Patiala puts in place teams,plans to tackle bird flu

January 21, 2021 - PatialaPolitics

ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਬਰਡ ਫਲੂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ। ਬਰਡ ਫਲੂ ਦੀ ਪੰਜਾਬ ਵਿੱਚ ਪੁਸ਼ਟੀ ਹੋਣ ਉਪਰੰਤ ਇਹਤਿਆਤ ਵਜੋਂ ਜ਼ਿਲ੍ਹੇ ਵਿੱਚ ਚੁੱਕੇ ਜਾ ਕਦਮਾਂ ਅਤੇ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ‘ਤੇ ਇਸ ਤੋਂ ਬਚਾਅ ਲਈ ਤੁਰੰਤ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬੰਧਤ ਅਧਿਕਾਰੀ ਆਪਣੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਰੋਜ਼ਾਨਾ ਰਿਪੋਰਟ ਦੇਣਗੇ।
ਅੱਜ ਇੱਥੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ‘ਚ ਪਸ਼ੂ ਪਾਲਣ ਵਿਭਾਗ ਵੱਲੋਂ ਲਏ ਜਾਂਦੇ ਮਾਸਕ ਨਮੂਨਿਆਂ ‘ਚ ਹਾਲਾਂ ਤੱਕ ਕੋਈ ਵੀ ਬਰਡ ਫਲੂ ਦਾ ਕੇਸ ਸਾਹਮਣੇ ਨਹੀਂ ਆਇਆ, ਇਸ ਲਈ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ। ਉਨ੍ਹਾਂ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਬੂਤਰ, ਕਾਂ, ਹੰਸ, ਤੋਤਿਆਂ ਤੇ ਮੁਰਗੀਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਅਜਿਹੇ ਪੰਛੀਆਂ ਦੇ ਅਚਾਨਕ ਮਰਨ ਆਦਿ ਦੀ ਸੂਚਨਾ ਤੁਰੰਤ ਪਸ਼ੂ ਪਾਲਣ ਵਿਭਾਗ ਨੂੰ ਦਿੱਤੀ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਬਰਡ ਫਲੂ ਦੇ ਮੱਦੇਨਜ਼ਰ ਸੰਚਾਰ ਪਲਾਨ ਬਣਾਉਣ ਦੇ ਨਿਰਦੇਸ਼ ਦਿੰਦਿਆਂ ਦੱਸਿਆ ਕਿ ਉਹ ਖ਼ੁਦ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਇਸ ਮਾਮਲੇ ‘ਤੇ ਨਿਗਰਾਨੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਸਬ ਡਵੀਜਨਾਂ ‘ਚ ਸਬ ਡਵੀਜਨਲ ਮੈਜਿਸਟ੍ਰੇਟ, ਪਟਿਆਲਾ ਸ਼ਹਿਰ ‘ਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ਼, ਜ਼ਿਲ੍ਹਾ ਜੰਗਲੀ ਜੀਵ ਸੁਰੱਖਿਆ ਅਫ਼ਸਰ ਤੋਂ ਇਲਾਵਾ ਬਾਕੀ ਸ਼ਹਿਰਾਂ ‘ਚ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ ਅਤੇ ਮਾਰਕੀਟ ਕਮੇਟੀਆਂ ਦੇ ਸਕੱਤਰਾਂ, ਪਟਵਾਰੀਆਂ, ਪੰਚਾਇਤ ਸਕੱਤਰਾਂ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੂਰੀ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਦੀ ਸੂਰਤ ਵਿੱਚ ਆਪਣੇ ਵੱਲੋਂ ਪੁਖ਼ਤਾ ਇੰਤਜ਼ਾਮ ਰੱਖਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕੁਲ 265 ਪੋਲਟਰੀ ਫਾਰਮ ਹਨ, ਜਿਨ੍ਹਾਂ ‘ਤੇ ਖਾਸ ਨਿਗ੍ਹਾ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਅਤੇ ਜੇਕਰ ਕਿਸੇ ਪੋਲਟਰੀ ਫਾਰਮ ਦੇ ਮਾਲਕ ਵੱਲੋਂ ਕੋਈ ਅਣਗਹਿਲੀ ਵਰਤੀ ਜਾਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਇਸ ਮੌਕੇ ਸਿਹਤ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਬਰਡ ਫਲੂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਆਖਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਪੰਛੀਆਂ ਦੇ ਨਮੂਨੇ ਖੇਤਰੀ ਬਿਮਾਰੀ ਖੋਜ ਲੈਬਾਰਟਰੀ ਜਲੰਧਰ ਵਿਖੇ ਭੇਜੇ ਗਏ ਹਨ, ਜਿੱਥੋਂ ਰਿਪੋਰਟ ਨੈਗੇਟਿਵ ਆਈ ਸੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਨੂੰ ਹਦਾਇਤ ਕੀਤੀ ਕਿ ਬਰਡ ਫ਼ਲੂ ਤੋਂ ਮਨੁੱਖੀ ਜਾਨਾਂ ਨੂੰ ਖ਼ਤਰੇ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਅਗਾਊਂ ਪ੍ਰਬੰਧ ਕੀਤੇ ਜਾਣ ਤੇ ਟੈਸਟਿੰਗ ਲਈ ਨਮੂਨੇ ਲੈਣ ਦਾ ਪ੍ਰਬੰਧ ਵੀ ਕੀਤਾ ਜਾਵੇ।
ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਡ ਫ਼ਲੂ ਦੇ ਮੁਢਲੇ ਲੱਛਣਾਂ ਵਿੱਚ ਪੰਛੀ ਦੀ ਕਲਗੀ ਦਾ ਰੰਗ ਨੀਲਾ ਹੋ ਕੇ ਉਸ ਵਿੱਚੋਂ ਲਹੂ ਰਿਸਣਾ, ਲੱਤਾਂ ‘ਤੇ ਲਹੂ ਦੇ ਛੋਟੇ-ਛੋਟੇ ਧੱਬੇ ਪੈਣਾ, ਅੱਖਾਂ ਦੇ ਆਲੇ ਦੁਆਲੇ ਧੱਬੇ ਨਜ਼ਰ ਆਉਣਾ ਤੇ ਨੱਕ/ਚੁੰਝ ਵਿੱਚੋਂ ਪਾਣੀ ਆੳਣਾ ਆਦਿ ਹਨ। ਜੇਕਰ ਜ਼ਿਲ੍ਹੇ ‘ਚ ਕਿਸੇ ਪੰਛੀ ਜਾਂ ਪੋਲਟਰੀ ਫ਼ਾਰਮ ਦੇ ਜਾਨਵਰਾਂ ਵਿੱਚ ਅਜਿਹੇ ਕੋਈ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜੇ ਦੇ ਵੈਟਰਨਰੀ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
ਮੀਟਿੰਗ ‘ਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜਿੰਦਰ ਗੋਇਲ, ਡਾ. ਜੀਵਨ ਗੁਪਤਾ, ਡਾ. ਸੁਮੀਤ ਸਿੰਘ, ਮਾਰਕੀਟ ਕਮੇਟੀ ਸਕੱਤਰ ਅਸ਼ਵਨੀ ਕੁਮਾਰ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਤੋਂ ਪ੍ਰਿਥੀ ਕੁਮਾਰ ਆਦਿ ਮੌਜੂਦ ਸਨ।