Rozgar Mela in Patiala on 29th Nov.2018

October 25, 2018 - PatialaPolitics

‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲ ਕਦਮੀ ਤਹਿਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 29 ਨਵੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਰਾਜ ਪੱਧਰੀ ਮੈਗਾ ਨੌਕਰੀ ਮੇਲਾ ਲਗਾਇਆ ਜਾ ਰਿਹਾ ਹੈ।” ਇਹ ਜਾਣਕਾਰੀ ਦਿੰਦਿਆਂ ਕਮਿਸ਼ਨਰ-ਕਮ-ਡਾਇਰੈਕਟਰ ਰੋਜ਼ਗਾਰ ਉਤਪਤੀ ਤੇ ਸਿਖਲਾਈ ਅਤੇ ਮਿਸ਼ਨ ਡਾਇਰੈਕਟਰ ਘਰ-ਘਰ ਰੋਜ਼ਗਾਰ ਮਿਸ਼ਨ ਪੰਜਾਬ ਸ੍ਰੀ ਰਾਹੁਲ ਤਿਵਾੜੀ ਆਈ.ਏ.ਐਸ. ਨੇ ਦੱਸਿਆ ਕਿ ਇਸ ਮੇਲੇ ‘ਚ ਮੁੱਖ ਮੰਤਰੀ ਖ਼ੁਦ ਸ਼ਿਰਕਤ ਕਰਨਗੇ ਤੇ ਪਿਛਲੇ 6 ਮਹੀਨਿਆਂ ਦੌਰਾਨ ਸਰਕਾਰੀ ਤੇ ਗ਼ੈਰ ਸਰਕਾਰੀ ਖੇਤਰ ‘ਚ ਦਿੱਤੀਆਂ ਗਈਆਂ ਨੌਕਰੀਆਂ ਅਤੇ ਸਵੈ ਰੋਜ਼ਗਾਰ ਲਈ ਪ੍ਰਦਾਨ ਕੀਤੇ ਗਏ ਕਰਜ਼ਿਆਂ ਦੇ ਪ੍ਰਮਾਣ ਪੱਤਰ ਲਾਭਪਾਤਰੀਆਂ ਨੂੰ ਵੰਡਣਗੇ।

ਸ੍ਰੀ ਰਾਹੁਲ ਤਿਵਾੜੀ ਇਸ ਮੈਗਾ ਨੌਕਰੀ ਮੇਲੇ ਦੇ ਅਗੇਤੇ ਪ੍ਰਬੰਧਾਂ ਲਈ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਅਤੇ ਹੋਰ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰ ਰਹੇ ਸਨ।
ਇਸ ਮੌਕੇ ਸ੍ਰੀ ਤਿਵਾੜੀ ਨੇ ਦੱਸਿਆ ਕਿ ਇਸ ਮੈਗਾ ਜਾਬ ਮੇਲੇ ਦੌਰਾਨ ਪੰਜਾਬ ਭਰ ਦੇ 20 ਹਜ਼ਾਰ ਦੇ ਕਰੀਬ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਤੋਂ ਪਹਿਲਾਂ ਰਾਜ ਭਰ ‘ਚ ਸਮੁੱਚੇ ਜ਼ਿਲ੍ਹਿਆਂ ਅੰਦਰ 12 ਤੋਂ 18 ਨਵੰਬਰ ਤੱਕ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਲੱਗਣਗੇ ਜਦੋਂਕਿ 19, 20, 21 ਤੇ 22 ਨਵੰਬਰ ਨੂੰ ਲੁਧਿਆਣਾ ਵਿਖੇ ਰੋਜ਼ਗਾਰ ਮੇਲੇ ਲੱਗਣਗੇ ਅਤੇ 29 ਨਵੰਬਰ ਨੂੰ ਰਾਜ ਪੱਧਰੀ ਮੈਗਾ ਜਾਬ ਮੇਲਾ ਪਟਿਆਲਾ ਵਿਖੇ ਲਾਇਆ ਜਾਵੇਗਾ।
ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਇਸ ਮੈਗਾ ਜਾਬ ਮੇਲੇ ਨੂੰ ਸਫ਼ਲਤਾ ਪੂਰਵਕ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦੇਣ ਸਮੇਤ ਇਸ ਮੇਲੇ ਦੇ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਦਾ ਭਰੋਸਾ ਦਿੰਦਿਆਂ ਦੱਸਿਆ ਕਿ ਇਸ ਮੇਲੇ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੇ ਵਧੀਕ ਡਾਇਰੈਕਟਰ ਰਾਜਦੀਪ ਕੌਰ, ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਰੋਜ਼ਗਾਰ ਵਿਭਾਗ ਦੇ ਜੁਆਇੰਟ ਡਾਇਰੈਕਟਰ ਸ੍ਰੀਮਤੀ ਗੁਰਮੀਤ ਕੌਰ ਸ਼ੇਰਗਿੱਲ, ਡਿਪਟੀ ਡਾਇਰੈਕਟਰ ਜਤਿੰਦਰ ਕੁਮਾਰ ਸਰੀਨ, ਰੋਜ਼ਗਾਰ ਅਫ਼ਸਰ ਮੇਜਰ (ਸੇਵਾ ਮੁਕਤ) ਸ. ਹਰਪ੍ਰੀਤ ਸਿੰਘ ਮਾਨਸ਼ਾਹੀਆ, ਐਸ.ਡੀ.ਓ. ਲੋਕ ਨਿਰਮਾਣ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੀਟਿੰਗ ਤੋਂ ਬਾਅਦ ਸ੍ਰੀ ਰਾਹੁਲ ਤਿਵਾੜੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਪੰਜਾਬੀ ਯੂਨੀਵਰਸਿਟੀ, ਜਿਥੇ ਇਹ ਨੌਕਰੀ ਮੇਲਾ ਲਗਾਇਆ ਜਾਣਾ ਹੈ, ਵਾਲੀ ਥਾਂ ਦਾ ਵੀ ਦੌਰਾ ਕੀਤਾ ਅਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ।