਵਿੱਚ ਤੇ ਸਬੰਧਤ ਏ.ਟੀ.ਐਮ ਵਿੱਚ ਲੋਡ ਕੀਤੇ ਕੈਸ ਵਿੱਚ ਵੀ ਕਾਫੀ ਫਰਕ ਪਾਇਆ ਗਿਆ, ਜਿਸ ਤੇ ਇਨ੍ਹਾਂ ਦੀ ਭਾਲ ਕਰਨੀ ਸੁਰੂ ਕਰ ਦਿੱਤੀ ਗਈ।
ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 21 ਮਾਰਚ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੀਪਕ ਰਾਏ ਉਰਫ ਦੀਪਕ ਪੁੱਤਰ ਨਾਥਾ ਰਾਮ ਵਾਸੀ ਈ.ਡਬਲਿਯੂ ਕੁਆਟਰ ਐਸ.ਐਸ.ਟੀ.ਨਗਰ ਪਟਿਆਲਾ, ਰਜਿੰਦਰ ਸਿੰਘ ਉਰਫ ਬੰਟੀ ਪੁੱਤਰ ਮਲਕੀਤ ਸਿੰਘ ਵਾਸੀ ਅਰੋੜਿਆ ਵਾਲਾ ਮੁਹੱਲਾ ਪਟਿਆਲਾ, ਧਰਮ ਪਾਲ ਉਰਫ ਧਰਮਾ ਪੁੱਤਰ ਗੁਰਨਾਮ ਦਾਸ ਵਾਸੀ ਗਲੀ ਨੰਬਰ 15 ਸੀ, ਅਨੰਦ ਨਗਰ ਬੀ ਪਟਿਆਲਾ, ਦੀਪਕ ਤਿਵਾੜੀ ਉਰਫ ਦੀਪਕ ਪੁੱਤਰ ਜਤਿੰਦਰ ਤਿਵਾੜੀ ਵਾਸੀ ਮਾਥੁਰਾ ਕਲੋਨੀ ਪਟਿਆਲਾ, ਬਲਵਿੰਦਰ ਸਿੰਘ ਉਰਫ ਮੋਨੂੰ ਪੁੱਤਰ ਗਰੀਬ ਸਿੰਘ ਵਾਸੀ ਗਲੀ ਨੰਬਰ 1 ਧੀਰੂ ਕੀ ਮਾਜਰੀ ਪਟਿਆਲਾ ਨੂੰ ਡਕਾਲਾ ਚੁੰਗੀ ਤੋਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਏ.ਟੀ.ਐਮ ਮਸੀਨ ਨੂੰ ਕੱਟਣ ਵਾਲੇ ਔਜਾਰ ਅਤੇ ਚੋਰੀ ਕੀਤੀ ਕਰੰਸੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਇਹ ਸਾਰੇ ਕੈਸ਼ ਲੋਡਿੰਗ ਕੰਪਨੀ ਸੀ.ਐਮ.ਐਸ. ਤੇ ਐਫ਼.ਐਸ.ਐਸ ਦੇ ਮੁਲਾਜਮ ਹਨ, ਇੰਨ੍ਹਾਂ ਵਿੱਚੋ ਦੀਪਕ ਤਿਵਾੜੀ ਕਰੀਬ ਡੇਢ ਸਾਲ ਪਹਿਲਾ ਕੈਸ਼ ਘੱਟਣ ਕਰਕੇ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਇਸ ਗਿਰੋਹ ਦਾ ਮੁੱਖ ਸਰਗਣਾ ਰਜਿੰਦਰ ਸਿੰਘ ਉਰਫ ਬੰਟੀ ਹੈ ਇਹ ਸਾਰੇ ਵਿਅਕਤੀ ਸੀ.ਐਮ.ਐਸ. ਤੇ ਐਫ਼.ਐਸ.ਐਸ ਕੰਪਨੀ ਵਿੱਚ ਬਤੌਰ ਕੈਸ਼ ਲੋਡਰ, ਡਰਾਇਵਰ ਦਾ ਕੰਮ ਕਰਦੇ ਆ ਰਹੇ ਹਨ। ਇਹ ਸਾਰੇ ਹੀ ਚੈਸਟ ਤੋਂ ਕੈਸ਼ ਹਾਸਲ ਕਰਕੇ ਵੱਖ-ਵੱਖ ਏ.ਟੀ.ਐਮ ਵਿੱਚ ਕੈਸ਼ ਪਾਉਦੇ ਸਨ, ਇਨ੍ਹਾਂ ਨੇ ਸਾਲ 2014 ਤੋਂ ਹੇਰਾਫੇਰੀ ਨਾਲ ਕੈਸ ਵਿੱਚ ਘਪਲੇਬਾਜੀ ਕਰਨੀ ਸੁਰੂ ਕਰ ਦਿੱਤੀ ਸੀ, ਜਿੰਨਾ ਕੈਸ਼ ਪਾਉਣ ਲਈ ਇਹਨਾ ਨੂੰ ਦਿੱਤਾ ਜਾਂਦਾ ਸੀ, ਉਸ ਕੈਸ਼ ਵਿੱਚੋਂ ਏ.ਟੀ.ਐਮਾਂ ਦੇ ਕੈੋਸ਼ ਦੀ ਅਦਲਾ ਬਦਲੀ ਕਰਕੇ, ਇਕ ਦੂਜੇ ਏ.ਟੀ.ਐਮ ਵਿੱਚ ਪਾਉਦੇ ਰਹਿੰਦੇ ਸਨ। ਜੋ ਏ.ਟੀ.ਐਮ ਵਿੱਚ ਪੂਰਾ ਕੈਸ਼ ਨਹੀਂ ਸਨ ਪਾਉਂਦੇ ਤੇ ਘੱਟ ਕੈਸ਼ ਪਾਕੇ ਏ.ਟੀ.ਐਮ ਵਿੱਚ ਪੂਰਾ ਕੈਸ਼ ਲੋਡ ਕਰਨ ਬਾਰੇ ਕੰਪਨੀ ਦੇ ਹੈਡਕੁਆਟਰ ‘ਤੇ ਕੈਸ਼ ਲੋਡ ਕਰਨ ਵਾਲਿਆਂ ਵੱਲੋਂ ਇਤਲਾਹ ਦਿੱਤੀ ਜਾਂਦੀ ਸੀ।
ਸ. ਸਿੱਧੂ ਨੇ ਹੋਰ ਦੱਸਿਆ ਕਿ ਨਵੰਬਰ 2016 ਵਿੱਚ ਨੋਟਬੰਦੀ ਸਮੇਂ ਤੱਕ ਇਹ ਏ.ਟੀ.ਐਮ ਦੇ ਕੈਸ਼ ਨਾਲ ਘਪਲੇਬਾਜੀ ਕਰਕੇ ਕਰੀਬ 18-19 ਲੱਖ ਰੁਪਏ ਦੀ ਹੇਰਾਫੇਰੀ ਕਰ ਚੁੱਕੇ ਸਨ ਤੇ ਮਗਰੋਂ ਇਨ੍ਹਾਂ ਨੇ ਇਹ ਪੈਸਾ ਇੱਕਠਾ ਕਰਕੇ ਦੁਬਾਰਾ ਏ.ਟੀ.ਐਮਾਂ ਵਿੱਚ ਪਾ ਦਿੱਤਾ ਸੀ। ਬਾਅਦ ‘ਚ ਇਨ੍ਹਾਂ ਨੇ ਫਿਰ ਘਪਲੇਬਾਜੀ ਕਰਕੇ ਇਹ ਜਮਾ ਕੀਤਾ ਪੈਸਾ ਆਪਣੇ ਜਾਣਕਾਰੲ ਪਾਸੋਂ ਲਿਆ ਦੁਬਾਰਾ ਵੱਖ ਵੱਖ ਏ.ਟੀ.ਐਮਾਂ ਵਿੱਚੋਂ ਕੈਸ਼ ਕੱਢਕੇ ਵਾਪਸ ਕਰ ਦਿੱਤਾ ਸੀ ਅਤੇ ਦੁਬਾਰਾ ਸਾਲ 2017 ਤੋਂ ਆਪਣੀ ਪਹਿਲਾ ਵਾਲੇ ਤਰੀਕੇ ਰਾਹੀਂ ਏ.ਟੀ.ਐਮ ਵਿੱਚ ਲੋਡ ਕਰਨ ਵਾਲਾ ਕੈਸ਼ ਖੁਰਦ ਬੁਰਦ ਕਰਨਾ ਸ਼ੁਰੂ ਕਰ ਦਿੱਤਾ ਪ੍ਰੰਤੂ ਹੁਣ ਪੀ.ਐਨ.ਬੀ ਬੈਂਕ ਦੇ ਜਿਹੜੇ 8 ਏ.ਟੀ.ਐਮ ਬੈਂਕ ਕਲੋਨੀ, ਰਿਯਾਤ ਬਾਹਰਾ ਭਵਾਨੀਗੜ੍ਹ ਰੋਡ, ਦੇਵੀਗੜ੍ਹ, ਤੇਜਬਾਗ ਕਲੋਨੀ, ਅਰਬਨ ਅਸਟੇਟ 3-ਫੇਸ, ਬਾਰਨ, ਹੋਟਲ ਚਿਨਾਰ ਬੱਸ ਸਟੈਂਡ ਆਦਿ ਵਿੱਚ ਕੈਸ਼ ਪਾਉਦੇ ਸੀ ਉਹ ਬੰਦ ਹੋ ਰਹੇ ਸਨ, ਜਿਸ ‘ਤੇ ਇਹਨਾ ਏ.ਟੀ.ਐਮ ਦੀ ਰਾਸ਼ੀ ਕਰੀਬ 36 ਲੱਖ 50 ਹਜਾਰ ਰੁਪਏ ਘਟ ਰਹੀ ਸੀ ਤੇ ਇਹ ਇਹਨਾਂ ਨੂੰ ਜਮ੍ਹਾਂ ਕਰਾਉਣੀ ਪੈਣੀ ਸੀ ਪਰੰਤੂ ਇਨ੍ਹਾਂ ਕੋਲ ਇਹ ਰਾਸ਼ੀ ਨਾ ਹੋਣ ਦੀ ਸੂਰਤ ਵਿਚ ਇਨ੍ਹਾਂ ਨੇ ਆਪਣੀ ਘਪਲੇਬਾਜੀ ਦਾ ਪਰਦਾ ਫਾਸ ਹੋ ਜਾਣ ਦੇ ਡਰੋਂ ਇਨ੍ਹਾਂ ਨੇ 2-ਤਿੰਨ ਮਹੀਨਿਆ ਤੋਂ ਇਸ ਕੈਸ਼ ਨੂੰ ਪੂਰਾ ਕਰਨ ਦੀ ਵਿਉਤਬੰਦੀ ਕੀਤੀ ਜਾ ਰਹੀ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਤਰ੍ਹਾਂ ਇਨ੍ਹਾਂ ਨੇ ਇਹ ਸਾਜਿਸ ਬਣਾਈ ਕਿ ਜਿਸ ਏ.ਟੀ.ਐਮ ਵਿੱਚ ਸਭ ਤੋ ਵੱਧ ਪੈਸੇ ਹੁੰਦੇ ਹਨ ਉਸ ਏ.ਟੀ.ਐਮ ਵਿੱਚ ਬਣਦਾ ਕੈਸ਼ ਨਾ ਲੋਡ ਕੀਤਾ ਜਾਵੇ ਅਤੇ ਉਸ ਏ.ਟੀ.ਐਮ ਨੂੰ ਹੀ ਤੋੜਕੇ ਇਸ ਵਿਚੋਂ ਚੋਰੀ ਦਿਖਾਈ ਜਾਵੇ। ਜਿਸ ਤਹਿਤ ਇਨ੍ਹਾਂ ਵੱਲੋ ਇਕ ਮਹੀਨੇ ਤੋਂ ਸਮਾਨੀਆ ਗੇਟ ਵਾਲੇ ਏ.ਟੀ.ਐਮ ਨੂੰ ਟਾਰਗੇਟ ਕੀਤਾ ਗਿਆ ਤੇ ਇਸ ਏ.ਟੀ.ਐਮ ਵਿੱਚ ਕੈਸ਼ ਲੋਡ ਕਰਨ ਸਮੇਂ ਇਸ ਏ.ਟੀ.ਐਮ ਨੂੰ ਕੱਟਣਾ ਸੁਰੂ ਕਰ ਦਿੱਤਾ ਅਤੇ ਮਿਤੀ 16 ਮਾਰਚ 2019 ਨੂੰ ਇਸ ਏ.ਟੀ.ਐਮ ਵਿੱਚ ਇਹਨਾਂ ਨੇ 27 ਲੱਖ ਰੁਪਏ ਪਾਉਣ ਦੀ ਐਂਟਰੀ ਤਾਂ ਦਿਖਾ ਦਿੱਤੀ ਪਰ ਇਸ ਏ.ਟੀ.ਐਮ ਵਿਚ 27 ਲੱਖ ਕੈਸ਼ ਪਾਇਆ ਹੀ ਨਹੀ ਤਾਂ ਕਿ ਏ.ਟੀ.ਐਮ ਦਾ ਬੇਲੈਂਸ ਕਰੀਬ 36 ਲੱਖ ਰੁਪਏ ਦੇ ਆਸ ਪਾਸ ਬਣਦਾ ਸੀ। ਇਸ ਤੋਂ ਬਾਅਦ ਇੰਨ੍ਹਾਂ ਨੇ ਉਸੇ ਰਾਤ ਪਹਿਲਾ ਤੋਂ ਹੀ ਤੋੜੇ ਜਾ ਰਹੇ ਏ.ਟੀ.ਐਮ ਵਿੱਚ ਆਪਣਾ ਭੇਸ ਬਦਲਕੇ ਏ.ਟੀ.ਐਮ ਨੂੰ ਪੂਰੀ ਤਰਾਂ ਤੋੜ ਦਿੱਤਾ ਤੇ ਕੈਸ਼ ਵਾਲੀਆ ਟਰੇਆਂ ਬਾਹਰ ਕੱਢ ਦਿੱਤੀਆ ਅਤੇ ਏ.ਟੀ.ਐਮ ਵਿਚ ਬਾਕੀ ਪਿਆ ਕੈਸ਼ ਵੀ ਚੋਰੀ ਕਰ ਲਿਆ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਮਿਤੀ 16-17 ਮਾਰਚ ਦੀ ਦਰਮਿਆਨੀ ਰਾਤ ਨੂੰ ਬਹੁਤ ਹੀ ਚਲਾਕੀ ਨਾਲ ਦਿੱਤਾ ਗਿਆ ਅਤੇ ਏ.ਟੀ.ਐਮ ਦੇ ਕੈਮਰਿਆਂ ‘ਤੇ ਵੀ ਸਪਰੇਅ ਕਰ ਦਿੱਤੀ ਤੇ ਮੂੰਹ ਬੰਨਕੇ ਏ.ਟੀ.ਐਮ ਵਿਚ ਦਾਖਲ ਹੋਏ, ਅਗਲੇ ਦਿਨ ਰਜਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੇ ਆਪਣੇ ਸੀਨੀਅਰਾਂ ਨੂੰ ਜਾਣਬੁੱਝ ਕੇ ਦੇਰੀ ਨਾਲ ਇਤਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਾਰੀ ਚੋਰੀ ਦੀ ਸਾਜਿਸ ਰੱਚਕੇ ਪੀ.ਐਨ.ਬੀ ਬੈਂਕ ਦੇ ਘੱਟ ਰਹੇ 36 ਲੱਖ ਰੁਪਏ ਕੈਸ਼ ਨੂੰ ਪੂਰਾ ਕਰਨ ਲਈ ਇਹ ਪਹਿਲਾਂ ਘੜੀ ਸਾਜਿਸ਼ ਤਹਿਤ ਹੀ ਚੋਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪਟਿਆਲਾ ਦੀਆਂ ਵੱਖ ਵੱਖ ਕੈਸ਼ ਚੈਸਟਾਂ, ਐਸ.ਬੀ.ਆਈ ਸਾਂਈ ਮਾਰਕੀਟ ਪਟਿਆਲਾ, ਪੀ.ਐਨ.ਬੀ ਮਾਡਲ ਟਾਉਨ, ਓ.ਬੀ.ਸੀ ਅਨਾਜ ਮੰਡੀ ਵਗੈਰਾ ਵਿਚੋਂ ਕੈਸ਼ ਲੈਦੇ ਸਨ ਤੇ 26 ਏ.ਟੀ.ਐਮ ਵਿਚ ਕੈਸ਼ ਪਾਉਦੇ ਸਨ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੇ ਬੈਂਕਾਂ ਲਈ ਖ਼ਤਰੇ ਦੀ ਘੰਟੀ ਵਜਾਈ ਹੈ, ਕਿਉਂਕਿ ਲੋਕਾਂ ਦਾ ਬੈਂਕਾਂ ਰਾਹੀਂ ਏ.ਟੀ.ਐਮਜ ਪਿਆ ਪੈਸਾ ਅਜਿਹੇ ਸ਼ਾਤਰ ਲੋਕਾਂ ਦੇ ਸਹਾਰੇ ਸੁਰੱਖਿਅਤ ਨਹੀਂ ਰਹਿ ਸਕਦਾ, ਕਿਉਂਕਿ ਏ.ਟੀ.ਐਮ ਮਸ਼ੀਨਾਂ ਵਿੱਚ ਵੀ ਕਈ ਖਾਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ, ਜਿਸ ਲਈ ਡੀ.ਜੀ.ਪੀ. ਰਾਹੀਂ ਬੈਂਕ ਅਥਾਰਟੀ ਨੂੰ ਲਿਖਿਆ ਜਾ ਰਿਹਾ ਹੈ ਕਿ ਬੈਂਕ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਆਡਿਟ ਕਰਵਾਇਆ ਜਾਵੇ ਅਤੇ ਬੈਕਿੰਗ ਦੇ ਸਿਸਟਮ ਵਿੱਚ ਸੁਧਾਰ ਲਿਆਇਆ ਜਾਵੇ।
ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ, ਹੁੱਣ ਤੱਕ ਦੀ ਤਫਤੀਸ ਤੋ ਕਰੀਬ 70 ਲੱਖ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ ਅਤੇ ਦੋਸੀਆ ਵੱਲੋ ਕੀਤੇ ਘਪਲੇ ਦੀ ਵਿਸਥਾਰ ਵਿੱਚ ਬੈਕ ਦੇ ਰਿਕਾਰਡ ਨੂੰ ਜਾਂਚ ਕੇ ਤਫਤੀਸ ਕੀਤੀ ਜਾਵੇਗੀ ਅਤੇ ਦੋਸੀਆਨ ਵੱਲੋ ਘਪਲੇ ਕੀਤੇ ਗਏ ਪੈਸੇ ਦੀ ਵੀ ਡੁੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ ਤੇ ਜੇਕਰ ਕੋਈ ਬੈਂਕ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ, ਵਰਨਾ, ਸੈਟਰੋ, ਆਈ-10 ਕਾਰ ઠਸਮੇਤ ਪਲਸਰ, ਟਵਿਟਰ ਹੌਂਡਾ ਮੋਟਰਸਾਇਕਲ, ਐਕਟਿਵਾ ਤੇ ਸਕੂਟਰੀ ਵੀ ਬਰਾਮਦ ਹੋਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. ਸਿਟੀ ਸ੍ਰੀ ਹਰਮਨ ਹਾਂਸ, ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਸਿਟੀ ਸ੍ਰੀ ਯੁਗੇਸ਼ ਸ਼ਰਮਾ, ਸਪੈਸ਼ਲ ਬਰਾਂਚ ਦੇ ਇੰਸਪੈਕਟਰ ਸ. ਸ਼ਮਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।