Patiala Politics

Patiala News Politics

Sports University Patiala will do operations from Mohindra Kothi


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿੱਚ ਨਵੀਂ ਖੇਡ ਯੂਨੀਵਰਸਿਟੀ ਨੂੰ 1 ਸਤੰਬਰ 2019 ਤੋਂ ਚਾਲੂ ਕਰਨ ਦੀ ਦਿੱਤੀ ਪ੍ਰਵਾਨਗੀ ਅਤੇ ਪਿੰਡ ਸਿੱਧੂਵਾਲ ਵਿਖੇ 97 ਏਕੜ ਜਮੀਨ ਵਿੱਚ ਯੂਨੀਵਰਸਿਟੀ ਦੀ ਨਵੀਂ ਇਮਾਰਤ ਮੁਕੰਮਲ ਹੋਣ ਤੱਕ ਯੂਨੀਵਰਸਿਟੀ ਨੂੰ ਪਟਿਆਲਾ ਦੀ ਮਾਲ ਰੋਡ ‘ਤੇ ਸਥਿਤ ਮਹਿੰਦਰਾ ਕੋਠੀ ‘ਚ ਆਰਜੀ ਤੌਰ ‘ਤੇ ਚਲਾਉਣ ਦੀ ਕੀਤੀ ਹਦਾਇਤ ਉਪਰੰਤ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਮਹਿੰਦਰਾ ਕੋਠੀ ਦਾ ਦੌਰਾ ਕਰਕੇ ਸਬੰਧਤ ਵਿਭਾਗਾਂ ਨੂੰ ਮਹਿੰਦਰਾ ਕੋਠੀ ਵਿਖੇ ਖੇਡ ਯੂਨੀਵਰਸਿਟੀ ਦੇ ਬਣਨ ਵਾਲੇ ਆਰਜੀ ਕੈਂਪਸ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰਨ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਇਸ ਪ੍ਰੋਜੈਕਟ ਦੀ ਖੁਦ ਨਿਗਰਾਨੀ ਕਰ ਰਹੇ ਹਨ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਦੇ ਤੁਰੰਤ ਟੈਂਡਰ ਲਗਾ ਕੇ ਕੰਮ 30 ਜੁਲਾਈ ਤੱਕ ਹਰ ਹਾਲ ਵਿੱਚ ਮੁਕੰਮਲ ਕੀਤਾ ਜਾਵੇ ਤਾਂ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ 1 ਸਤੰਬਰ ਤੱਕ ਯੂਨੀਵਰਸਿਟੀ ਦੇ ਇਸ ਆਰਜੀ ਕੈਂਪਸ ਨੂੰ ਚਾਲੂ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਮੌਕੇ ‘ਤੇ ਹਾਜ਼ਰ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰਾ ਕੰਮ ਮਿਆਰੀ ਕੀਤਾ ਜਾਵੇ ਤੇ ਉਸ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਉਹਨਾਂ ਦੱਸਿਆ ਕਿ ਉਹ ਪਿੰਡ ਸਿੱਧੂਵਾਲ ਵਿਖੇ 97 ਏਕੜ ਜਮੀਨ ਵਿੱਚ ਬਣਨ ਵਾਲੀ ਖੇਡ ਯੂਨੀਵਰਸਿਟੀ ਦੇ ਸਥਾਨ ਦਾ ਵੀ ਦੌਰਾ ਕਰਕੇ ਆਏ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਅੱਜ ਮਹਿੰਦਰਾ ਕੋਠੀ ਵਿਖੇ ਬਣ ਰਹੇ ਮੈਡਲ ਤੇ ਦੁਰਲਭ ਸਿੱਕਿਆਂ ਦੇ ਮਿਊਜੀਅਮ ਦੇ ਕੰਮ ਕਾਜ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨਾਲ ਏ.ਡੀ.ਸੀ. ਜਨਰਲ ਸ਼੍ਰੀ ਸ਼ੌਕਤ ਅਹਿਮਦ ਪਰੇ, ਐਕਸੀਅਨ ਸ਼੍ਰੀ ਨਵੀਨ ਮਿੱਤਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Facebook Comments