Patiala Politics

Patiala News Politics

Tohra family rejoins SAD


ਅੱਜ ਪੰਜਾਬ ਦੀ ਸਿਆਸਤ ਉੱਤੇ ਲੰਬੇ ਸਮੇਂ ਤਕ ਵਿਚਾਰਧਾਰਕ ਅਤੇ ਰਾਜਨੀਤਿਕ ਅਸਰ ਛੱਡਣ ਵਾਲੀ ਘਟਨਾ ਨੂੰ ਅੰਜ਼ਾਮ ਦਿੰਦਿਆਂ ਸਿਰਮੌਰ ਪੰਥਕ ਅਤੇ ਅਕਾਲੀ ਆਗੂ ਅਤੇ ਸਭ ਤੋਂ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ ਹੈ।

ਇੱਥੇ ਜਥੇਦਾਰ ਟੌਹੜਾ ਦੇ ਜਵਾਈ ਜਥੇਦਾਰ ਹਰਮੇਲ ਸਿੰਘ ਟੌਹੜਾ, ਬੇਟੀ ਬੀਬੀ ਕੁਲਦੀਪ ਕੌਰ ਅਤੇ ਦੋਹਤੇ ਸਰਦਾਰ ਹਰਿੰਦਰਪਾਲ ਸਿੰਘ ਟੌਹੜਾ ਦਾ ਪਾਰਟੀ ਵਿਚ ਜ਼ੋਰਦਾਰ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖਾਲਸਾ ਪੰਥ ਦੇ ਦਰਦੀਆਂ ਦੇ ਦਿਲ ਅੱਜ ਖੁਸ਼ੀ ਨਾਲ ਉੱਛਲ ਜਾਣਗੇ। ਅੱਜ ਰਾਤ ਨੂੰ ਹਰ ਪੰਥ ਦਰਦੀ ਚੈਨ ਦੀ ਨੀਂਦ ਸੌਂਵੇਗਾ, ਕਿਉਂਕਿ ਸਮੁੱਚਾ ਖਾਲਸਾ ਪੰਥ ਅੱਜ ਮੁੜ ਤੋਂ ਇੱਕ ਪਰਿਵਾਰ ਵਾਂਗ ਇੱਕਜੁਟ ਹੋ ਗਿਆ ਹੈ।

ਇੱਕ ਦਿਨ ਪਹਿਲਾਂ ਹਾਲੇ ਕੱਲ੍ਹ ਹੀ ਦੋ ਵੱਡੇ ਸਾਬਕਾ ਕਾਂਗਰਸੀ ਆਗੂਆਂ ਜਗਮੀਤ ਸਿੰਘ ਬਰਾੜ ਅਤੇ ਰਿਪਜੀਤ ਸਿੰਗ ਬਰਾੜ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਨ।

ਇਸ ਮੌਕੇ ਸਰਦਾਰ ਬਾਦਲ ਨੇ ਜਥੇਦਾਰ ਹਰਮੇਲ ਸਿੰਘ ਟੌਹੜਾ, ਬੀਬੀ ਟੌਹੜਾ ਅਤੇ ਹਰਿੰਦਰ ਪਾਲ ਸਿੰਘ ਨੂੰ ਸਿਰੋਪਾਓ ਭੇਂਰ ਕੀਤਾ। ਇਸ ਸ਼ੁੱਭ ਅਤੇ ਇਤਿਹਾਸਕ ਘੜੀ ਉੱਤੇ ਪਾਰਟੀ ਵਰਕਰਾਂ ਅਤੇ ਮੀਡੀਆ ਕਰਮੀਆਂ ਨੂੰ ਲੱਡੂ ਵੰਡੇ ਗਏ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅੱਜ ਸਭ ਤੋਂ ਜ਼ਿਆਦਾ ਖੁਸ਼ ਹੋਣਗੇ। ਉਹਨਾਂ ਦੀ ਆਪਣੇ ਭਰਾ ਦੇ ਪਰਿਵਾਰ ਨੂੰ ਇੱਕ ਘਰ ਵਿਚ ਇਕੱਠਿਆਂ ਵੇਖਣ ਦੀ ਰੀਝ ਪੂਰੀ ਹੋ ਗਈ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਬਚਪਨ ਤੋਂ ਵੇਖਿਆ ਹੈ ਕਿ ਲਗਭਗ ਅੱਧੀ ਸਦੀ ਤੋਂ ਵੱਧ ਤਕ ਬਾਦਲ-ਟੌਹੜਾ ਪੰਜਾਬ ਦੇ ਲੋਕਾਂ ਦੀ ਧਾਰਮਿਕ-ਸਿਆਸੀ ਮਾਨਸਿਕਤਾ ਦਾ ਅਹਿਮ ਹਿੱਸਾ ਰਹੇ ਹਨ। ਉਹਨਾਂ ਦੋਵਾਂ ਨੇ ਇਕੱਠਿਆਂ ਬਹੁਤ ਲੰਬੇ ਅਤੇ ਔਖੇ ਮੋਰਚੇ ਲਾਏ ਅਤੇ ਵੱਡੇ ਤੋਂ ਵੱਡੇ ਸੰਕਟਾਂ ਵਿਚੋਂ ਪੰਥ ਨੂੰ ਬਾਹਰ ਕੱਢ ਲਿਆਏ। ਉਹਨਾਂ ਕਿਹਾ ਕਿ ਜਦੋਂ ਇੰਦਰਾ ਗਾਂਧੀ ਨੇ ਦੇਸ਼ ਵਿਚ ਅੰਦਰੂਨੀ ਐਮਰਜੰਸੀ ਲਗਾ ਦਿੱਤੀ ਸੀ ਅਤੇ ਲੋਕਾਂ ਦੇ ਸਾਰੇ ਲੋਕਤੰਤਰੀ ਅਧਿਕਾਰਾਂ ਦਾ ਕਤਲ ਕਰ ਦਿੱਤਾ ਸੀ ਤਾਂ ਇਹਨਾਂ ਦਿੱਗਜ ਆਗੂਆਂ ਨੇ ਪੂਰੇ ਮੁਲਕ ਦੀ ਅਗਵਾਈ ਕੀਤੀ ਸੀ।

ਸਰਦਾਰ ਬਾਦਲ ਨੇ ਆਪਣੀ ਹਲੀਮੀ ਅਤੇ ਸਾਦਗੀ ਨਾਲ ਅੱਜ ਮੀਡੀਆ ਦਾ ਦਿਲ ਜਿੱਤ ਲਿਆ। ਅਕਾਲੀਆਂ ਨਾਲੋਂ ਵੱਖ ਹੋਏ ਆਗੂਆਂ ਸੰਬੰਧੀ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸਰਦਾਰ ਬਾਦਲ ਨੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ‘ਮੇਰੇ ਪਿਤਾ ਸਮਾਨ’ ਕਹਿ ਕੇ ਬੁਲਾਇਆ। ਉਹਨਾਂ ਕਿਹਾ ਕਿ ਮੈਂ ਇੰਨਾ ਘਮੰਡੀ ਨਹੀਂ ਹੋ ਸਕਦਾ ਕਿ ਉਹਨਾਂ ਵੱਲੋਂ ਆਪਣੇ ਖ਼ਿਲਾਫ ਕੀਤੀਆਂ ਟਿੱਪਣੀਆਂ ਦਾ ਜੁਆਬ ਦੇਵਾਂ, ਜਿਹਨਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ। ਮੈਂ ਜਥੇਦਾਰ ਬ੍ਰਹਮਪੁਰਾ, ਜਥੇਦਾਰ ਸੇਖਵਾਂ ਅਤੇ ਡਾਕਟਰ ਰਤਨ ਸਿੰਘ ਅਜਨਾਲਾ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਹਮੇਸ਼ਾ ਕਰਦਾ ਰਹਾਂਗਾ, ਚਾਹੇ ਕੁੱਝ ਵੀ ਹੋ ਜਾਵੇ।

ਪਟਿਆਲਾ ਹਲਕੇ ਵਿਚ ਉਹਨਾਂ ਦੀ ਪਾਰਟੀ ਦੀ ਪੁਜ਼ੀਸ਼ਨ ਬਾਰੇ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇੱਥੇ ਮੁੱਖ ਮੁਕਾਬਲਾ ਅਕਾਲੀ ਦਲ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਡਾਕਟਰ ਧਰਮਵੀਰ ਗਾਂਧੀ ਵਿਚਕਾਰ ਹੈ। ਪ੍ਰਨੀਤ ਕੌਰ ਤੀਜੇ ਸਥਾਨ ਉੱਤੇ ਆਵੇਗੀ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨਾਂ ਦੀ ਖਾਧੀ ਝੂਠੀ ਸਹੁੰ ਅਤੇ ਕੈਪਟਨ ਅਤੇ ਉਸ ਦੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਵਿਸ਼ਵਾਸ਼ਘਾਤ ਇਹਨਾਂ ਚੋਣਾਂ ਵਿਚ ਕਾਂਗਰਸ ਦਾ ਸਫਾਇਆ ਕਰ ਦੇਵੇਗਾ। ਪੰਜਾਬੀ ਇਸ ਪਾਰਟੀ ਨੂੰ ਇੱਕ ਕਰਾਰਾ ਸਬਕ ਸਿਖਾਉਣਗੇ। ਉਹਨਾਂ ਕਿਹਾ ਕਿ ਸਰਦਾਰ ਰੱਖੜਾ ਘੱਟੋ ਘੱਟ ਇੱਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣਗੇ।
Facebook Comments