Shri Kali Devi Mandir Patiala to get new look

March 10, 2019 - PatialaPolitics

ਪਟਿਆਲਾ ਦੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਨਵਾਂ ਸ਼ਾਪਿੰਗ ਕੰਪਲੈਕਸ, ਪ੍ਰਸ਼ਾਦ ਘਰ, ਜੋੜਾ ਘਰ ਤੇ ਗਠੜੀ ਘਰ ਬਣਾਉਣ ਦਾ ਸ਼ੁੱਭ ਅਰੰਭ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਟੱਕ ਲਗਾਕੇ ਸ਼ੁਰੂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਸੂਚਨਾ ਕਮਿਸ਼ਨਰ ਸ੍ਰੀ ਸੰਜੀਵ ਗਰਗ, ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ਹਿਰੀ ਸ੍ਰੀ ਕੇ.ਕੇ ਮਲਹੋਤਰਾ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਧਰਮ ਅਰਥ ਬੋਰਡ ਦੇ ਚੇਅਰਮੈਨ ਸ੍ਰੀ ਕੁਮਾਰ ਅਮਿਤ ਵੀ ਮੌਜੂਦ ਸਨ।

ਇਸ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਇਸ ਪੁਰਾਤਨ ਤੇ ਇਤਿਹਾਸਕ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ ਅਤੇ ਪਟਿਆਲਾ ਸ਼ਹਿਰ ਦੀ ਇਸ ਪੁਰਾਤਨ ਮੰਦਰ ਨਾਲ ਪੂਰੀ ਦੁਨੀਆ ਵਿੱਚ ਪਹਿਚਾਣ ਹੈ, ਇਸ ਲਈ ਇਸ ਮੰਦਰ ਦੀ ਇਮਾਰਤ ਅਤੇ ਇਸਦੇ ਆਲੇ ਦੁਆਲੇ ਨੂੰ ਹੋਰ ਖੂਬਸੂਰਤ ਬਨਾਉਣ ਲਈ ਇੱਕ ਨਵੀਂ ਰੂਪ ਰੇਖਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਮੰਦਿਰ ਸ੍ਰੀ ਕਾਲੀ ਦੇਵੀ ਦੀ ਸਲਾਹਕਾਰ ਮੈਨੇਜਿੰਗ ਕਮੇਟੀ ਪੂਰੇ ਜੋਰਾਂ-ਸ਼ੋਰਾਂ ਨਾਲ ਕੰਮ ਕਰ ਰਹੀ ਹੈ, ਜੋ ਸ਼ਲਾਘਾਯੋਗ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੰਦਿਰ ਦੀ ਨੁਹਾਰ ਬਦਲਣ ਲਈ ਧਰਮ ਅਰਥ ਬੋਰਡ ਵੱਲੋਂ 2 ਕਰੋੜ 28 ਲੱਖ ਰੁਪਏ ਖਰਚੇ ਜਾ ਰਹੇ ਹਨ ਜਿਸ ਨਾਲ ਮੰਦਿਰ ਵਿਚਲੀਆਂ ਦੁਕਾਨਾਂ ਨੂੰ ਬਾਹਰ ਕੱਢਕੇ ਨਵੀਆਂ ਦੁਕਾਨਾਂ ਬਣਾਈਆਂ ਜਾਣਗੀਆਂ ਜਿਸ ਨਾਲ ਮੰਦਿਰ ਦੇ ਅੰਦਰ ਸ਼ਰਧਾਲੂ ਲਈ ਥਾਂ ਹੋਰ ਜਾਵੇਗੀ। ਜਿਸ ਨਾਲ ਸ਼ਰਧਾਲੂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਮੰਦਿਰ ਦੇ ਨਵੀਨੀਕਰਨ ਦੇ ਦੂਜੇ ਪੜਾਅ ਵਿੱਚ 30 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਵਿੱਚ ਮੰਦਿਰ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਭੂਮੀ ਪੂਜਨ ਕੀਤਾ।
ਇਸ ਮੌਕੇ ਜਗਤ ਗੁਰੂ ਪੰਚਾਨਦ ਗਿਰੀ ਜੂਨਾ ਅਖਾੜਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮੰਦਿਰ ਸ੍ਰੀ ਕਾਲੀ ਦੇਵੀ ਦੀ ਸਲਾਹਕਾਰ ਮੈਨੇਜਿੰਗ ਕਮੇਟੀ ਦੇ ਮੈਂਬਰ ਆਰਕੀਟੈਕਟ ਐਲ.ਆਰ. ਗੁਪਤਾ, ਵਿਪਨ ਸ਼ਰਮਾ, ਨੀਰਜ ਸਿੰਗਲਾ, ਅਸ਼ਵਨੀ ਕੁਮਾਰ ਗਰਗ, ਰਵਿੰਦਰ ਕੌਸ਼ਲ, ਹਰਬੰਸ ਲਾਲ, ਰਾਜੇਸ਼ ਬੱਲਾ ਸਮੇਤ ਸਚਿਨ ਸ਼ਰਮਾ, ਐਸ.ਡੀ.ਐਮ. ਸ੍ਰੀ ਸੰਜੀਵ ਕੁਮਾਰ, ਤਹਿਸੀਲਦਾਰ ਪਟਿਆਲਾ ਸ੍ਰੀ ਪਰਵੀਨ ਕੁਮਾਰ ਸਿੰਗਲਾ ਸਮੇਤ ਵੱਡੀ ਗਿਣਤੀ ‘ਚ ਹੋਰ ਪਤਵੰਤੇ ਮੌਜੂਦ ਸਨ।
ਕੈਪਸ਼ਨ- ਪਟਿਆਲਾ ਦੇ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਨਵੇਂ ਕੰਮਾਂ ਦਾ ਸ਼ੁੱਭ ਅਰੰਭ ਕਰਵਾਉਂਦੇ ਹੋਏ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ। ਉਨ੍ਹਾਂ ਦੇ ਨਾਲ ਪੰਜਾਬ ਦੇ ਸੂਚਨਾ ਕਮਿਸ਼ਨਰ ਸ੍ਰੀ ਸੰਜੀਵ ਗਰਗ, ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੀ ਨਜ਼ਰ ਆ ਰਹੇ ਹਨ।