PUNJAB CM LAUNCHES NATIONAL GIRL CHILD DAY CELEBRATIONS WITH CALL TO SOCIETY TO SUPPORT GOVT IN WOMEN EMPOWERMENT

January 25, 2021 - PatialaPolitics

ਮੁੱਖ ਮੰਤਰੀ ਵੱਲੋਂ ਰਾਸ਼ਟਰੀ ਬਾਲੜੀ ਦਿਵਸ ਦੀ ਸ਼ੁਰੂਆਤ ਮੌਕੇ ਲੋਕਾਂ ਮਹਿਲਾ ਸਸ਼ਕਤੀਕਰਨ ਲਈ ਸਰਕਾਰ ਦਾ ਸਹਿਯੋਗ ਕਰਨ ਲਈ ਸੱਦਾ
ਪਟਿਆਲਾ, 25 ਜਨਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰੀ ਬਾਲੜੀ ਦਿਵਸ ਮੌਕੇ ਮਹਿਲਾ ਸਸ਼ਕਤੀਕਰਨ ਲਈ ਇੱਕ ਵੱਡੀ ਪਹਿਲ ਕਰਦਿਆਂ ਸਮਾਜ ਨੂੰ ਬੱਚੀਆਂ ਦੀ ਆਜ਼ਾਦੀ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ।
ਮੁੱਖ ਮੰਤਰੀ ਨੇ ਪੰਜਾਬ ‘ਚ ਜ਼ਮੀਨੀ ਪੱਧਰ ਤੱਕ ਜਾਗਰੂਕਤਾ ਦੀ ਗੱਲ ਕਰਦਿਆਂ ਆਖਿਆ ਕਿ 2013-14 ‘ਚ ਲਿੰਗ ਅਨੁਪਾਤ 890/1000 ਸੀ ਜੋ 2019-20 ਦੌਰਾਨ 920/1000 ਤੱਕ ਪੁੱਜ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਜਨਵਰੀ ਮਹੀਨੇ ਨੂੰ ਧੀਆਂ ਦੀ ਲੋਹੜੀ ਲਈ ਸਮਰਪਿਤ ਕਰਕੇ ਜਾਗਰੂਕਤਾ ਵੱਲ ਹੋਰ ਕਦਮ ਵਧਾਏ ਗਏ ਹਨ।
ਧਾਰਮਿਕ ਗ੍ਰੰਥਾਂ ‘ਚ ਔਰਤ ਦੇ ਉੱਚੇ ਰੁਤਬੇ ਦੀ ਗੱਲ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਹੁਤੇ ਖੇਤਰਾਂ ‘ਚ ਲੜਕੀਆਂ ਲੜਕਿਆਂ ਦੇ ਮੁਕਾਬਲੇ ਅੱਗੇ ਨਿਕਲ ਗਈਆਂ ਹਨ ਅਤੇ ਉਹ ਆਪਣੀ ਸਮਰੱਥਾ ਨੂੰ ਹਰੇਕ ਖੇਤਰ ‘ਚ ਸਾਬਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਹਰੇਕ ਖੇਤਰ ‘ਚ ਸਫਲ ਬਣਾਉਣ ਲਈ ਸਿਰਫ਼ ਪ੍ਰੇਰਨਾ ਦੀ ਜ਼ਰੂਰਤ ਹੈ ਅਤੇ ਅਜੋਕੇ ਸਮੇਂ ‘ਚ ਲੜਕੀਆਂ ਲਈ ਮੌਕੇ ਵੱਧ ਰਹੇ ਹਨ। ਉਨ੍ਹਾਂ ਅਮਰੀਕਾ ਦੇ ਨਵ-ਨਿਯੁਕਤ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਮਹਿਲਾਵਾਂ ਹਰ ਖੇਤਰ ‘ਚ ਅੱਗੇ ਵੱਧ ਰਹੀਆਂ ਹਨ ਅਤੇ ਹੁਣ ਮਹਿਲਾਵਾਂ ਫਾਈਟਰ ਜਹਾਜ਼ ਦੀਆਂ ਵੀ ਪਾਇਲਟ ਹਨ ਜੋ ਉਨ੍ਹਾਂ ਦੀ ਵੱਧ ਰਹੀ ਸ਼ਕਤੀ ਦਾ ਪ੍ਰਤੀਕ ਹੈ।
ਮੁੱਖ ਮੰਤਰੀ ਨੇ ਮਹਿਲਾ ਸਸ਼ਕਤੀਕਰਨ ਲਈ ਚੁੱਕੇ ਕਦਮਾਂ ਦੀ ਗੱਲ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ‘ਚ 30 ਫ਼ੀਸਦੀ ਰਾਖਵਾਂਕਰਨ, ਪੰਚਾਇਤੀ ਅਤੇ ਸਥਾਨਕ ਚੋਣਾਂ ‘ਚ ਔਰਤਾਂ ਲਈ 50 ਫ਼ੀਸਦੀ ਰਾਖਵਾਂਕਰਨ, ਹਰੇਕ ਜ਼ਿਲ੍ਹੇ ‘ਚ ਪੀੜਤ ਔਰਤਾਂ ਅਤੇ ਲੜਕੀਆਂ ਲਈ ਵਨ ਸਟਾਪ ਸੈਂਟਰ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਸਾਂ ‘ਚ ਔਰਤਾਂ ਲਈ 50 ਫ਼ੀਸਦੀ ਕਿਰਾਇਆ ‘ਚ ਛੋਟ ਦੀ ਸਕੀਮ ਵੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਦਾ ਹਵਾਲਾ ਦਿੰਦਿਆਂ ਕਿਹਾ ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਜਨਮ ਤੋਂ ਬੁਢਾਪੇ ਤੱਕ ਔਰਤਾਂ ਦੇ ਹੱਕਾਂ ਦੀ ਰਾਖੀ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ 8 ਲੱਖ ਔਰਤਾਂ ਨੂੰ ਸਮਰੱਥ ਬਣਾਏਗੀ। ਉਨ੍ਹਾਂ ਅੱਗੇ ਕਿਹਾ ਕਿ ਕਸਤੂਰਬਾ ਗਾਂਧੀ ਮਹਿਲਾ ਯੋਜਨਾ ਇਕ ਹੋਰ ਨਵੀਂ ਪਹਿਲਕਦਮੀ ਹੈ ਜੋ ਸਾਰੀਆਂ ਮੌਜੂਦਾ ਸਕੀਮਾਂ ਅਧੀਨ ਔਰਤਾਂ ਨੂੰ ਕਵਰ ਕਰੇਗੀ।
ਮੁੱਖ ਮੰਤਰੀ ਨੇ ਇਸ ਮੌਕੇ ਅਲੱਗ-ਅਲੱਗ ਸਮਾਜਿਕ ਸੁਰੱਖਿਆ ਸਕੀਮਾਂ ਦੀਆਂ ਪੰਜ ਲਾਭਪਾਤਰੀਆਂ ਸੁਮਨ, ਸਵਰੀਤ ਕੌਰ, ਸੁਮਨਪ੍ਰੀਤ ਕੌਰ, ਸ਼ਗਨਪ੍ਰੀਤ ਕੌਰ ਅਤੇ ਪ੍ਰਭਸਿਮਰਨ ਕੌਰ ਨੂੰ ਸਨਮਾਨਤ ਕੀਤਾ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਔਰਤਾਂ ਨੂੰ ਸੰਤੁਲਿਤ ਖੁਰਾਕ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਪੋਸ਼ਣ ਮਾਂਹ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਦੇ 27314 ਆਂਗਣਵਾੜੀ ਸੈਂਟਰਾਂ ਨੇ ਕੋਵਿਡ-19 ਦੌਰਾਨ ਮੂਹਰਲੀ ਕਤਾਰ ‘ਚ ਰਹਿਕੇ ਕੰਮ ਕੀਤਾ ਹੈ।
ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜੀ ਪੀ. ਸ੍ਰੀਵਾਸਤਵਾ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆ ਆਖਦਿਆਂ ਵਿਭਾਗ ਦੀਆਂ ਸਕੀਮਾਂ ਤੋਂ ਜਾਣੂੰ ਕਰਵਾਇਆ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਬਾਲੜੀ ਦਿਵਸ 24 ਜਨਵਰੀ ਨੂੰ ਸੀ, ਪਰ ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਅੱਜ ਇਸ ਦਿਵਸ ਨੂੰ ਮਨਾਇਆ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਤੇ ਰਾਜਿੰਦਰ ਸਿੰਘ, ਜੈ ਇੰਦਰ ਕੌਰ, ਹਰਿੰਦਰ ਸਿੰਘ ਹੈਰੀ ਮਾਨ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਮਹਿਲਾ ਤੇ ਬਾਲ ਵਿਕਾਸ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੇ ਡਾਇਰੈਕਟਰ ਵਿਪੁਲ ਉਜਵਲ ਮੌਜੂਦ ਸਨ