Punjabi Singer Shree Brar arrested by Patiala Police

January 5, 2021 - PatialaPolitics

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾਪਟਿਆਲਾ ਪੁਲਿਸ ਵੱਲੋਂ ਭੜਕਾਊ ਗੀਤ ਗਾਉਣ ਵਾਲਾ ਗਾਇਕ ਸ੍ਰੀ ਬਰਾੜ ਗ੍ਰਿਫ਼ਤਾਰ-ਐਸ.ਐਸ.ਪੀ. ਦੁੱਗਲ
-ਐਸ.ਐਸ.ਪੀ. ਦੀ ਸਖ਼ਤ ਚਿਤਾਵਨੀ, ਜੁਰਮਾਂ ਨੂੰ ਉਤਸ਼ਾਹਤ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਪਟਿਆਲਾ, 5 ਜਨਵਰੀ :
ਪਟਿਆਲਾ ਪੁਲਿਸ ਨੇ ਭੜਕਾਊ ਗੀਤ ਗਾਉਣ ਵਾਲੇ ਗਾਇਕ ਸ੍ਰੀ ਬਰਾੜ ਉਰਫ਼ ਪਵਨਦੀਪ ਪੁੱਤਰ ਗਰਦੀਪ ਸਿੰਘ ਵਾਸੀ ਪਿੰਡ ਸਿਲਵਾਲਾ ਖੁਰਦ ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਨੂੰ ਮੋਹਾਲੀ ਦੇ 91 ਸੈਕਟਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਇਸ ਬਾਰੇ ਦੱਸਿਆ ਕਿ ਇਸ ਗਾਇਕ ਵੱਲੋਂ ਗਾਏ ਗੀਤ ‘ਜਾਨ’ ਤੋਂ ਸੰਗੀਨ ਜੁਰਮ ਕਰਨ ਵਾਲਿਆਂ ਨੂੰ ਪਨਾਹ ਦੇਣ, ਜੇਲਾਂ, ਥਾਣਿਆਂ ‘ਚ ਬੈਠੇ ਅਪਰਾਧੀਆਂ ਨੂੰ ਛੁਡਾਉਣ ਨੂੰ ਉਤਸ਼ਾਹਤ ਕਰਨ ਤੇ ਪ੍ਰਸੰਸ਼ਾ ਕੀਤੀ ਗਈ ਹੈ, ਜਿਸ ਨਾਲ ਅਪਰਾਧੀਆਂ ਨੂੰ ਹਰ ਘਿਨੌਣੇ ਜੁਰਮ ਕਰਨ ਲਈ ਸ਼ਹਿ ਮਿਲਦੀ ਹੈ। ਐਸ.ਐਸ.ਪੀ. ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਵਿਰੁੱਧ ਪੁਲਿਸ ਸਖ਼ਤ ਕਾਰਵਾਈ ਕਰੇਗੀ, ਜੋ ਕਿ ਸੰਗੀਨ ਜ਼ੁਰਮਾਂ ਨੂੰ ਉਤਸ਼ਾਹਤ ਕਰੇਗਾ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਾਇਕ ਵਿਰੁੱਧ ਪਟਿਆਲਾ ਪੁਲਿਸ ਨੇ ਐਫ.ਆਈ.ਆਰ. ਨੰਬਰ 2 ਮਿਤੀ 3 ਜਨਵਰੀ 2021 ਪੁਲਿਸ ਇਨਸਾਈਟਮੈਂਟ ਟੂ ਡਿਸਅਫੈਕਸ਼ਨ ਐਕਟ 1922 ਦੀ ਧਾਰਾ 3, 500, 501, 502, 505, 115, 116, 120-ਬੀ, ਤਹਿਤ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕੀਤਾ ਸੀ। ਇਸ ਦੀ ਪੜਤਾਲ ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਪੀ ਜਾਂਚ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਜਾਂਚ ਕੇ.ਕੇ. ਪਾਂਥੇ ਦੀ ਅਗਵਾਈ ਹੇਠ ਕੀਤੀ ਗਈ।
ਸ੍ਰੀ ਦੁੱਗਲ ਨੇ ਦੱਸਿਆ ਕਿ ਇਸ ਗਾਇਕ ਸ੍ਰੀ ਬਰਾੜ ਨੂੰ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਰਾਹੁਲ ਕੌਸ਼ਲ ਵੱਲੋਂ ਅੱਜ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਵੱਲੋਂ ਗਾਏ ਗੀਤ ਨਾਲ ਜਿੱਥੇ ਆਮ ਲੋਕਾਂ ਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ ਉਤਸ਼ਾਹਤ ਕੀਤੇ ਜਾਣ ਦੇ ਨਾਲ-ਨਾਲ ਜੁਰਮ ਕਰਨ ਦੀ ਸ਼ਹਿ ਦਿਤੀ ਜਾ ਰਹੀ ਸੀ। ਉਥੇ ਹੀ ਲੋਕਾਂ ‘ਚ ਕਾਨੂੰਨ ਅਤੇ ਪ੍ਰਸ਼ਾਸਨ ਦਾ ਅਕਸ਼ ਵੀ ਖਰਾਬ ਹੋ ਰਿਹਾ ਸੀ ਅਤੇ ਲੋਕਾਂ ‘ਚ ਡਰ ਖਤਮ ਹੁੰਦਾ ਜਾ ਰਿਹਾ ਸੀ, ਜਿਸ ਲਈ ਅਜਿਹੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਕੁਝ ਲੋਕਾਂ ਵੱਲੋਂ ਯੂ.ਟਿਊਬ ‘ਤੇ ਗੀਤ ‘ਜਾਨ’ ਅਪਲੋਡ ਕੀਤਾ ਗਿਆ ਸੀ, ਜਿਸ ਦੇ ਬੋਲਾਂ, ”ਬੰਦੇ ਉਹ ਤੇਰੇ ਖਾਸ ਨੇ ਜ਼ਿਨ੍ਹਾਂ ਤੋਂ ਡਰੇ ਸਰਕਾਰ ਵੇ, ਇੱਕ ਡੱਬ ‘ਚ ਦੂਜਾ ਗੱਡੀ ‘ਚ ਦੋ ਦੋ ਰੱਖਦੇ ਹਥਿਆਰ ਨੇ,.. … .. ਸਾਡੀ ਛਤਰ ਛਾਇਆ ‘ਚ ਜੋ ਬਹਿ ਗਿਆ ਬੰਦ ਪੁਲਿਸ ਤੋਂ ਕਿੱਥੇ ਭਾਲੀਦਾ, ਹੱਥ ਪਿੱਛੇ ਕਹਿੰਦੇ ਥੋਡਾ ਸੀ, ਜਿਹੜਾ ਕਤਲ ਹੋਇਆ ਪਟਿਆਲਾ ਵੇ… .. ” ਸ੍ਰੀ ਦੁੱਗਲ ਨੇ ਕਿਹਾ ਕਿ ਇਸ ਗੀਤ ‘ਚ ਚਿਤਵੇ ਬੋਲਾਂ ਕਾਰਨ ਕਾਨੂੰਨ, ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਈ ਗਈ ਊਝ ਨਾਲ ਸਾਰੇ ਸਮਾਜ ‘ਚ ਅਮਨ ਕਨੂੰਨ ਵਿਵਸਥਾ ਨੂੰ ਹਾਨੀ ਪਹੁੰਚੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਵਿਰੁੱਧ ਪੁਲਿਸ ਸਖ਼ਤ ਕਾਰਵਾਈ ਕਰੇਗੀ, ਜੋ ਕਿ ਸੰਗੀਨ ਜ਼ੁਰਮਾਂ ਨੂੰ ਉਤਸ਼ਾਹਤ ਕਰੇਗਾ।