Patiala:19496 consumers gets benefit of electricity bill waiver 2kw scheme

November 9, 2021 - PatialaPolitics

ਪਟਿਆਲਾ ਜ਼ਿਲ੍ਹੇ ‘ਚ ਹੁਣ ਤੱਕ 19496 ਘਰੇਲੂ ਖਪਤਕਾਰਾਂ ਨੇ ਲਿਆ 21.65 ਕਰੋੜ ਰੁਪਏ ਦਾ ਬਕਾਇਆ ਬਿਜਲੀ ਬਿਲ ਮੁਆਫ਼ੀ ਸਕੀਮ ਹੇਠ ਲਾਭ
-ਡੀ.ਸੀ. ਵੱਲੋਂ ਜ਼ਿਲ੍ਹੇ ‘ਚ ਬਿਜਲੀ ਨਿਗਮ ਦੀਆਂ 38 ਸਬ ਡਵੀਜਨਾਂ ਵਿਖੇ ਲੱਗ ਰਹੇ ਬਿਲ ਮੁਆਫ਼ੀ ਕੈਂਪਾਂ ਦਾ ਲਾਭ ਉਠਾਉਣ ਦਾ ਸੱਦਾ
ਪਟਿਆਲਾ, 8 ਨਵੰਬਰ:
ਪੰਜਾਬ ਰਾਜ ਬਿਜਲੀ ਨਿਗਮ ਦੇ 2 ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਬਿਜਲੀ ਲੋਡ ਵਾਲੇ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਰੰਭੀ ਬਿਜਲੀ ਬਿਲ ਮੁਆਫ਼ੀ ਸਕੀਮ ਦਾ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ 19 ਹਜ਼ਾਰ 496 ਖਪਤਕਾਰਾਂ ਨੇ ਲਾਭ ਉਠਾਇਆ ਹੈ। ਇਨ੍ਹਾਂ ਖਪਤਕਾਰਾਂ ਦੇ 21.65 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿਲ ਮੁਆਫ਼ ਹੋਏ ਹਨ।
ਇਹ ਪ੍ਰਗਟਾਵਾ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ਦੇ 2 ਕਿਲੋਵਾਟ ਤੱਕ ਦੇ ਮਨਜੂਰਸ਼ੁਦਾ ਘਰੇਲੂ ਬਿਜਲੀ ਲੋਡ ਵਾਲੇ ਖਪਤਕਾਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਹਵਾਲੇ ਨਾਲ ਦੱਸਿਆ ਕਿ ਬਿਜਲੀ ਨਿਗਮ ਦੇ ਪਟਿਆਲਾ ਜ਼ਿਲ੍ਹੇ ਅੰਦਰ 2 ਕਿਲੋਵਾਟ ਮਨਜ਼ੂਰਸ਼ੁਦਾ ਘਰੇਲੂ ਲੋਡ ਵਾਲੇ 1 ਲੱਖ 22 ਹਜ਼ਾਰ 118 ਖਪਤਕਾਰ ਹਨ, ਜਿਨ੍ਹਾਂ ਦੇ ਬਿਜਲੀ ਨਿਗਮ ਵੱਲ 112.5 ਕਰੋੜ ਰੁਪਏ ਬਕਾਇਆ ਖੜ੍ਹੇ ਹਨ ਪਰ ਬਿਜਲੀ ਨਿਗਮ ਨੇ ਇਹ ਰਕਮ ਖਪਤਕਾਰਾਂ ਦੇ ਖਾਤਿਆਂ ‘ਚ ਲਾਕ ਕਰ ਦਿੱਤੀ ਹੈ। ਇਸ ਲਈ ਇਹ ਖਪਤਕਾਰ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਆਪਣੀਆਂ 38 ਸਬ-ਡਵੀਜਨਾਂ ਵਿਖੇ ਲਗਾਏ ਜਾ ਰਹੇ ਬਿਜਲੀ ਬਿਲ ਮੁਆਫ਼ੀ ਦੇ ਕੈਂਪਾਂ ਦਾ ਤੁਰੰਤ ਲਾਭ ਲੈਣ।
ਇਸੇ ਦੌਰਾਨ ਪੰਜਾਬ ਰਾਜ ਬਿਜਲੀ ਨਿਗਮ ਸਾਊਥ ਸਰਕਲ ਦੇ ਚੀਫ਼ ਇੰਜੀਨੀਅਰ ਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਬਿਜਲੀ ਨਿਗਮ ਦੀਆਂ ਪਟਿਆਲਾ ਪੂਰਬੀ, ਪੱਛਮੀ, ਮਾਡਲ ਟਾਊਨ, ਸਬ-ਅਰਬਨ, ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਡਿਵੀਜਨਾਂ ਵਿੱਚ ਆਪਣੇ ਖਪਤਕਾਰਾਂ ਨੂੰ ਪੰਜਾਬ ਸਰਕਾਰ ਦੀ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ।

In Patiala district so far 19496 domestic consumers have availed Rs. 21.65 crore under outstanding electricity bill waiver scheme.