Patiala Politics

Patiala News Politics

Relaxation in Patiala curfew orders

ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਜ਼ਿਲ੍ਹੇ ਅੰਦਰ ਕੁਝ ਇਮਾਰਤ ਉਸਾਰੀ ਕਾਰਜਾਂ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਉਦਯੋਗਿਕ ਇਕਾਈਆਂ ਨੂੰ ਵੀ ਸ਼ਰਤਾਂ ਤਹਿਤ ਕੰਮ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ‘ਚ ਕੁਝ ਢਿੱਲ ਦਿੱਤੇ ਜਾਣ ਸਬੰਧੀਂ ਕੀਤੇ ਐਲਾਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਸਨਮੁੱਖ ਜਾਰੀ ਕੀਤੇ ਹਨ। ਕਿਸੇ ਵੀ ਸ਼ਿਕਾਇਤ ਹੋਣ ਦੀ ਸੂਰਤ ‘ਚ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਨੂੰ ਉਸਾਰੀ ਕਾਰਜਾਂ ਸਬੰਧੀਂ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ।
ਹੁਕਮਾਂ ਮੁਤਾਬਕ ਦਿਹਾਤੀ ਖੇਤਰਾਂ ਵਿੱਚ ਸਾਰੇ ਨਵੇਂ ਅਤੇ ਚੱਲ ਰਹੇ ਉਸਾਰੀ ਕਾਰਜ ਸ਼ੁਰੂ ਕਰਨ ਦੀ ਆਗਿਆ ਹੈ। ਜਦੋਂਕਿ ਸ਼ਹਿਰੀ ਖੇਤਰਾਂ ਵਿੱਚ ਕੇਵਲ ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਅਜਿਹੀਆਂ ਥਾਵਾਂ ‘ਤੇ ਮਜ਼ਦੂਰਾਂ ਦੀ ਉਪਲਬੱਧਤਾ ਹੋਣ ਦੇ ਸਨਮੁੱਖ ਸ਼ੁਰੂ ਕੀਤੇ ਜਾ ਸਕਣਗੇ। ਜਦੋਂਕਿ ਚੱਲ ਰਹੇ ਅਜਿਹੀਆਂ ਉਸਾਰੀ ਕਾਰਜਾਂ ਵਾਲੀਆਂ ਥਾਵਾਂ, ਜਿੱਥੇ ਕਿ ਮਜ਼ਦੂਰ ਪਹਿਲਾਂ ਹੀ ਰਹਿ ਰਹੇ ਹੋਣ, ਵਿਖੇ ਵੀ ਉਸਾਰੀ ਕਾਰਜ ਮੁੜ ਸ਼ੁਰੂ ਕੀਤੇ ਜਾ ਸਕਦੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ, ਦਿਹਾਤੀ ਖੇਤਰਾਂ ‘ਚ ਸਥਿਤ ਅਤੇ ਮਿਊਂਸੀਪਲ ਕਾਰਪੋਰੇਸ਼ਨ, ਕਮੇਟੀ ਜਾਂ ਨਗਰ ਪੰਚਾਇਤ ਹੱਦ ਤੋਂ ਬਾਹਰ ਸਾਰੇ ਉਦਯੋਗ, ਸਾਰੇ ਫੋਕਲ ਪੁਆਇੰਟਸ, ਸਾਰੇ ਉਦਯੋਗਿਕ ਕਲਸਟਰਾਂ ਪਰੰਤੂ ਕੰਟੇਨਮੈਂਟ ਜੋਨ ਤੋਂ ਬਾਹਰਲੀਆਂ ਉਦਯੋਗਿਕ ਇਕਾਈਆਂ ਨੂੰ ਵੀ ਕੰਮ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ। ਪਰ ਕੰਟੇਨਮੈਂਟ ਜੋਨ ਵਿੱਚ ਕੋਈ ਉਦਯੋਗਿਕ ਇਕਾਈ ਚਲਦੀ ਪਾਈ ਗਈ ਤਾਂ ਉਸ ਵਿਰੁੱਧ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਉਕਤ ਦਰਸਾਈਆਂ ਅਤੇ ਉਦਯੋਗ ਚਲਾਉਣ ਯੋਗ ਖੇਤਰਾਂ ‘ਚ ਸਥਿਤ ਉਦਯੋਗਿਕ ਇਕਾਈਆਂ ਨੂੰ ਮੁੜ ਚਲਾਉਣ ਲਈ ਕਿਸੇ ਵੀ ਲਿਖਤੀ ਆਗਿਆ ਦੀ ਲੋੜ ਨਹੀਂ ਹੈ। ਜੇਕਰ ਉਦਯੋਗਿਕ ਇਕਾਈਆਂ ਇਹ ਯਕੀਨੀ ਬਣਾ ਲੈਣ ਕਿ ਉਨ੍ਹਾਂ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਨਿਰਧਾਰਤ ਨੇਮਾਂ ਦੀ ਪਾਲਣਾ ਯਕੀਨੀ ਬਣਾ ਲਈ ਹੈ ਤਾਂ ਉਹ ਆਪਣੀ ਇਕਾਈ ‘ਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਨੂੰ ਉਨ੍ਹਾਂ ਦੀ ਈਮੇਲ ਆਈਡੀ ‘ਜੀਐਮਪੀਟੀਏਕਰਫਿਊਪਾਸ ਐਟ ਜੀਮੇਲ ਡਾਟ ਕਾਮ’ ਉਪਰ ਸਵੈ ਘੋਸ਼ਣਾ ਪੱਤਰ ਭੇਜਣਗੇ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਉਸਾਰੀ ਕਾਰਜਾਂ ਅਤੇ ਉਦਯੋਗਿਕ ਇਕਾਈਆਂ ‘ਚ ਕੰਮ ਕਰਦੇ ਮਜ਼ਦੂਰ ਜਨਤਕ ਟਰਾਂਸਪੋਰਟ, ਆਟੋ ਰਿਕਸ਼ਾ ਜਾਂ ਸਟੇਟ ਟਰਾਂਸਪੋਰਟ ਦੀਆਂ ਬੱਸਾਂ ਆਦਿ ਦੀ ਵਰਤੋਂ ਨਹੀਂ ਕਰਨਗੇ। ਪਰੰਤੂ ਉਹ ਪੈਦਲ ਜਾਂ ਆਪਣੇ ਸਾਇਕਲ ਆਦਿ ‘ਤੇ ਆਪਣੇ ਘਰ ਤੋਂ ਨੇੜਲੀ ਤੇ ਘੱਟ ਦੂਰੀ ਵਾਲੇ ਕੰਮ ਵਾਲੀ ਥਾਂ ‘ਤੇ ਜਾ ਸਕਦੇ ਹਨ। ਉਦਯੋਗਿਕ ਇਕਾਈਆਂ ਦੇ ਮਜ਼ਦੂਰਾਂ ਦੀ ਆਵਾਜਾਈ ਲਈ ਵੀ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਮੁੜ ਸਪਸ਼ਟ ਕੀਤਾ ਕਿ ਜ਼ਿਲ੍ਹਾ ਮੈਜਿਸਟਰੇਟ ਤੇ ਸਿਹਤ ਵਿਭਾਗ ਵੱਲੋਂ ਪਹਿਲਾਂ ਐਲਾਨੇ ਜਾਂ ਸਮੇਂ ਸਮੇਂ ‘ਤੇ ਐਲਾਨੇ ਜਾਣ ਵਾਲੇ ਕੰਟੇਨਮੈਂਟ ਜੋਨ ਵਿੱਚ ਕਿਸੇ ਵੀ ਉਦਯੋਗਿਕ ਇਕਾਈ ਵੱਲੋਂ ਕੰਮ ਕੀਤੇ ਜਾਣ ‘ਤੇ ਪੂਰਨ ਪਾਬੰਦੀ ਹੈ ਅਤੇ ਉਲੰਘਣਾ ਕਰਨ ਦੀ ਸੂਰਤ ਵਿੱਚ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ.ਪੀ.ਸੀ. 1860 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਲਾਗੂ ਕਰਫ਼ਿਊ ਵਿੱਚ ਸ਼ਰਤਾਂ ਤਹਿਤ ਕੁਝ ਛੋਟਾਂ ਦਾ ਐਲਾਨ ਕੀਤਾ ਹੈ। ਕੋਰੋਨਾਵਾਇਰਸ ਨੂੰ ਰੋਕਣ ਲਈ ਲਗਾਏ ਕਰਫਿਊ ‘ਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸੀ.ਆਰ.ਪੀ.ਸੀ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਿੱਤੀਆਂ ਇਹ ਛੋਟਾਂ ਕੰਟੇਨਮੈਂਟ ਜੋਨਾਂ ਵਿੱਚ ਲਾਗੂ ਨਹੀਂ ਹੋਣਗੀਆਂ। ਕੰਟੇਨਮੈਂਟ ਖੇਤਰਾਂ ‘ਚ ਦੁਕਾਨਾਂ ਖੋਲ੍ਹਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ‘ਚ ਕੋਰੋਨਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਵਿੱਚ ਕੁਝ ਛੋਟਾਂ ਦੇਣ ਦਾ ਐਲਾਨ ਕੀਤਾ ਸੀ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਅਤੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਸ਼ਰਤਾਂ ਤਹਿਤ ਕੁਝ ਛੋਟਾਂ ਦੇਣ ਸਬੰਧੀਂ ਵਿਸਥਾਰਤ ਹੁਕਮ ਜਾਰੀ ਕੀਤੇ ਹਨ।
ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਪੇਂਡੂ ਖੇਤਰਾਂ ਵਿੱਚ ਐਸਟਬਲਿਸ਼ਮੈਂਟ ਤਹਿਤ ਰਜਿਸਟਰਡ ਅਤੇ ਕੇਵਲ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ 50 ਫੀਸਦੀ ਕਾਮਿਆਂ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ ਪਰ ਇਨ੍ਹਾਂ ਖੇਤਰਾਂ ਵਿੱਚ ਮਲਟੀ ਬ੍ਰਾਂਡ ਤੇ ਸਿੰਗਲ ਬ੍ਰਾਂਡ ਮਾਲ ਨਹੀਂ ਖੁੱਲ੍ਹਣਗੇ। ਸ਼ਹਿਰੀ ਖੇਤਰਾਂ ਵਿੱਚ ਕਿਸੇ ਵੀ ਮਾਲ ਜਾਂ ਮਲਟੀਪਲੈਕਸ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ।
ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਕਿਸੇ ਵੀ ਮਾਰਕੀਟ ਜਾਂ ਬਾਜ਼ਾਰ ਜਾਂ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਇਜ਼ਾਜਤ ਨਹੀਂ ਪਰੰਤੂ ਅਜਿਹੀਆਂ ਦੁਕਾਨਾਂ ਜਿਹੜੀਆਂ ਇਕੱਲੀਆਂ ਹੋਣ (ਸਟੈਂਡ ਅਲੋਨ) ਭਾਵ ਜਿਨ੍ਹਾਂ ਦੇ ਆਲੇ-ਦੁਆਲੇ ਜਾਂ ਨਾਲ ਲੱਗਦੀ ਕੋਈ ਦੁਕਾਨ ਨਾ ਹੋਵੇ ਸਮੇਤ ਕਲੋਨੀਆਂ ਦੇ ਵੇਹੜਿਆਂ ‘ਚ ਇਕੱਲੀਆਂ ਦੁਕਾਨਾਂ ਜਾਂ ਬੰਦ ਗੇਟਾਂ ਵਾਲੀਆਂ ਕਲੋਨੀਆਂ ‘ਚ ਦੁਕਾਨਾਂ ਵੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹ ਸਕਦੀਆਂ ਹਨ।
ਹੁਕਮਾਂ ਮੁਤਾਬਕ ਸੈਲੂਨ, ਨਾਈ, ਬਿਊਟੀ ਪਾਰਲਰ ਅਤੇ ਸ਼ਰਾਬ ਦੇ ਠੇਕੇ ਤੇ ਦੁਕਾਨਾਂ ਖੋਲ੍ਹਣ ‘ਤੇ ਪੂਰਨ ਪਾਬੰਦੀ ਹੋਵੇਗੀ। ਈ ਕਾਮਰਸ ਕੰਪਨੀਆਂ ਸਿਰਫ਼ ਜਰੂਰੀ ਵਸਤਾਂ ਘਰ-ਘਰ ਵੇਚ ਸਕਣਗੀਆਂ। ਜਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਥੋਕ, ਪਰਚੂਨ, ਕਰਿਆਨਾ, ਸਬਜ਼ੀ, ਫ਼ਲ, ਦੁੱਧ ਤੇ ਦੁੱਧ ਨਾਲ ਸਬੰਧਤ ਉਤਪਾਦਾਂ ਦੀਆਂ ਦੁਕਾਨਾਂ ਬੇਕਰੀ, ਪੋਲਟਰੀ, ਕੈਮਿਸਟ, ਖੇਤੀਬਾੜੀ ਨਾਲ ਸਬੰਧਤ ਦੁਕਾਨਾਂ ਨੂੰ ਪਹਿਲਾਂ ਜਾਰੀ ਹੁਕਮਾਂ ਮੁਤਾਬਕ ਮਿਲੀ ਆਗਿਆ ਜਾਰੀ ਰਹੇਗੀ। ਜਦੋਂਕਿ ਪੱਖੇ, ਕੂਲਰ, ਏ.ਸੀ. ਦੀਆਂ ਦੁਕਾਨਾਂ ਅਤੇ ਇਨ੍ਹਾਂ ਦੀ ਰਿਪੇਅਰ ਦੀਆਂ ਦੁਕਾਨਾਂ ਨੂੰ ਵੀ ਛੋਟ ਹੋਵੇਗੀ ਅਤੇ ਇਹ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਗ੍ਰਾਹਕਾਂ ਨੂੰ ਡੀਲ ਕਰ ਸਕਣਗੇ ਅਤੇ 11 ਵਜੇ ਤੋਂ ਬਾਅਦ ਕੇਵਲ ਪਹਿਲਾਂ ਵਾਂਗ ਹੀ ਹੋਮ ਡਿਲਿਵਰੀ ਜਾਰੀ ਰੱਖ ਸਕਦੇ ਹਨ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਰਿਵਾਰਾਂ ਦਾ ਸਿਰਫ਼ ਇੱਕ ਮੈਂਬਰ ਹੀ ਜਰੂਰੀ ਵਸਤਾਂ ਖਰੀਦਣ ਲਈ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਘਰ ਤੋਂ ਬਾਹਰ ਪੈਦਲ ਮਾਸਕ ਪਾ ਕੇ ਅਤੇ ਸਮਾਜਿਕ ਦੂਰੀ ਬਣਾਉਂਦਿਆਂ ਜਾ ਸਕਦਾ ਹੈ ਪਰੰਤੂ ਜੇਕਰ ਕੋਈ ਵਿਅਕਤੀ ਵਹੀਕਲ ਲੈਕੇ ਸਮਾਨ ਲੈਣ ਜਾਂਦਾ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਕਰਦਿਆਂ ਵਹੀਕਲ ਜਬਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 65 ਸਾਲ ਤੋਂ ਵਧ ਉਮਰ ਦੇ ਵਿਅਕਤੀਆਂ ਸਮੇਤ ਛੋਟੇ ਬੱਚਿਆਂ ਅਤੇ ਜਿਹੜੇ ਵਿਅਕਤੀ ਕਿਸੇ ਤਰ੍ਹਾਂ ਦੇ ਇਲਾਜ ਅਧੀਨ ਹੋਣ ਉਨ੍ਹਾਂ ਦਾ ਘਰ ਰਹਿਣਾ ਹੀ ਯਕੀਨੀ ਬਣਾਇਆ ਜਾਵੇ।
ਹਰ ਦੁਕਾਨਦਾਰ ਯਕੀਨੀ ਬਣਾਏਗਾ ਕਿ ਦੁਕਾਨ ਦੇ ਬਾਹਰ ਚਿੱਟੇ ਰੰਗ ਦੇ ਗੋਲੇ ਬਣਾਏ ਗਏ ਹੋਣ ਤਾਂ ਕਿ ਸਮਾਜਿਕ ਦੂਰੀ ਸਬੰਧੀਂ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਦੋ ਵਿਅਕਤੀਆਂ ਦਰਮਿਆਨ ਡੇਢ ਮੀਟਰ ਦਾ ਫਾਸਲਾ ਰੱਖਿਆ ਜਾਵੇ। ਦੁਕਾਨਾਂ ‘ਚ ਕੰਮ ਕਰਦੇ ਵਿਅਕਤੀ ਮਾਸਕ, ਸੈਨੇਟਾਈਜ਼ਰ ਦਾ ਇਸਤਿਮਾਲ ਕਰਨਾ ਅਤੇ ਕੋਵਿਡ-19 ਨਿਯਮਾਂ ਦਾ ਪਾਲਣ ਵੀ ਕਰਨਗੇ।

Facebook Comments