Punjab school summer vacation till 15 June:Tripat Bajwa

May 7, 2020 - PatialaPolitics

ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਗਰਮੀਆਂ ਦੀਆਂ ਛੁੱਟੀਆਂ 15 ਮਈ ਤੋਂ 15 ਜੂਨ ਤੱਕ ਹੋਣਗੀਆਂ-ਤਿ੍ਰਪਤ ਬਾਜਵਾ
ਚੰਡੀਗੜ, 7 ਮਈ: ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ 15 ਮਈ ਤੋਂ 15 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਹੈ।
ਸੂਬੇ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦਸਿਆ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚਾਲੂ ਸਮੈਸਟਰ/ਕਲਾਸ ਦਾ ਤਕਰੀਬਨ 80 ਫੀਸਦੀ ਸਿਲੇਬਸ ਪੂਰਾ ਹੋ ਚੁੱਕਿਆ ਹੈ ਅਤੇ ਰਹਿੰਦਾ ਸਿਲੇਬਸ ਪੂਰਾ ਕਰਨ ਲਈ ਅਧਿਆਪਕ ਵਿਦਿਆਰਥੀਆਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਤਾਲਾਬੰਦੀ ਤੋਂ ਬਾਹਰ ਆਉਣ ਲਈ ਬਣਾਈ ਗਈ ਲਖਨਪਾਲ ਕਮੇਟੀ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਵਰਸਿਟੀ ਅਤੇ ਕਾਲਜ ਵਿਦਿਆਰਥੀਆਂ ਦੇ ਇਮਤਿਹਾਨ 1 ਜੁਲਾਈ ਤੋਂ ਲਏ ਜਾ ਸਕਦੇ ਹਨ। ਇਹਨਾਂ ਦਿਸ਼ਾ ਨਿਰਦੇਸ਼ਾਂ ਉੱਤੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨਾਲ ਹੋਈ ਮੀਟਿੰਗ ਵਿਚ ਹਿ ਵੀ ਸਹਿਮਤੀ ਸੀ ਕਿ ਅਗਲਾ ਅਕਾਦਮਿਕ ਸੈਸ਼ਨ ਸਤੰਬਰ ਵਿਚ ਸ਼ੁਰੂ ਕੀਤਾ ਜਾਵੇਗਾ।
ਸ਼੍ਰੀ ਬਾਜਵਾ ਨੇ ਕਿਹਾ ਕਿ ਉਪਰੋਕਤ ਹਾਲਾਤ ਦੇ ਮੱਦੇਨਜ਼ਰ ਇਹ ਮਹਿਸੂਸ ਕੀਤਾ ਗਿਆ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਹੋਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਇਹਨਾਂ ਦਿਨਾਂ ਵਿਚ ਕਰ ਦਿੱਤੀਆਂ ਜਾਣ ਤਾਂ ਕਿ ਛੁੱਟੀਆਂ ਤੋਂ ਬਾਅਦ ਅਧਿਆਪਕ ਇਮਤਿਹਾਨਾਂ ਅਤੇ ਨਵੇਂ ਦਾਖ਼ਲਿਆਂ ਦਾ ਕੰਮ ਕਰਨ ਲਈ ਪੂਰੇ ਤਰੋਤਾਜ਼ਾ ਹੋ ਕੇ ਆੁੳਣ। ਉਹਨਾਂ ਕਿਹਾ ਇਹ ਛੁੱਟੀਆਂ ਕਰਨ ਸਬੰਧੀ ਵਿਭਾਗ ਵਲੋਂ ਭੇਜੀ ਗਈ ਤਜ਼ਵੀਜ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨਗੀ ਦੇ ਦਿੱਤੀ ਹੈ।
ਉਚੇਰੀ ਸਿੱਖਿਆ ਮੰਤਰੀ ਨੇ ਦਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਕਰਨ ਸਬੰਧੀ ਸਰਕਾਰ ਦੇ ਆਦੇਸ਼ ਅੱਜ ਯੂਨੀਵਰਸਿਟੀਆਂ ਨੂੰ ਪਹੁੰਚ ਜਾਣਗੇ।