Patiala SSP Mandeep Sidhu dismissed four policemen

August 6, 2018 - PatialaPolitics

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਿਆਂ ਦੇ ਕਾਰੋਬਾਰ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਾਮਲ ਚਾਰ ਪੁਲਿਸ ਮੁਲਾਜ਼ਮਾਂ ਉਤੇ ਕਾਰਵਾਈ ਕਰਦਿਆਂ ਚਾਰਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਅਤੇ ਰਿਸ਼ਵਤ ਖੋਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਦਿੱਤੇ ਨਿਰਦੇਸ਼ਾਂ ਤਹਿਤ ਸ਼ਖਤ ਕਾਰਵਾਈ ਕਰਦਿਆ ਚਾਰ ਪੁਲਿਸ ਮੁਲਾਜ਼ਮਾ ਨੂੰ ਵਿਭਾਗੀ ਪੜ੍ਹਤਾਲ ਵਿੱਚ ਨਸ਼ਿਆ ਅਤੇ ਰਿਸ਼ਵਤ ਦੇ ਕੇਸਾਂ ਵਿੱਚ ਦੋਸ਼ੀ ਪਾਇਆ ਗਿਆ ਹੈ। ਜਿਸ ਤਹਿਤ ਤਿੰਨ ਮੁਲਾਜ਼ਮਾ ਨੂੰ ਨਸ਼ਿਆ ਦੇ ਕੇਸਾਂ ਵਿੱਚ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਅਤੇ ਇੱਕ ਮੁਲਾਜ਼ਮ ਨੂੰ ਰਿਸ਼ਵਤ ਦੇ ਕੇਸ ਵਿੱਚ ਬਰਖਾਸਤ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਸਹਾਇਕ ਥਾਣੇਦਾਰ (ਲੋਕਲ ਰੈਂਕ) ਬਲਵਿੰਦਰ ਸਿੰਘ ਬੈਲਟ ਨੰਬਰ 1113/ਪੀਟੀਐਲ ਨੂੰ ਅੱਠ ਹਜ਼ਾਰ ਰਿਸ਼ਵਤ ਦੇ ਕੇਸ ਵਿੱਚ ਵਿਭਾਗੀ ਜਾਂਚ ਤੋਂ ਬਾਅਦ ਬਰਖਾਸਤ ਕੀਤਾ ਗਿਆ ਹੈ ਅਤੇ ਹੈਡ ਕਾਸਟੇਬਲ ਰਣਜੀਤ ਸਿੰਘ ਬੈਲਟ ਨੰਬਰ 2600/ਪੀਟੀਐਲ ਜੋ ਪੀ.ਸੀ.ਆਰ ਪਟਿਆਲਾ ਵਿਖੇ ਤੈਨਾਤ ਸੀ ਨੂੰ 20 ਕਿੱਲੋ ਭੁੱਕੀ ਨਾਲ ਕਾਬੂ ਕਰਨ ਉਪਰੰਤ ਨੂੰ ਬਰਖਾਸਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਾਸਟੇਬਲ ਸੋਮ ਨਾਥ ਬੈਲਟ ਨੰਬਰ 452/ਪੀਟੀਐਲ ਜੋ ਪੁਲਿਸ ਲਾਈਨ ਪਟਿਆਲਾ ਵਿਖੇ ਤੈਨਾਤ ਸੀ ਨੂੰ 2 ਕਿੱਲੋ 10 ਗਰਾਮ ਅਫ਼ੀਮ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਨੂੰ ਵੀ ਬਰਖ਼ਾਸਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਕਾਸਟੇਬਲ ਜਗਵਿੰਦਰ ਸਿੰਘ ਬੈਲਟ ਨੰਬਰ 99/ਪੀਟੀਐਲ ਜੋ ਪੁਲਿਸ ਲਾਈਨ ਪਟਿਆਲਾ ਵਿਖੇ ਤੈਨਾਤ ਸੀ ਨੂੰ 15 ਗਰਾਮ 60 ਮਿਲੀਗਰਾਮ ਸਮੈਕ ਨਾਲ ਕਾਬੂ ਕੀਤਾ ਗਿਆ ਸੀ ‘ਤੇ ਕਾਰਵਾਈ ਕਰਦਿਆ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।