Punjab Government bans China door

March 15, 2018 - PatialaPolitics

ਪੰਜਾਬ ਸਰਕਾਰ ਵੱਲੋਂ ਚਾਈਨਾ ਅਤੇ ਸਿੰੰਥੈਟਿਕ ਡੋਰ ਰਾਹੀਂ ਹੁੰਦੇ ਵਾਤਾਵਰਨ, ਮਨੁੱਖਾਂ ਅਤੇ ਪੰਛੀਆਂ ਦੇ ਨੁਕਸਾਨ ਤੋਂ ਬਚਾ ਲਈ ਇਸ ਉਪਰ ਪੂਰਨ ਤੌਰ ‘ਤੇ ਪਾਬੰਦੀ ਦੇ ਹੁਕਮ ਦਿੱਤੇ ਗਏ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਲਈ ਕਿਹਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਦੱਸਿਆਂ ਕਿ ਪਤੰਗ ਉਡਾਉਣ ਲਈ ਵਰਤੀ ਜਾਂਦੀ ਪਲਾਸਟਿਕ, ਨਾਈਲਨ ਅਤੇ ਇਸ ਤਰ੍ਹਾਂ ਦੀ ਸਿੰਥੈਟਿਕ ਡੋਰ ਜਿਸ ਨੂੰ ਆਮ ਤੌਰ ‘ਤੇ ਚਾਈਨਾ ਡੋਰ ਕਿਹਾ ਜਾਂਦਾ ਹੈ, ਜੋ ਕੰਚ ਅਤੇ ਹੋਰ ਧਾਤ ਨਾਲ ਬਣੀ ਹੁੰਦੀ ਹੈ ਜੋ ਮਨੁੱਖਾ ਅਤੇ ਪੰਛੀਆਂ ਲਈ ਗੰਭੀਰ ਸੱਟਾ ਜਾ ਜਾਨ ਦਾ ਖਤਰਾ ਵੀ ਬਣਦੀ ਹੈ ਇਸ ਉਪਰ ਪੂਰਨ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆਂ ਕਿ ਇਹ ਡੋਰ ਗਲ ਦੀ ਸੜ ਦੀ ਨਹੀਂ ਹੈ ਜੋ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਹਾਨੀਕਾਰਕ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਇਸ ਡੋਰ ਰਾਹੀਂ ਬਿਜਲੀ ਲੰਘਣ ਕਾਰਨ ਇਹ ਜਿਥੇ ਬਿਜਲੀ ਦੀਆ ਲਾਈਨਾਂ ਨੂੰ ਖਰਾਬ ਕਰਦੀ ਹੈ, ਉਥੇ ਹੀ ਵੱਡੀਆਂ ਦੁਰਘਟਨਾਵਾਂ ਦਾ ਕਾਰਨ ਵੀ ਹੁੰਦੀ ਹੈ। ਪਤੰਗ ਉਡਾਉਣ ਲਈ ਵਰਤੀ ਜਾਂਦੀ ਇਸ ਡੋਰ ਨਾਲ ਪੰਛੀਆਂ ਦੇ ਮਰਨ ਵਿੱਚ ਬਹੁਤ ਵਾਧਾ ਹੋਇਆ ਹੈ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਚਾਈਨਾ ਡੋਰ ਅਤੇ ਸਿੰਥੈਟਿਕ ਡੋਰ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਿਸ ਤਹਿਤ ਪੰਜਾਬ ਵਿੱਚ ਇਸ ਉਪਰ ਪੂਰਨ ਤੌਰ ਤੇ ਪਾਬੰਦੀ ਹੈ। ਹੁਣ ਨਾ ਹੀ ਕੋਈ ਇਸ ਨੂੰ ਬਣਾ ਸਕਦਾ ਹੈ, ਨਾ ਵੇਚ ਸਕਦਾ ਹੈ, ਨਾ ਜਮਾਂ ਕਰ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਇਸ ਦੀ ਪਾਲਣਾ ਹਿਤ ਪੰਜਾਬ ਸਰਕਾਰ ਵੱਲੋਂ ਸਾਰੇ ਮੈਜਿਸਟਰੇਟ, ਜੰਗਲਾਤ ਵਿਭਾਗ ਦੇ ਇੰਸਪੈਕਟਰ ਤੇ ਉਪਰਲੇ ਅਫ਼ਸਰ, ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਅਤੇ ਇਸ ਤੋਂ ਉਪਰਲੇ ਰੈਕ ਦੇ ਅਫ਼ਸਰ, ਨਗਰ ਨਿਗਮਾਂ ਦੇ ਗਰੁੱਪ ਸੀ ਅਤੇ ਇਸ ਤੋਂ ਉਪਰਲੇ ਅਫ਼ਸਰ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਇਸ ਤੋਂ ਉਪਰਲੇ ਅਫ਼ਸਰ ਚਾਈਨਾ ਅਤੇ ਸਿੰਥੈਟਿਕ ਡੋਰ ਦੇ ਪਾਬੰਦੀ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਕਾਰਵਾਈ ਕਰਨਗੇ। ਉਨ੍ਹਾਂ ਦੱਸਿਆਂ ਕਿ ਪੰਜਾਬ ਸਰਕਾਰ ਦੇ ਹੁਕਮਾ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਕਰਵਾਈ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀ ਡੋਰ ਦਾ ਇਸਤੇਮਾਲ ਨਾ ਕਰਨ ਜਿਸ ਨਾਲ ਵਾਤਾਵਰਣ, ਪੰਛੀ ਅਤੇ ਮਨੁੱਖਾ ਨੂੰ ਨੁਕਸਾਨ ਹੁੰਦਾ ਹੈ।