PRENEET KAUR DISTRIBUTES 500 BLANKETS TO THE NEEDY ON THE OCCASION OF LOHRI

January 12, 2021 - PatialaPolitics

ਪਰਨੀਤ ਕੌਰ ਨੇ ਲੋੜਵੰਦਾਂ ਨਾਲ ਮਨਾਈ ਲੋਹੜੀ, 500 ਕੰਬਲ ਤੇ ਲੋਹੜੀ ਵੰਡੀ
-ਕਿਸਾਨ ਅੰਦੋਲਨ ਦੌਰਾਨ ਫ਼ੌਤ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ
-ਪੰਜਾਬ ਸਰਕਾਰ ਨੇ ਧੀਆਂ ਦੀ ਲੋਹੜੀ ਮਨਾ ਕੇ ਧੀਆਂ ਨੂੰ ਮਾਣ ਦਿੱਤਾ-ਲੋਕ ਸਭਾ ਮੈਂਬਰ
-ਲੜਕੀਆਂ ਨੂੰ ਨੌਕਰੀਆਂ ਲਈ, ਮਹਿਲਾਵਾ ਨੂੰ ਪੰਚਾਇਤੀ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ‘ਚ ਦਿੱਤਾ ਰਾਖਵਾਂਕਰਨ-ਪਰਨੀਤ ਕੌਰ
-ਮੁੱਖ ਮੰਤਰੀ ਨੇ ਪਟਿਆਲਾ ਦੀਆਂ ਗਰੀਬ ਬਸਤੀਆਂ ‘ਚ ਰਹਿਣ ਵਾਲੇ 300 ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇਣ ਦੀ ਸ਼ੁਰੂਆਤ ਕਰਕੇ ਲੋਹੜੀ ਦਾ ਤੋਹਫ਼ਾ ਦਿੱਤਾ-ਪਰਨੀਤ ਕੌਰ
-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਖੇਤੀਬਾੜੀ ਕਾਨੂੰਨ ਰੱਦ ਕਰਕੇ ਬਾਕੀ ਸੂਬਿਆਂ ਨੂੰ ਵੀ ਰਾਹ ਦਿਖਾਇਆ-ਪਰਨੀਤ ਕੌਰ
ਪਟਿਆਲਾ, 12 ਜਨਵਰੀ:
ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਇੱਥੇ ਸ਼ਹਿਰ ਦੇ ਗਰੀਬ ਤੇ ਲੋੜਵੰਦ ਲੋਕਾਂ ਨਾਲ ਲੋਹੜੀ ਦਾ ਤਿਉਹਾਰ ਮਨਾਉਂਦਿਆਂ 500 ਵਿਅਕਤੀਆਂ ਨੂੰ ਕੰਬਲ ਅਤੇ ਲੋਹੜੀ ਵੰਡੀ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਹੇਠ ਉਨ੍ਹਾਂ ਕਿਸਾਨਾਂ ਨੂੰ ਖੜ੍ਹੇ ਹੋਕੇ ਸ਼ਰਧਾਂਜਲੀ ਦਿੱਤੀ ਗਈ, ਜਿਹੜੇ ਕਿ ਕਿਸਾਨ ਅੰਦੋਲਨ ਦੌਰਾਨ ਫ਼ੌਤ ਹੋ ਗਏ ਹਨ।
ਸਥਾਨਕ ਸਰਕਟ ਹਾਊਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਸਮਾਗਮ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਲੋਕਾਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਹਰ ਵਰਗ ਦੇ ਲੋਕਾਂ ਲਈ ਭਲਾਈ ਸਕੀਮਾਂ ਲਾਗੂ ਕਰਕੇ ਚੋਣ ਮੈਨੀਫੈਸਟੋ ‘ਚ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਜਦੋਂਕਿ ਮੁੱਖ ਮੰਤਰੀ ਨੇ ਪਟਿਆਲਾ ਦੀਆਂ ਗਰੀਬ ਬਸਤੀਆਂ ‘ਚ ਰਹਿਣ ਵਾਲੇ 300 ਦੇ ਕਰੀਬ ਲੋਕਾਂ ਨੂੰ ਜਾਇਦਾਦ ਦੇ ਮਾਲਕਾਨਾ ਹੱਕ ਦੇਣ ਦੀ ਸ਼ੁਰੂਆਤ ਕਰਕੇ ਲੋਹੜੀ ਦਾ ਤੋਹਫ਼ਾ ਪਹਿਲਾਂ ਹੀ ਦੇ ਦਿੱਤਾ ਹੈ।
ਸੰਸਦ ਮੈਂਬਰ ਨੇ ਮੁੱਖ ਮੰਤਰੀ ਵੱਲੋਂ ਇਸ ਲੋਹੜੀ ਦੇ ਤਿਉਹਾਰ ਨੂੰ ਸਾਡੀਆਂ ਧੀਆਂ ਦੇ ਸਮਰਪਿਤ ਕਰਦਿਆਂ, ਲਾਗੂ ਕੀਤੀ ਇੱਕ ਮਹੀਨਾ ਚੱਲਣ ਵਾਲੀ ਸਕੀਮ ‘ਧੀਆਂ ਦੀ ਲੋਹੜੀ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਹਿਤ ਪਿਛਲੇ ਇੱਕ ਸਾਲ ਦੌਰਾਨ ਪੈਦਾ ਹੋਈਆਂ ਰਾਜ ਦੀਆਂ 1.5 ਲੱਖ ਤੋਂ ਵੱਧ ਬੱਚੀਆਂ, ਜਿਹੜੀਆਂ ਕਿ ਆਪਣੀ ਪਹਿਲੀ ਲੋਹੜੀ ਮਨਾ ਰਹੀਆਂ ਹਨ, ਦੇ ਮਾਪਿਆਂ ਨੂੰ ਸ਼ਗਨ, ਹਰੇਕ ਬੱਚੀ ਲਈ ਸਾਜ਼ੋ-ਸਾਮਾਨ ਤੇ ਮੁੱਖ ਮੰਤਰੀ ਵੱਲੋਂ ਲਿਖੇ ਤੇ ਹਸਤਾਖ਼ਰਿਤ ਪੱਤਰ ਸੌਂਪੇ ਜਾਣਗੇ। ਸ੍ਰੀਮਤੀ ਪਰਨੀਤ ਕੌਰ ਨੇ ਹੋਰ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਹੋਰ ਇਤਿਹਾਸਕ ਫੈਸਲਾ ਲੈਂਦਿਆਂ ਸਾਡੀਆਂ ਧੀਆਂ ਨੂੰ ਨੌਕਰੀਆਂ ਦੇਣ ਲਈ ਵੀ 33 ਫੀਸਦੀ ਰਾਖਵਾਂਕਰਨ ਕੀਤਾ ਹੈ ਜਦਕਿ ਸਥਾਨਕ ਸਰਕਾਰਾਂ ਤੇ ਪੰਚਾਇਤੀ ਚੋਣਾਂ ‘ਚ ਵੀ ਮਹਿਲਾਵਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ।
ਧੀਆਂ ਦੇ ਸ਼ਸਕਤੀਕਰਨ ਤਹਿਤ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਦਿਆਂ ਹੀ ਅਸ਼ੀਰਵਾਦ ਸਕੀਮ ਤਹਿਤ ਧੀਆਂ ਨੂੰ ਦਿੱਤੇ ਜਾਂਦੇ ਸ਼ਗਨ ਦੀ ਰਕਮ ‘ਚ ਵਾਧਾ ਕਰਕੇ ਇਸ ਦਾ ਘੇਰਾ ਹੋਰ ਵਿਸ਼ਾਲ ਕੀਤਾ ਸੀ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੁਨੀਆਂ ਦੇ ਹਾਣ ਦਾ ਬਣਾਉਣ, ਜੋਕਿ ਸਾਡੇ ਵੱਲੋਂ ਸਾਡੀਆਂ ਬੱਚੀਆਂ ਨੂੰ ਸਭ ਤੋਂ ਅਨਮੋਲ ਤੋਹਫ਼ਾ ਸਾਬਤ ਹੋਵੇਗਾ।
ਸ੍ਰੀਮਤੀ ਪਰਨੀਤ ਕੌਰ ਨੇ ਇਸ ਮੌਕੇ ਮਕਰ ਸੰਕਰਾਤੀ ਦੀ ਵੀ ਵਧਾਈ ਦਿੰਦਿਆਂ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਇਸ ਖੁਸ਼ਹਾਲੀ ਤੇ ਖੁਸ਼ੀਆਂ ਦੇ ਤਿਉਹਾਰ ਲੋਹੜੀ ਮੌਕੇ ਕੇਂਦਰ ਸਰਕਾਰ ਕਾਲੇ ਖੇਤੀਬਾੜੀ ਕਾਨੂੰਨ ਰੱਦ ਕਰੇ ਤਾਂ ਜੋ ਸਾਡੇ ਅੰਨਦਾਤਾ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤ ਆਉਣ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ‘ਚ ਸਭ ਤੋਂ ਪਹਿਲਾਂ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਅਤੇ ਫਿਰ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਕੇ ਦੇਸ਼ ਦੇ ਬਾਕੀ ਸੂਬਿਆਂ ਨੂੰ ਵੀ ਰਾਹ ਦਿਖਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ, ਜਿਸ ਕਰਕੇ ਇਸ ਸੰਘਰਸ਼ ‘ਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿਤੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੋਰ ਸੰਭਵ ਸਹਾਇਤਾ ਵੀ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਨਿਜੀ ਸਕੱਤਰ ਬਲਵਿੰਦਰ ਸਿੰਘ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਇਸਮਤ ਵਿਜੇ ਸਿੰਘ, ਐਸ.ਡੀ.ਐਮ. ਚਰਨਜੀਤ ਸਿੰਘ, ਪੰਜਾਬ ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਦੇ ਸੁਪਤਨੀ ਮਧੂ ਸ਼ਰਮਾ, ਡਿਪਟੀ ਮੇਅਰ ਵਿਨਤੀ ਸੰਗਰ, ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਬਲਾਕ ਪ੍ਰਧਾਨ ਅਤੁਲ ਜੋਸ਼ੀ, ਨਰੇਸ਼ ਦੁੱਗਲ, ਯੂਥ ਕਾਂਗਰਸ ਪ੍ਰਧਾਨ ਅਨੁਜ ਖੋਸਲਾ ਤੇ ਕੌਂਸਲਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।