Proper solution on Dumping ground soon in Patiala

July 25, 2020 - PatialaPolitics


ਪਿਛਲੀ ਅੱਧੀ ਸਦੀ ਤੋਂ ਪਟਿਆਲਾ ਸ਼ਹਿਰ ਦੇ ਦੱਖਣ-ਪੂਰਬੀ ਇਲਾਕੇ ਵਿੱਚ ਸਨੌਰ ਰੋੜ ਦੇ ਨੇੜੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਨਿਗਮ ਦੇ ਡੰਪਿੰਗ ਗਰਾਉਂਡ ਦਾ ਅੱਜ ਸਥਾਈ ਹਾਲ ਕਰ ਦਿੱਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੇ ਯਤਨਾਂ ਸਦਕਾ ਡੰਪਿੰਗ ਗਰਾਉਂਡ ਦੇ ਸਥਾਈ ਹੱਲ ਲਈ ਕਰਨਾਲ ਦੀ ਅਕਾਂਕਸ਼ਾ ਐਂਟਰਪ੍ਰਾਈਜ਼ਜ਼ ਨਾਂ ਦੀ ਕੰਪਨੀ ਨੂੰ ਇਹ ਕੰਮ ਜਾਰੀ ਕਰ ਦਿੱਤਾ ਹੈ। ਕੰਪਨੀ ਬਰਸਾਤੀ ਸੀਜ਼ਨ ਖਤਮ ਹੋਣ ਮਗਰੋਂ ਇਸ ਯੋਜਨਾ ਤੇ ਕੰਮ ਸ਼ੁਰੂ ਕਰ ਦੇਵੇਗੀ। ਇਸ ਯੋਜਨਾ ਦੇ ਸ਼ੁਰੂ ਹੋਣ ‘ਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।

… ਕੰਮ 16 ਮਹੀਨਿਆਂ ਵਿਚ ਪੂਰਾ ਕੀਤਾ ਜਾਏਗਾ

ਜਿਸ ਕੰਪਨੀ ਨੂੰ ਇਹ ਕੰਮ ਨਗਰ ਨਿਗਮ ਦੇ ਡੰਪਿੰਗ ਗਰਾਉਂਡ ਦੇ ਸਥਾਈ ਹੱਲ ਲਈ ਜਾਰੀ ਕੀਤਾ ਗਿਆ ਹੈ, ਉਹ 16 ਮਹੀਨਿਆਂ ਵਿੱਚ ਕੰਮ ਪੂਰਾ ਕਰ ਲਵੇਗੀ। ਇਸ ਸਮੁੱਚੇ ਪ੍ਰਾਜੈਕਟ ਨੂੰ ਵੇਖ ਰਹੇ ਇੰਜੀਨੀਅਰ ਜੇ.ਪੀ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਡੰਪਿੰਗ ਮੈਦਾਨ ਕਰੀਬ ਸਾਢੇ 8 ਏਕੜ ਵਿੱਚ ਕਰੀਬ 7 ਮੀਟਰ ਉਚਾਈ ਤੱਕ ਫੈਲ ਚੁੱਕਾ ਹੈ। ਇਥੋਂ 175 ਲੱਖ ਮੀਟ੍ਰਿਕ ਟਨ ਕੂੜਾ-ਕਰਕਟ ਵਿਸ਼ੇਸ਼ ਕਿਸਮ ਦੀ ਕਨਵੇਅਰ ਬੈਲਟਸ ਅਤੇ ਹੋਰ ਮਸ਼ੀਨਰੀ ਰਾਹੀਂ ਫਿਲਟਰ ਕੀਤਾ ਜਾਵੇਗਾ। ਕੰਪਨੀ ਰਹਿੰਦ-ਖੂੰਹਦ ਨੂੰ ਕਬਾੜ ਵਿੱਚ ਵੇਚ ਸਕੇਗੀ ਅਤੇ ਹਜਾਰਾਂ ਟਨ ਖਾਦ ਤਿਆਰ ਹੋਵੇਗੀ, ਜਿਸਨੂੰ ਨਿਗਮ ਦੇ ਨਾਲ-ਨਾਲ ਕਿਸਾਨ ਹਾਸਿਲ ਕਰ ਸਕਣਗੇ ਅਤੇ ਨਿਗਮ ਆਪਣੇ ਅਧਿਕਾਰ ਖੇਤਰ ਹੇਠ ਨੀਵੇਂ ਖੇਤਰਾਂ ਨੂੰ ਭਰਨ ਲਈ ਇਸਦੀ ਵਰਤੋਂ ਕਰੇਗਾ। ਇਸ ਕੰਮ ਲਈ ਨਿਰਧਾਰਤ ਕੀਤੀ ਗਈ ਕੁਲ ਰਕਮ ਵਿਚੋਂ ਨਿਗਮ 3 ਕਰੋੜ 34 ਲੱਖ ਰੁਪਏ ਤੋਂ ਮਸ਼ੀਨਰੀ ਦੀ ਖਰੀਦ ਨਿਗਮ ਵਲੋਂ ਕੀਤੀ ਜਾਵੇਗੀ। ਕਰੀਬ 16 ਮਹੀਨਿਆਂ ਵਿਚ ਕੰਮ ਪੂਰਾ ਹੋਣ ਤੋਂ ਬਾਅਦ ਖਰੀਦੀ ਗਈ ਮਸ਼ੀਨਰੀ ਨਿਗਮ ਦੀ ਮਲਕੀਅਤ ਹੋਵੇਗੀ। ਇਸ ਸਮੁੱਚੇ ਕੰਮ ‘ਤੇ ਸੰਚਾਲਨ ਦੀ ਲਾਗਤ ‘ਤੇ 3 ਕਰੋੜ 14 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਲਗਭਗ 38 ਲੱਖ ਰੁਪਏ ਜੀਐਸਟੀ ਵਜੋਂ ਅਦਾ ਕੀਤੇ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਪਹਿਲਾਂ ਇਸ ਕਿਸਮ ਦਾ ਪ੍ਰੋਜੈਕਟ ਕਿਸੇ ਹੋਰ ਢੰਗ ਨਾਲ ਲੁਧਿਆਣਾ ਵਿੱਚ ਸ਼ੁਰੂ ਕੀਤਾ ਗਿਆ ਹੈ, ਪਰ ਪੰਜਾਬ ਵਿੱਚ ਪਟਿਆਲੇ ਦਾ ਇਹ ਪ੍ਰਾਜੈਕਟ ਮਾਡਲ ਆਪਣੇ ਆਪ ਵਿੱਚ ਪਹਿਲਾ ਪ੍ਰਾਜੈਕਟ ਮਾਡਲ ਹੋਵੇਗਾ।

ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ

ਸਰਕਾਰੀ ਰਿਕਾਰਡ ਮੁਤਾਬਿਕ ਨਿਗਮ ਦੇ ਡੋਪਿੰਗ ਗਰਾਉਂਡ ‘ਤੇ ਰੋਜ਼ਾਨਾ 120 ਟਨ ਤੋਂ ਵੱਧ ਕੂੜਾ ਸੁੱਟਿਆ ਜਾ ਰਿਹਾ ਹੈ। ਇਸ ਡੰਪ ਕਰਕੇ ਸ਼ਹਿਰ ਦੇ ਕਰੀਬ ਢਾਈ ਲੱਖ ਲੋਕ ਪ੍ਰਭਾਵਿਤ ਹੋ ਰਹੇ ਹਨ। ਡੰਪ ਨੂੰ ਪੂਰੀ ਤਰਾਂ ਖਤਮ ਕਰਨ ਦਾ ਕੰਮ ਸ਼ੁਰੂ ਹੋਣ ਦੇ ਨੇੜੇ ਪਹੁੰਚਣ ਨਾਲ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਬੀਬਾ ਜੈਇੰਦਰ ਕੌਰ ਵਲੋਂ ਚੋਣਾ ਮੌਕੇ ਸ਼ਹਿਰ ਦੇ ਲੋਕਾਂ ਨਾਲ ਕੀਤੇ ਮੁੱਖ ਵਾਅਦੇ ਨੂੰ ਪੂਰਾ ਹੁੰਦੇ ਦੇਖ ਤੇਜਬਾਗ ਕਲੋਨੀ, ਜਗਦੀਸ਼ ਕਲੋਨੀ, ਮਥੁਰਾ ਕਲੋਨੀ, ਬਿਸ਼ਨ ਨਗਰ, ਨਵਾਂ ਬਿਸ਼ਨ ਨਗਰ, ਗੁਰੂ ਨਾਨਕ ਨਗਰ, ਰੇਂਜ ਸ਼ਾਹ ਕਲੋਨੀ, ਹੀਰਾ ਬਾਗ, ਅਰਾਈ ਮਾਜਰਾ, ਬਾਰਾ ਅਰਾਈ ਮਾਜਰਾ, ਮਾਰਕਲ ਕਲੋਨੀ, ਸਨੂਰੀ ਅੱਡਾ, ਸੀਆਈਏ ਨੇੜੇ ਸਰਕਾਰੀ ਕਵਾਟਰ, ਪੁਸ਼ ਕਲੋਨੀ, ਗੋਪਾਲ ਕਲੋਨੀ, ਸੰਜੇ ਕਲੋਨੀ, ਕੋਟ ਦੇ ਬਾਹਰ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਰਹਿਣ ਵਾਲੇ ਤਕਰੀਬਨ ਦੋ ਲੱਖ ਲੋਕ ਡੰਪਿੰਗ ਗਰਾਉਂਡ ਦੇ ਸਥਾਈ ਹੱਲ ਦੇ ਨੇੜੇ ਪਹੁੰਚਣ ਤੇ ਬੇਹਦ ਖੁਸ਼ ਹਨ।

… ਐਮਆਰਐਫ ਕੇਂਦਰਾਂ ‘ਤੇ ਵਧੇਰੇ ਧਿਆਨ ਦਿੱਤਾ ਜਾਵੇਗਾ

ਸ਼ਹਿਰ ਦੇ ਹਰ ਵਿਅਕਤੀ ਦਾ ਇਕ ਪ੍ਰਸ਼ਨ ਹੈ ਕਿ ਡੋਪਿੰਗ ਗਰਾਉਂਡ ਦੇ ਸਥਾਈ ਹੱਲ ਤੋਂ ਬਾਅਦ ਸ਼ਹਿਰ ਵਿਚੋਂ ਰੋਜਾਨਾ ਪੈਦਾ ਹੋਣ ਵਾਲਾ 120 ਟਨ ਕੂੜਾ-ਕਰਕਟ ਹਰ ਦਿਨ ਕਿੱਥੇ ਸੁੱਟਿਆ ਜਾਵੇਗਾ? ਇਸ ਦੇ ਜਵਾਬ ਵਿਚ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ 6 ਐਮਆਰਐਫ (ਮੈਟੀਰੀਅਲ ਰਿਕਵਰੀ ਫੈਸਿਲਿਟੀ) ਕੇਂਦਰ ਸਥਾਪਤ ਕੀਤੇ ਗਏ ਹਨ। ਹਰੇਕ ਸੈਂਟਰ ਨਾਲ 10 ਵਾਰਡਾਂ ਨੂੰ ਜੋੜਿਆ ਗਿਆ ਹੈ। ਹਰ ਵਾਰਡ ਵਿੱਚੋਂ ਜਾਰੀ ਕੂੜਾ-ਕਰਕਟ ਐਮਆਰਐਫ ਕੇਂਦਰਾਂ ਵਿੱਚ ਪਹੁੰਚਾ ਦਿੱਤਾ ਜਾਵੇਗਾ। ਇਥੇ ਪਹਿਲਾਂ ਤੋਂ ਤਾਇਨਾਤ ਕਰਮਚਾਰੀ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਨਗੇ। ਨਿਗਮ ਵਲੋਂ ਇਕੱਠਾ ਕੀਤੇ ਅੰਕੜਿਆਂ ਅਨੁਸਾਰ, ਰੋਜਾਨਾ ਪੈਦਾ ਹੋਣ ਵਾਲੇ ਕੂੜੇ ਵਿਚੋਂ 70 ਪ੍ਰਤੀਸ਼ਤ ਤੱਕ ਦੇ ਕੂੜੋ ਤੋਂ ਖਾਦ ਤਿਆਰ ਕੀਤੀ ਜਾਏਗੀ ਅਤੇ 20 ਪ੍ਰਤੀਸ਼ਤ ਸੁੱਕਾ ਕੂੜਾ ਕਰਕਟ ਵੇਚਿਆ ਜਾ ਸਕੇਗਾ। ਬਾਕੀ 10 ਫ਼ੀਸਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਨਿਗਮ ਨੂੰ ਵਧੇਰੇ ਮਿਹਨਤ ਕਰਨੀ ਪਏਗੀ। ਨਿਗਮ ਕਮਿਸ਼ਨਰ ਦੇ ਅਨੁਸਾਰ, ਡੰਪਿੰਗ ਗਰਾਉਂਡ ਦੇ ਪੱਕੇ ਤੌਰ ‘ਤੇ ਹੱਲ ਹੋਣ ਤੋਂ ਬਾਅਦ, ਸ਼ਹਿਰ ਦਾ ਕੂੜਾ-ਕਰਕਟ ਐਮਆਰਐਫ ਕੇਂਦਰਾਂ ਵਿੱਚ ਹੀ ਭੇਜਿਆ ਜਾਵੇਗਾ। ਭਵਿੱਖ ਵਿੱਚ, ਨਿਗਮ ਆਪਣੇ ਅਧਿਕਾਰ ਖੇਤਰ ਵਿੱਚ ਐਮਆਰਐਫ ਕੇਂਦਰਾਂ ਦੀ ਗਿਣਤੀ ਲੋੜ ਪੈਣ ਦੇ ਵੱਧਾਵੇਗਾ।

… ਸਫਾਈ ਸਰਵੇਖਣ ਦੀ ਰੈੰਕਿੰਗ ਵਿਚ ਆਵੇਗਾ ਸੁਧਾਰ

ਡੰਪਿੰਗ ਗਰਾਉਂਡ ਦੇ ਸਥਾਈ ਹੱਲ ਤੋਂ ਬਾਅਦ, ਨਗਰ ਨਿਗਮ ਦੇਸ਼ ਭਰ ਵਿਚ ਕਰਵਾਏ ਜਾਣ ਵਾਲੇ ਸਵੱਛਤਾ ਸਰਵੇਖਣ ਵਿਚ ਆਪਣੀ ਦਰਜਾਬੰਦੀ ਨੂੰ ਹੋਰ ਵੀ ਸੁਧਾਰ ਦੇਵੇਗਾ। ਇਸ ਨਵੇਂ ਡਿਜ਼ਾਇਨ ਕੀਤੇ ਮਾਡਲ ਦੇ ਅਧਾਰ ‘ਤੇ ਪੰਜਾਬ ਦੇ ਕਈ ਹੋਰ ਸ਼ਹਿਰਾਂ ਵਿਚ ਉਸੇ ਤਰਜ਼ ‘ਤੇ ਕੰਮ ਸ਼ੁਰੂ ਹੋਵੇਗਾ। ਇੰਜੀਨੀਅਰ ਜੇਪੀ ਸਿੰਘ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਦੀ ਸਫਲਤਾ ਕਾਰਪੋਰੇਸ਼ਨ ਅਤੇ ਸ਼ਹਿਰ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ।

… ਕੈਪਟਨ ਸਰਕਾਰ ਸੰਕਟ ਦੇ ਸਮੇਂ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ: ਮੇਅਰ

ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੈਪਟਨ ਸਰਕਾਰ ਦਾ ਸਭ ਤੋਂ ਵੱਧ ਧਿਆਨ ਲੋਕਾਂ ਨੂੰ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣਾ ਹੈ, ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਦੱਸ ਦਿੱਤਾ ਹੈ ਕਿ ਉਹ ਲੋਕਾਂ ਨਾਲ ਕੀਤੇ ਕਿਸੇ ਵਾਅਦੇ ਨੂੰ ਭੁੱਲੇ ਨਹੀਂ ਹਨ ਅਤੇ ਇਕ ਤੋਂ ਬਾਅਦ ਇਕ ਵਾਅਦੇ ਨੂੰ ਪੂਰਾ ਕਰ ਰਹੇ ਹਨ।