Patiala villages to get new roads

March 1, 2019 - PatialaPolitics

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਵਿਕਾਸ ਅਤੇ ਲੋਕਾਂ ਨੂੰ ਹਰ ਖੇਤਰ ਵਿੱਚ ਵਧੀਆਂ ਲੋੜਵੰਦ ਜ਼ਰੂਰਤਾਂ ਉਪਲਬਧ ਕਰਵਾਉਣ ਲਈ ਕੀਤੇ ਗਏ ਵਾਅਦੇ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਸ਼ਹਿਰਾਂ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਵੀ ਲੜੀਵਾਰ ਤਰੀਕੇ ਨਾਲ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਵਿੱਚ ਵਿੱਚ ਚਲ ਰਹੇ ਵਿਕਾਸ ਕਾਰਜਾਂ ਵਿੱਚ ਹੋਰ ਜਿਆਦਾ ਤੇਜੀ ਲਿਆਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿੱਚ ਰੱਖੀ ਗਈ ਮੀਟਿੰਗ ਤੋਂ ਬਾਅਦ ਦੱਸਿਆ ਕਿ ਪਹਿਲ ਦੇ ਆਧਾਰ ‘ਤੇ ਹਰ ਪਿੰਡ ਦੀ ਜ਼ਰੂਰਤ ਪੂਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰਾਂ ਦੇ ਬਰਾਬਰ ਪੇਂਡੂ ਖੇਤਰਾਂ ਵਿੱਚ ਲੋੜ ਅਨੁਸਾਰ ਬਿਹਤਰ ਸੁਵਿਧਾਵਾਾਂ ਉਪਲਬਧ ਕਰਵਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਜਿਸ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ।

ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸੜਕਾਂ, ਗੰਦੇ ਪਾਣੀ ਦੀ ਨਿਕਾਸੀ, ਟਾਇਲਾਂ ਅਤੇ ਸਟੇਡੀਅਮ ਦੇ ਲਈ ਕਰੋੜਾਂ ਰੁਪਏ ਦੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ ਅਤੇ ਇਹ ਪ੍ਰਕ੍ਰਿਆ ਲਗਾਤਾਰ ਜਾਰੀ ਹੈ। ਉਹਨਾਂ ਦੱਸਿਆ ਕਿ ਘਨੌਰ ਬਲਾਕ ਦੇ ਪਿੰਡ ਸ਼ੇਖਪੁਰ, ਅਲਾਮਦੀਪੁਰ, ਨਸੀਰਪੁਰ, ਰਸੂਲਪੁਰ ਵਿਖੇ 48 ਲੱਖ 50 ਹਜ਼ਾਰ ਦੀ ਅਨੁਮਾਨਿਤ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ,ਪਿੰਡ ਮੰਡੌਲੀ ਵਿੱਚ 16 ਲੱਖ 25 ਹਜ਼ਾਰ ਦੀ ਲਾਗਤ ਨਾਲ ਨਿਰਮਾਣ ਕਾਰਜਾਂ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ।

ਇਸੇ ਤਰ੍ਹਾਂ ਪਾਤੜਾਂ ਬਲਾਕ ਵਿੱਚ ਦੁਤਾਲ ਤੋਂ ਬਨਵਾਲਾ ਤੱਕ ਪੱਕੀ ਸੜਕ ਤੋਂ ਇਲਾਵਾ ਮੌਜੂਦਾ ਸੜਕ ਲਈ 23 ਲੱਖ 91 ਹਜ਼ਾਰ ਰੁਪਏ ਦੇ ਟੈਂਡਰ, ਸਿਓਣਾ ਤੋਂ ਬਾਦਸ਼ਾਹਪੁਰ ਦੀ ਸੜਕ ਲਈ 9 ਲੱਖ 50 ਹਜ਼ਾਰ ਰੁਪਏ ਅਤੇ ਜਲਾਲਪੁਰ ਤੋਂ ਸਿਓਣਾ ਤੱਕ ਦੀ ਸੜਕ ਲਈ 10 ਲੱਖ 50 ਹਜ਼ਾਰ ਰੁਪਏ ਦੇ ਟੈਂਡਰ ਜਾਰੀ ਕਰ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਲਾਪ੍ਰਵਾਹੀ ਅਤੇ ਦੇਰੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।