Patiala preparing for Dengue

July 30, 2018 - PatialaPolitics

ਪਟਿਆਲਾ ਜ਼ਿਲ੍ਹੇ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਸਿਹਤ ਅਤੇ ਦੂਸਰੇ ਵਿਭਾਗਾਂ ਦੀ ਸਰਗਰਮ ਸ਼ਮੂਲੀਅਤ ਨਾਲ ਤਿਆਰ ਕੀਤੀਆਂ ਇਹ ਟੀਮਾਂ ਜ਼ਿਲ੍ਹੇ ਵਿੱਚ ਡੇਂਗੂ ਦੇ ਲਾਰਵੇ ਨੂੰ ਜਿੱਥੇ ਨਸ਼ਟ ਕਰਨ ਲਈ ਘਰਾਂ ਅਤੇ ਬਾਹਰਲੇ ਇਲਾਕਿਆਂ ਵਿੱਚ ਖੜ੍ਹੇ ਪਾਣੀ ਨੂੰ ਚੈਕ ਕਰਨਗੀਆਂ ਉੱਥੇ ਹੀ ਲੋਕਾਂ ਨੂੰ ਵੀ ਜਾਗਰੂਕ ਕਰਕੇ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਵੀ ਕਰਨਗੀਆਂ।

ਡੇਂਗੂ ਦੇ ਖਾਤਮੇਂ ਲਈ ਜ਼ਿਲ੍ਹੇ ਵਿੱਚ ਆਰੰਭੀ ਗਈ ਇਸ ਵਿਸ਼ੇਸ਼ ਮੁਹਿੰਮ ਦੀ ਰਣਨੀਤੀ ਤਹਿ ਕਰਨ ਲਈ ਅੱਜ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਸਮੂਹ ਵਿਭਾਗਾਂ ਨਾਲ ਕੀਤੀ ਇੱਕ ਐਮਰਜੈਂਸੀ ਮੀਟਿੰਗ ਦੌਰਾਨ ਸਾਰੇ ਵਿਭਾਗਾਂ ਨੂੰ ਡੇਂਗੂ ਦੇ ਖਾਤਮੇ ਲਈ ਸਰਗਰਮ ਭੂਮਿਕਾ ਨਿਭਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ।

ਡਿਪਟੀ ਕਮਿਸ਼ਨਰ ਨੇ ਟੀਮਾਂ ਵਿੱਚ ਸ਼ਾਮਿਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘਰ-ਘਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਕਿਸੇ ਵੀ ਹਾਲਤ ਵਿੱਚ ਦੋ ਜਾਂ ਤਿੰਨ ਦਿਨ ਤੋਂ ਵੱਧ ਕਿਸੇ ਵੀ ਬਰਤਨ, ਕੂਲਰ, ਫਰਿੱਜ ਦੀ ਟਰੇਅ, ਗਮਲੇ, ਪੁਰਾਣੇ ਟਾਇਰ, ਮਨੀ ਪਲਾਂਟ ਅਤੇ ਹੋਰ ਕੋਈ ਵੀ ਸਮਾਨ ਜਿਸ ਵਿੱਚ ਪਾਣੀ ਖੜ੍ਹਾ ਹੋਵੇ ਤੁਰੰਤ ਪਾਣੀ ਖਾਲੀ ਕਰਵਾਇਆ ਜਾਵੇ ਅਤੇ ਡੇਂਗੂ ਦਾ ਲਾਰਵਾ ਮਿਲਣ ‘ਤੇ ਲਾਰਵਾ ਨਸ਼ਟ ਕਰਨ ਵਾਲੀ ਦਵਾਈ ਛਿੜਕਾਈ ਜਾਵੇ ਅਤੇ ਜਿਸ ਥਾਂ ਤੋਂ ਲਾਰਵਾ ਮਿਲਦਾ ਹੈ ਉਹਨਾਂ ਦੇ ਚਲਾਣ ਵੀ ਕੱਟੇ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦਾ ਲਾਰਵਾ ਮਿਲਣ ਵਾਲੇ ਘਰਾਂ/ਦੁਕਾਨਾਂ ਤੇ ਹੋਰ ਸਥਾਨਾਂ ਦੇ 140 ਚਲਾਣ ਕੱਟੇ ਗਏ ਹਨ।

ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਡੇਂਗੂ ਮਨੁੱਖਾਂ ਲਈ ਜਾਨ ਲੇਵਾ ਸਾਬਤ ਹੋ ਸਕਦਾ ਹੈ ਜੇ ਅਸੀਂ ਪਹਿਲਾਂ ਹੀ ਇਸ ਬਾਰੇ ਸੁਚੇਤ ਹੋ ਜਾਈਏ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦੇ ਪ੍ਰਕੋਪ ਤੋਂ ਬਚਣ ਲਈ ਉਹ ਤੁਰੰਤ ਹਰਕਤ ਵਿੱਚ ਆਉਣ ਅਤੇ ਡੇਂਗੂ ਦੇ ਲਾਰਵੇ ਦਾ ਕਾਰਨ ਬਣਦੇ ਖੜ੍ਹੇ ਪਾਣੀ ਨੂੰ ਤੁਰੰਤ ਸਾਫ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲੇ ਦੀਆਂ ਸਬ ਡਵੀਜ਼ਨਾਂ ਨਾਭਾ, ਸਮਾਣਾ, ਪਾਤੜਾਂ, ਰਾਜਪੁਰਾ ਤੇ ਦੂਧਨਸਾਧਾਂ ਦੇ ਹਲਕਿਆਂ ਤੋਂ ਪਿੰਡਾਂ ਵਿੱਚ ਡੇਂਗੂ ਦੇ ਲਾਰਵੇ ਦੇ ਖਾਤਮੇ ਲਈ ਸਿਹਤ, ਪੰਚਾਇਤ, ਆਂਗਨਵਾੜੀ ਵਰਕਰ ਤੇ ਹੋਰ ਵਿਭਾਗਾਂ ਨੂੰ ਵੱਡੀ ਪੱਧਰ ‘ਤੇ ਸਾਂਝੀ ਮੁਹਿੰਮ ਚਲਾਉਣ ਦੇ ਆਦੇਸ਼ ਜਾਰੀ ਕੀਤੇ ਹਨ ਉੱਥੇ ਹੀ ਪਟਿਆਲਾ ਸ਼ਹਿਰ ਵਿੱਚ ਡੇਂਗੂ ਨਾਲ ਨਜਿੱਠਣ ਲਈ ਵਾਰਡ ਵਾਈਜ਼ ਰਣਨੀਤੀ ਤਿਆਰ ਕੀਤੀ ਗਈ ਹੈ ਜਿਸ ਤਹਿਤ ਦੋ-ਦੋ ,ਤਿੰਨ-ਤਿੰਨ ਵਾਰਡਾਂ ਦੇ ਕਲਸਟਰ ਬਣਾ ਕੇ ਇਹਨਾਂ ਲਈ ਉੱਥੇ ਇੱਕ-ਇੱਕ ਗਜਟਿਡ ਅਧਿਕਾਰੀ ਦੀ ਨਿਗਰਾਨੀ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਪਟਿਆਲਾ ਦੇ ਵਾਰਡ ਨੰ: 1 ਤੋਂ 3 ਤੱਕ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ, 4 ਤੋਂ 6 ਤੱਕ ਪੀ.ਡਬਲਿਯੂ ਡੀ ਦੇ ਐਕਸੀਅਨ ਇਲੈਕਟਰੀਕਲ ਡਵੀਜ਼ਨ, ਵਾਰਡ ਨੰਬਰ 7 ਤੋਂ 9 ਲਈ ਐਕਸੀਅਨ ਮਕੈਨੀਕਲ ਪੀ. ਡਬਲਿਯੂ ਡੀ., ਵਾਰਡ ਨੰਬਰ 10 ਤੋਂ 12 ਲਈ ਮਿਊਂਸੀਪਲ ਕਾਰਪੋਰੇਸ਼ਨ ਦੇ ਐਸ.ਈ., ਵਾਰਡ ਨੰਬਰ 13 ਤੋਂ 15 ਲਈ ਡੀ.ਡੀ.ਪੀ.ਓ., ਵਾਰਡ ਨੰਬਰ 16 ਤੋਂ 18 ਲਈ ਡੀ.ਈ.ਓ. ਸੈਕੰਡਰੀ, ਵਾਰਡ ਨੰਬਰ 19 ਤੋਂ 21 ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ, ਵਾਰਡ ਨੰਬਰ 51, 22 ਤੇ 23 ਲਈ ਜ਼ਿਲ੍ਹਾ ਖੇਡ ਅਫ਼ਸਰ, ਵਾਰਡ ਨੰਬਰ 26,30 ਤੋਂ 31 ਲਈ ਜ਼ਿਲ੍ਹਾ ਮੰਡੀ ਅਫ਼ਸਰ, ਵਾਰਡ ਨੰਬਰ 43 ਤੋਂ 45 ਲਈ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ, ਵਾਰਡ ਨੰਬਰ 48 ਤੋਂ 50 ਲਈ ਮੁੱਖ ਖੇਤੀਬਾੜੀ ਅਫ਼ਸਰ, ਵਾਰਡ ਨੰਬਰ 32,37,38 ਲਈ ਡਿਪਟੀ ਡਾਇਰੈਕਟਰ ਬਾਗਬਾਨੀ, 39,40,41 ਲਈ ਡਿਪਟੀ ਡਾਇਰੈਕਟਰ ਮੱਛੀ ਪਾਲਣ, ਵਾਰਡ ਨੰਬਰ 42,46,47 ਲਈ ਐਮ.ਡੀ.ਵੇਅਰ ਹਾਊਸ, ਵਾਰਡ ਨੰਬਰ 33 ਤੋਂ 35 ਲਈ ਡੀ.ਐਮ. ਮਾਰਕਫੈਡ, ਵਾਰਡ ਨੰਬਰ 36,53,56 ਲਈ ਡੀ.ਐਮ. ਪੰਜਾਬ ਐਗਰੋ, ਵਾਰਡ ਨੰਬਰ 57,58,24 ਲਈ ਉੱਪ ਅਰਥ ਤੇ ਅੰਕੜਾ ਸਲਾਹਕਾਰ, 25,27 ਤੇ 28 ਲਈ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ, 29,51ਅਤੇ 52 ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ 54,55,59 ਤੇ ਵਾਰਡ ਨੰਬਰ 60 ਲਈ ਸਹਾਇਕ ਕੰਟਰੋਲਰ ਪ੍ਰਿਟਿੰਗ ਪ੍ਰੈਸ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਅਧਿਕਾਰੀ ਨਗਰ ਨਿਗਮ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਆਧਾਰਿਤ ਟੀਮਾਂ ਦੀ ਅਗਵਾਈ ਕਰਕੇ ਆਪਣੇ-ਆਪਣੇ ਵਾਰਡਾਂ ਵਿੱਚ ਡੇਂਗੂ ਦੇ ਖਾਤਮੇ ਲਈ ਕੰਮ ਕਰਨਗੇ।

ਅੱਜ ਦੀ ਮੀਟਿੰਗ ਵਿੱਚ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ, ਸਿਵਲ ਸਰਜਨ ਡਾ: ਹਰੀਸ਼ ਮਲਹੋਤਰਾ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ, ਨਗਰ ਨਿਗਮ ਦੇ ਹੈਲਥ ਅਫ਼ਸਰ ਸ਼੍ਰੀ ਸੁਦੇਸ਼ ਪ੍ਰਤਾਪ ਸਿੰਘ, ਡਾ: ਗੁਰਮਨਜੀਤ ਕੌਰ, ਡਾ: ਗੁਰਮੀਤ ਸਿੰਘ, ਸੈਨੇਟਰੀ ਇੰਸਪੈਕਟਰ ਭਗਵੰਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।