Rink Hall Patiala to soon get new look
June 14, 2019 - PatialaPolitics
ਪਟਿਆਲਾ ਦੇ ਇਤਿਹਾਸਕ ਬਾਰਾਂਦਰੀ ਬਾਗ ਵਿੱਚ ਸਥਿਤ ਰਿੰਕ ਹਾਲ ਦੀ 47 ਲੱਖ ਰੁਪਏ ਦੀ ਲਾਗਤ ਕਾਇਆ ਕਲਪ ਕਰਕੇ ਇਸ ਨੂੰ 15 ਜੁਲਾਈ ਤੱਕ ਖਿਡਾਰੀਆਂ ਦੀ ਸਹੂਲਤ ਲਈ ਖੋਲ੍ਹ ਦਿੱਤਾ ਜਾਵੇਗਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਰਿੰਕ ਹਾਲ ਵਿਖੇ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਸ੍ਰੀ ਪਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਪਟਿਆਲਾ ਸ਼ਹਿਰ ਦੇ ਪੁਰਾਣੇ ਰਿੰਕ ਹਾਲ ਨੂੰ 47 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਦਿੱਖ ਪ੍ਰਦਾਨ ਕਰਕੇ ਇਸ ਨੂੰ 15 ਜੁਲਾਈ ਤੱਕ ਖਿਡਾਰੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਹਾਲ ਦਾ ਪੁਰਾਣਾ ਲੱਕੜ ਦਾ ਫਰਸ਼ ਖਰਾਬ ਹੋਣ ਕਾਰਨ ਇੱਥੇ ਕਰੀਬ 14 ਹਜ਼ਾਰ ਵਰਗ ਫੁੱਟ ਨਵਾਂ ਫਰਸ਼ ਲਗਾਇਆ ਗਿਆ ਹੈ ਅਤੇ ਸਾਰੀ ਇਮਾਰਤ ਦੀ ਲੋੜੀਂਦੀ ਮੁਰੰਮਤ ਕਰਕੇ ਇਸ ਨੂੰ ਨਵਾਂ ਪੇਂਟ ਵੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਰਿੰਕ ਹਾਲ ਅੰਦਰ ਰੇਲਿੰਗ ਤੇ ਟਾਇਲਾਂ ਨਵੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਛੇਤੀ ਹੀ ਖਿਡਾਰੀ ਇਸ ਰਿੰਕ ਹਾਲ ਦੀਆਂ ਸੇਵਾਵਾਂ ਹਾਸਲ ਕਰ ਸਕਣਗੇ।
ਇਸ ਮੌਕੇ ਸ਼੍ਰੀ ਪਰੇ ਦੇ ਨਾਲ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮਿਸ ਇਨਾਇਤ ਗੁਪਤਾ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।