Patiala Politics

Patiala News Politics

Patiala ready to face Coronavirus


ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਇਹਤਿਹਾਤ ਵਜੋਂ ਡਿਜ਼ਾਸ਼ਟਰ ਮੈਨੇਜਮੈਂਟ ਐਕਟ-2005 ਦੀ ਧਾਰਾ 65 (1) (B) ਤਹਿਤ ਪਟਿਆਲਾ ਜ਼ਿਲ੍ਹੇ ਦੀਆਂ ਸੱਤ ਸਰਕਾਰੀ ਇਮਾਰਤਾਂ ਅਤੇ ਲੋੜ ਪੈਣ ‘ਤੇ ਨਿੱਜੀ ਹਸਪਤਾਲਾਂ ਨੂੰ ਆਈਸੋਲੇਸ਼ਨ ਅਤੇ ਕੋਆਰਨਟਾਈਨ ਬਲਾਕਾਂ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਇਮਾਰਤਾਂ ਹੁਣ ਅਗਲੇ ਹੁਕਮਾਂ ਤੱਕ ਸਿਵਲ ਸਰਜਨ ਪਟਿਆਲਾ ਦੇ ਕੰਟਰੋਲ ਹੇਠ ਹੋਣਗੀਆਂ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਹ ਹੁਕਮ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਜਿੰਦਰਾ ਹਸਪਤਾਲ ਦਾ ਦੌਰਾ ਕਰਨ ਉਪਰੰਤ ਜਾਰੀ ਕੀਤੇ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਇੰਨਾ ਹੁਕਮਾਂ ਤਹਿਤ ਰਾਜਿੰਦਰਾ ਹਸਪਤਾਲ ਦੇ ਐਮ.ਸੀ.ਐਚ ਬਲਾਕ ਦੀ 5, 6, 7 ਅਤੇ 8ਵੀਂ ਮੰਜ਼ਿਲ, ਸਿਵਲ ਹਸਪਤਾਲ ਮਾਡਲ ਟਾਊਨ, ਬਹਾਵਲਪੁਰ ਪੈਲੇਸ ਪੁਲਿਸ ਲਾਈਨ ਅਤੇ ਰਾਜਿੰਦਰਾ ਹਸਪਤਾਲ ਦੇ ਪਿਛਲੇ ਪਾਸੇ ਸਥਿਤ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਨੂੰ ਕੋਆਰਨਟਾਈਨ ਬਲਾਕਾਂ ਵਿੱਚ ਤਬਦੀਲ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਬਲਾਕਾਂ ਵਿੱਚ ਉਨ੍ਹਾਂ ਮਰੀਜ਼ਾ ‘ਤੇ ਨਜ਼ਰਸਾਨੀ ਰੱਖੀ ਜਾਵੇਗੀ ਜੋ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੇ ਕਿਸੇ ਵੀ ਤਰ੍ਹਾਂ ਸੰਪਰਕ ਵਿੱਚ ਆਏ ਹੋਣ।
ਡਿਜ਼ਾਸ਼ਟਰ ਮੈਨੇਜਮੈਂਟ ਐਕਟ ਤਹਿਤ ਜਾਰੀ ਕੀਤੇ ਇੰਨਾ ਹੁਕਮਾਂ ਤਹਿਤ ਰਾਜਿੰਦਰਾ ਹਸਪਤਾਲ ਦੀ ਆਰਥੋਪੈਡਿਕ ਵਰਕਸ਼ਾਪ, ਰਾਜਿੰਦਰਾ ਹਸਪਤਾਲ ਦੇ ਹੀ ਸੁਪਰ ਸਪੈਸ਼ਲਿਟੀ ਬਲਾਕ ਦੀ ਚੌਥੀ ਮੰਜ਼ਿਲ, ਮਾਤਾ ਕੁਸ਼ੱਲਿਆ ਹਸਪਤਾਲ ਦੇ ਬੀ ਬਲਾਕ ਦੇ ਗਰਾਊਂਡ ਫਲੋਰ ਅਤੇ ਲੋੜ ਪੈਣ ‘ਤੇ ਜ਼ਿਲ੍ਹੇ ਦੀ ਕੋਈ ਵੀ ਮੈਡੀਕਲ ਸਹੂਲਤ ਪ੍ਰਦਾਨ ਕਰਦੀ ਕੋਈ ਵੀ ਸੰਸਥਾ (ਨਿੱਜੀ ਹਸਪਤਾਲ) ਨੂੰ ਆਈਸੋਲੇਸ਼ਨ ਬਲਾਕਾਂ ਵਿੱਚ ਤਬਦੀਲ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਬਲਾਕਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਵਾਲੇ ਮਰੀਜ਼ਾ ਨੂੰ ਰੱਖਿਆ ਜਾਵੇਗਾ। ਇਨ੍ਹਾਂ ਹੁਕਮਾਂ ਤਹਿਤ ਕਿਸੇ ਵੀ ਹਾਲਾਤ ਵਿੱਚ ਕੁਆਰਨਟਾਈਨ ਅਤੇ ਆਈਸੋਲੇਸ਼ਨ ਬਲਾਕਾਂ ਨੂੰ ਹੋਰਨਾਂ ਮੈਡੀਕਲ ਵਾਰਡਾਂ ਨਾਲ ਰਲਾਇਆ ਨਹੀਂ ਜਾਵੇਗਾ ਅਤੇ ਆਈਸੋਲੇਸ਼ਨ ਅਤੇ ਕੁਆਰਨਟਾਈਨ ਬਲਾਕਾਂ ਵਿੱਚ ਆਉਣ ਅਤੇ ਜਾਣ ਦਾ ਰਸਤਾ ਵੀ ਬਿਲਕੁਲ ਵੱਖਰਾ ਹੋਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਤਹਿਤ ਡਿਜ਼ਾਸ਼ਟਰ ਮੈਨੇਜਮੈਂਟ ਐਕਟ ਦੀ ਧਾਰਾ 65 (1) (A) ਤਹਿਤ ਹੁਣ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ, ਪਟਿਆਲਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਦੇ ਕੰਟਰੋਲ ਹੇਠ ਹੋਣਗੀਆਂ। ਇਹ ਅਧਿਕਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਸਾਰੇ ਪ੍ਰਬੰਧਾਂ, ਲੋੜੀਂਦਾ ਸਟਾਫ਼ ਅਤੇ ਹੋਰ ਜ਼ਰੂਰਤਾਂ ਦੀ ਸਮੀਖਿਆ ਕਰਕੇ ਜ਼ਿਲ੍ਹਾ ਮੈਜਿਸਟਰੇਟ ਨੂੰ ਰਿਪੋਰਟ ਕਰਨਗੇ। ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਅਤੇ ਪੈਦਾ ਹੋਈ ਸਥਿਤੀ ਨਾਲ ਨਜਿੱਠਣ ‘ਚ ਕੁਤਾਹੀ ਵਰਤਣ ਵਾਲਿਆਂ ਖਿਲਾਫ਼ ਡਿਜ਼ਾਸ਼ਟਰ ਮੈਨੇਜਮੈਂਟ ਐਕਟ 2005 ਅਤੇ ਅੇਪੀਡੈਮਿਕ ਡਜੀਜ ਐਕਟ 1897 ਦੀਆਂ ਸਬੰਧਤ ਧਾਰਾਵਾਂ ਅਤੇ ਪੰਜਾਬ ਸਰਕਾਰ ਵੱਲੋਂ ਮਿਤੀ 05.03.2020, 14.07.2020-4/677 ਤਹਿਤ ਜਾਰੀ ਨੋਟੀਫਿਕੇਸ਼ਨ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਰਾਜਿੰਦਰਾ ਹਸਪਤਾਲ ਦੇ ਦੌਰੇ ਮੌਕੇ ਹਦਾਇਤਾਂ ਜਾਰੀ ਕਰਦਿਆ ਕਿਹਾ ਕਿ ਭਾਵੇਂ ਹਾਲੇ ਤੱਕ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਕੋਈ ਮਰੀਜ਼ ਨਹੀਂ ਪਰ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਅਸੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹੋਈਏ।
ਡਿਪਟੀ ਕਮਿਸ਼ਨ ਦੇ ਦੌਰੇ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਸਹਾਇਕ ਕਮਿਸ਼ਨਰ (ਜ) ਡਾ. ਇਸਮਿਤ ਵਿਜੈ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪੀ.ਕੇ. ਪਾਂਡਵ, ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਸਮੇਤ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Facebook Comments