Traffic Challan to continue in Patiala

August 20, 2021 - PatialaPolitics

ਪਟਿਆਲਾ ਟ੍ਰੈਫਿਕ ਪੁਲਿਸ ਨੇ ਜ਼ਿਲ੍ਹੇ ਅੰਦਰ ਆਵਾਜਾਈ ਨੇਮਾਂ ਦੀ ਉਲੰਘਣਾ ਕਰਨ ‘ਤੇ ਟ੍ਰੈਫਿਕ ਚਲਾਨ ਕਰਨੇ ਬੰਦ ਨਹੀਂ ਕੀਤੇ ਸਗੋਂ ਟ੍ਰੈਫਿਕ ਨੇਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਟ੍ਰੈਫਿਕ ਚਲਾਨ ਕਰਨ ਦੀ ਪ੍ਰਕ੍ਰਿਆ ‘ਚ ਕੁਝ ਤਬਦੀਲੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਟ੍ਰੈਫਿਕ ਰਜੇਸ਼ ਸਨੇਹੀ ਨੇ ਦੱਸਿਆ ਕਿ ਐਸ.ਐਸ.ਪੀ. ਡਾ. ਸੰਦੀਪ ਕੁਮਾਰ ਗਰਗ ਅਤੇ ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ ਦੀਆਂ ਹਦਾਇਤਾਂ ‘ਤੇ ਆਵਾਜਾਈ ਪੁਲਿਸ ਦੇ ਅਕਸ ਨੂੰ ਸੁਧਾਰਨ ਹਿਤ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ।
ਡੀ.ਐਸ.ਪੀ. ਟ੍ਰੈਫਿਕ ਨੇ ਸਪੱਸ਼ਟ ਕੀਤਾ ਕਿ ਕੁਝ ਖ਼ਬਰਾਂ ਅਜਿਹੀਆਂ ਆਈਆਂ ਸਨ ਕਿ ਜ਼ਿਲ੍ਹਾ ਪਟਿਆਲਾ ਵਿੱਚ ਟ੍ਰੈਫਿਕ ਚਲਾਨ ਕਰਨੇ ਬੰਦ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਨਵੀਂਆਂ ਹਦਾਇਤਾਂ ਮੁਤਾਬਕ ਹੁਣ ਕੇਵਲ ਟ੍ਰੈਫਿਕ ਪੁਲਿਸ ਇੰਚਾਰਜ ਹੀ ਟ੍ਰੈਫਿਕ ਚਲਾਨ ਕਰਨਗੇ।ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੀਤੇ ਜਾਣ ਦੀ ਜਰੂਰਤ ਹੋਣ ‘ਤੇ ਸਬੰਧਤ ਥਾਣਿਆਂ ਨਾਲ ਤਾਲਮੇਲ ਕਰਕੇ ਅਤੇ ਸਮੂਹਿਕ ਨਾਕੇ ਲਗਾ ਕੇ ਹੀ ਟ੍ਰੈਫਿਕ ਚਲਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਥਾਣੇ ਦਾ ਥਾਣੇਦਾਰ ਚਲਾਨ ਕੱਟੇਗਾ ਅਤੇ ਟ੍ਰੈਫਿਕ ਪੁਲਿਸ ਉਸ ਦਾ ਸਹਿਯੋਗ ਕਰੇਗੀ ਤਾਂ ਜੋ ਟ੍ਰੈਫਿਕ ਪੁਲਿਸ ਦੀ ਲੋਕਾਂ ਨਾਲ ਚੰਗੀ ਸਾਂਝ ਬਣੀ ਰਹੇ ਅਤੇ ਲੋਕਾਂ ਨੂੰ ਟ੍ਰੈਫਿਕ ਪੁਲਿਸ ਪ੍ਰਤੀ ਕੋਈ ਵੀ ਸ਼ਿਕਾਇਤ ਨਾ ਰਹੇ।
ਸ੍ਰੀ ਰਜੇਸ਼ ਸਨੇਹੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਈ-ਰਿਕਸਾ ਦੀ ਰਜਿਸਟ੍ਰਸ਼ਨ ਬਾਰੇ ਈ-ਰਿਕਸ਼ਾ ਚਾਲਕਾਂ ਨੂੰ ਅਤੇ ਇਹਨਾਂ ਦੀ ਯੂਨੀਅਨ ਦੇ ਪ੍ਰਧਾਨਾਂ/ਮੈਬਰਾਂ ਅਤੇ ਡਰਾਇਵਰਾਂ ਨੂੰ ਵੀ ਜਾਣੂ ਕਰਵਾਇਆ ਤਾਂ ਕਿ ਇਨ੍ਹਾਂ ਵੱਲੋਂ ਆਪਣੇ ਵਾਹਨਾਂ ਦੇ ਕਾਗਜਾਤ ਪੂਰੇ ਰੱਖੇ ਜਾਣ ਅਤੇ ਨੰਬਰ ਵੀ ਲਗਾਇਆ ਜਾਵੇ।ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਜ਼ਿਲ੍ਹੇ ਅੰਦਰ ਲੋਕਾਂ ਨੂੰ ਸੁਰੱਖਿਅਤ ਆਵਾਜਾਈ ਪ੍ਰਦਾਨ ਕਰਵਾਉਣ ਅਤੇ ਆਵਾਜਾਈ ਨੇਮਾਂ ਦੀ ਪੂਰੀ ਪਾਲਣਾ ਕਰਵਾਉਣ ਲਈ ਐਸ.ਐਸ.ਪੀ. ਡਾ. ਸੰਦੀਪ ਗਰਗ ਦੀਆਂ ਹਦਾਇਤਾਂ ਅਨੁਸਾਰ ਪੂਰੀ ਵਚਨਬੱਧਤਾ ਤੇ ਪ੍ਰਤੀਬੱਧਤਾ ਨਾਲ ਡਿਊਟੀ ਨਿਭਾਉਣ ਦੀ ਪਾਬੰਦ ਹੈ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ।