Patiala to soon get clean drinking water

December 1, 2018 - PatialaPolitics

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਦੀ ਪਹਿਲਕਦਮੀ ‘ਤੇ ਪਟਿਆਲਾ ਸ਼ਹਿਰ ਵਿੱਚ ਲੋਕਾਂ ਨੂੰ ਪੀਣ ਲਈ ਸ਼ੁੱਧ ਅਤੇ ਅੰਤਰਰਾਸ਼ਟਰੀ ਪੱਧਰ ਦੇ ਪੈਮਾਨੇ ‘ਤੇ ਖਰਾ ਉਤਰਣ ਵਾਲੇ ਨਹਿਰੀ ਪਾਣੀ ਦੇ ਪ੍ਰੋਜੈਕਟ ਸਬੰਧੀ ਅੱਜ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਅਧਿਕਾਰੀਆਂ ਦੇ ਸਾਹਮਣੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪ੍ਰੈਜੇਂਟੇਸ਼ਨ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸ਼ੋਕਤ ਅਹਿਮਦ ਪਰੇ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ ਇਸ ਵਰਕਸ਼ਾਪ ਵਿੱਚ ਰਾਜ ਸਰਕਾਰ ਦੇ ਵੱਖ ਵੱਖ ਵਿਭਾਗਾਂ ਜਲ ਸਪਲਾਈ ਅਤੇ ਸੇਨੀਟੇਸ਼ਨ, ਸੀਵਰੇਜ਼, ਭਾਖੜਾ ਮੇਨ ਲਾਈਨ, ਸਿੰਚਾਈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਨਾਲ ਹੋਰ ਸਬੰਧਿਤ ਵਿਭਾਗਾਂ ਨੇ ਵੀ ਹਿੱਸਾ ਲਿਆ।

ਬੈਠਕ ਵਿੱਚ ਦੱਸਿਆ ਗਿਆ ਕਿ ਪ੍ਰਾਜੈਕਟ ਦੇ ਲਈ ਜ਼ਮੀਨ ਮਾਪਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ ਅਤੇ ਰਿਪੋਰਟ ਤਿਆਰ ਕਰਕੇ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿੱਚ ਟੈਂਡਰ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਦੀ ਵਰਤਮਾਨ ਆਬਾਦੀ 4.9 ਲੱਖ ਦੀ ਤੁਲਨਾ ਵਿੱਚ ਅਗਲੇ 30 ਸਾਲ ਵਿੱਚ ਸ਼ਹਿਰ ਦੀ ਲਗਭਗ ਦੋ ਗੁਣਾਂ ਹੋਣ ਵਾਲੀ ਸੰਭਾਵਿਕ ਆਬਾਦੀ 9 ਲੱਖ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾ ਰਿਹਾ ਹੈ। ਸ਼੍ਰੀ ਪਰੇ ਨੇ ਦੱਸਿਆ ਕਿ 2051 ਨੂੰ ਧਿਆਨ ਰੱਖ ਕੇ ਦੋ ਪੜਾਵਾਂ ਵਿੱਚ ਤਿਆਰ ਹੋਣ ਵਾਲੇ ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਅਬਲੋਵਾਲ ਪਿੰਡ ਵਿੱਚ ਤਿਆਰ ਕੀਤਾ ਜਾਵੇਗਾ। ਇਸ ਖੇਤਰ ਵਿੱਚ ਲਗਭਗ 32 ਏਕੜ ਜਮੀਨ ‘ਤੇ ਪ੍ਰਾਜੈਕਟ ਦੇ ਲਈ ਪਾਣੀ ਸਟੋਰ ਕਰਕੇ ਸਾਫ਼ ਕੀਤਾ ਜਾਵੇਗਾ। ਇਸ ਰਿਜ਼ਰਵਾਇਰ ਵਿੱਚ ਭਾਖੜਾ ਨਹਿਰ ਤੋਂ ਪਟਿਆਲਾ ਦੇ ਲਈ ਆਉਣ ਵਾਲਾ 33.8 ਕਿਊਸਿਕ ਪਾਣੀ ਸਟੋਰ ਕੀਤਾ ਜਾਵੇਗਾ, ਜਦੋਂ ਕਿ ਇਸ ਤੋਂ ਬਾਅਦ ਅਗਲੇ ਪ੍ਰਾਜੈਕਟ ਦੇ ਲਈ ਘੱਗਰ ਲਿੰਕ ਨਹਿਰ ਵਿੱਚੋਂ ਪਾਣੀ ਲਿਆ ਜਾਵੇਗਾ। ਇਸ ਦੇ ਲਈ ਸ਼ਹਿਰ ਤੋਂ ਲਗਭਗ 15 ਕਿਲੋਮੀਟਰ ਦੂਰ ਹੋਰ ਜਗ੍ਹਾ ‘ਤੇ ਜ਼ਮੀਨ ਦਾ ਮਾਪ ਕੀਤਾ ਜਾਵੇਗਾ। ਜਿਥੇ ਤੋਂ ਕੁੱਲ 63 ਕਿਊਸਿਕ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਬੈਠਕ ਵਿੱਚ ਵੱਖ ਵੱਖ ਵਿਭਾਗ ਤੋਂ ਐਨ.ਓ.ਸੀ. ਲੈਣ ਤੋਂ ਇਲਾਵਾ ਡਿਜ਼ਾਇਨ ਤਿਆਰ ਕਰਨ ਦੇ ਲਈ ਵੀ ਕਿਹਾ ਗਿਆ ਹੈ। ਦੱਸਣਯੋਗ ਹੈ ਕਿ 750 ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ ਵਿੱਚ ਸ਼ੁਰੂ ਹੋਣ ਵਾਲੇ ਨਹਿਰੀ ਪਾਣੀ ਪ੍ਰਾਜੈਕਟ ਦੇ ਲਈ 525 ਕਰੋੜ ਰੁਪਏ ਦੇ ਕੰਮ ਦੇ ਲਈ ਏਸ਼ੀਅਨ ਵਿਕਾਸ ਬੈਂਕ ਨੇ ਮੰਜੂਰੀ ਦੇ ਦਿੱਤੀ ਹੈ। ਜਦੋਂ ਕਿ ਬਾਕੀ ਰਾਸ਼ੀ ਰਾਜ ਸਰਕਾਰ ਵੱਲੋਂ ਖਰਚੀ ਕੀਤੀ ਜਾਵੇਗੀ। ਇਸ ਨਾਲ ਸ਼ਹਿਰ ਵਿੱਚ ਲਗਭਗ ਇਕ ਲੱਖ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣਗੇਂ।
ਬੈਠਕ ਵਿੱਚ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ਼੍ਰੀ ਅੰਕੁਰ ਮਹਿੰਦਰੂ, ਪ੍ਰਾਜੈਕਟ ਦੇ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਪ੍ਰਧਾਨ ਸਾਬਕਾ ਚੀਫ ਇੰਜੀਨੀਅਰ ਸ਼੍ਰੀ ਦਲਜੀਤ ਸਿੰਘ ਤੋਂ ਇਲਾਵਾ ਏਸ਼ੀਅਨ ਡਿਵੈਲਪਮੈਂਟ ਬੈਂਕ ਵੱਲੋਂ ਸੰਜੇ ਜੋਸ਼ੀ ਅਤੇ ਸੰਜੇ ਕੌਲ ਅਤੇ ਸਬੰਧਿਤ ਵਿਭਾਗਾਂ ਦੇ ਪ੍ਰਤੀਨਿਧੀ ਹਾਜ਼ਰ ਰਹੇ।