Punjab CM Channi to visit Punjabi University Patiala

November 23, 2021 - PatialaPolitics

Punjab CM Channi to visit Punjabi University Patiala tomorrow

ਪੰਜਾਬ ਦੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਭਲਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪਹੁੰਚ ਰਹੇ ਹਨ। ਜਿ਼ਕਰਯੋਗ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਸ੍ਰ. ਚਰਨਜੀਤ ਸਿੰਘ ਚੰਨੀ ਵੱਲੋਂ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੌਰੇ ਬਾਰੇ ਪਿਛਲੇ ਕਈ ਦਿਨਾਂ ਤੋਂ ਕਿਆਸ ਅਰਾਈਆਂ ਤੇ ਅੰਦਾਜ਼ੇ ਲਗਾਏ ਜਾ ਰਹੇ ਸਨ। ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮੀਡੀਆ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਦਾ ਪੱਕਾ ਹੱਲ ਕਰਨ ਜਾ ਰਹੇ ਹਨ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਇਹ ਦੌਰਾ ਪੰਜਾਬੀ ਯੂਨੀਵਰਸਿਟੀ ਨੂੰ ਇਸ ਦੇ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਦੇ ਲਿਹਾਜ਼ ਨਾਲ ਸਾਰਥਿਕ ਹੋਵੇਗਾ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਣਾਈ ਇਹ ਯੂਨੀਵਰਸਿਟੀ ਆਪਣੇ ਵੱਕਾਰੀ ਅਕਾਦਮਿਕ ਕਾਰਜਾਂ ਨੂੰ ਹੋਰ ਬਿਹਤਰੀ ਨਾਲ ਕਰ ਸਕੇਗੀ।
ਇਸ ਮੌਕੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਪੰਜਾਬੀ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਜਾ ਰਹੇ ਦੋ ਵਿਸ਼ੇਸ਼ ਕੇਂਦਰਾਂ ‘ਪੰਜਾਬ ਦਾ ਵਣ-ਤ੍ਰਿਣ-ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ’ ਅਤੇ ‘ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ’ ਦਾ ਉਦਘਾਟਨ ਵੀ ਕਰਨਗੇ।
ਮਿੱਥੇ ਪ੍ਰੋਗਰਾਮ ਅਨੁਸਾਰ ਇਹ ਦੋਹੇਂ ਸ਼ਖ਼ਸੀਅਤਾਂ 11:00 ਵਜੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਕੈਂਪਸ ਵਿਚ ਪੁੱਜਣਗੀਆਂ। ਉਨ੍ਹਾਂ ਦੇ ਸਵਾਗਤ ਲਈ ਸ੍ਰੀ ਗੁਰੂ ਤੇਗ ਬਹਾਦਰ ਹਾਲ ਰੱਖੇ ਗਏ ਪ੍ਰੋਗਰਾਮ ਵਿਚ 11:30 ਵਜੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਸੰਬੋਧਨ ਕਰਨਗੇ ਅਤੇ ਇਸ ਉਪਰੰਤ ਦੋਹਾਂ ਕੇਂਦਰਾਂ ਦਾ ਉਦਘਾਟਨ ਕੀਤਾ ਜਾਵੇਗਾ। 11:41 ਵਜੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਵੱਲੋਂ ਸੰਬੋਧਨ ਕੀਤਾ ਜਾਵੇਗਾ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿਛਲੇ ਸਮੇਂ ਵਿਚ ਲਗਾਤਾਰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਨਾਲ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਦੇ ਸੁਧਾਰ ਬਾਰੇ ਗੱਲ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਸਾਡੀ ਹੁਣ ਤਕ ਦੀ ਗੱਲਬਾਤ ਅਤੇ ਪਿਛਲੇ ਦਿਨੀਂ ਮੁੱਖ ਮੰਤਰੀ ਸਾਹਿਬ ਵੱਲੋਂ ਮੀਡੀਆ ਨਾਲ ਹੋਈ ਗੱਲਬਾਤ ਦੀ ਲੋਅ ਵਿਚ ਅਸੀਂ ਇਹ ਆਸ ਕਰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਇਸ ਵਿੱਤੀ ਸੰਕਟ ਵਿਚੋਂ ਨਿੱਕਲੇਗੀ ਅਤੇ ਹੋਰ ਤਨਦੇਹੀ ਨਾਲ ਆਪਣੇ ਬਣਦੇ ਕਾਰਜ ਕਰੇਗੀ।
ਯਾਦ ਰਹੇ ਕਿ ਹਾਲ ਹੀ ਵਿਚ ਲੰਘੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਮੌਕੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਗੁਰਦੁਆਰਾ ਸਾਹਿਬ ਵਿਖੇ ਇਹ ਅਰਦਾਸ ਕੀਤੀ ਗਈ ਸੀ ਕਿ ਪੰਜਾਬੀ ਯੂਨੀਵਰਸਿਟੀ ਪਿਛਲੇ ਤਕਰੀਬਨ 60 ਸਾਲ ਤੋਂ ਗਰੀਬ, ਲੋੜਵੰਦ ਪੇਂਡੂ ਵਰਗਾਂ ਅਤੇ ਵਿਸ਼ੇਸ਼ ਤੌਰ `ਤੇ ਲੜਕੀਆਂ ਦੀ ਉਚੇਰੀ ਸਿੱਖਿਆ ਲਈ ਇਸ ਖਿੱਤੇ ਵਿੱਚ ਇਕ ਚਾਨਣ ਮੁਨਾਰੇ ਵਜੋਂ ਕਾਰਜ ਕਰ ਰਹੀ ਹੈ। ਇਸ ਲਈ ਇਸ ਨੂੰ ਮੌਜੂਦਾ ਸਮੇਂ ਚੱਲ ਰਹੇ ਵਿੱਤੀ ਸੰਕਟ ਵਿੱਚੋਂ ਬਾਹਰ ਆਉਣ ਦਾ ਬਲ ਬਖਸਿ਼ਆ ਜਾਵੇ ਤਾਂ ਕਿ ਇੱਥੇ ਹੋ ਰਹੇ ਵੱਕਾਰੀ ਅਕਾਦਮਿਕ ਕਾਰਜ ਨਿਰੰਤਰ ਜਾਰੀ ਰਹਿ ਸਕਣ ਅਤੇ ਸਮਾਜ ਦੇ ਸਾਰੇ ਪੱਛੜੇ ਵਰਗ ਆਪਣੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਸੁਪਨਿਆਂ ਦੀ ਪੂਰਤੀ ਕਰਦੇ ਰਹਿਣ।
ਡਾਇਰੈਕਟਰ, ਲੋਕ ਸੰਪਰਕ