Patiala Politics

Patiala News Politics

Two arrested in Nabha patrol pump loot case:SSP

ਪਟਿਆਲਾ ਪੁਲਿਸ ਨੇ 22 ਅਕਤੂਬਰ 2018 ਨੂੰ ਨਾਭਾ ਵਿਖੇ ਰਿਲਾਂਇਸ ਪੈਟਰੋਲ ਪੰਪ ‘ਤੇ ਕੰਮ ਕਰਦੇ ਵਰਕਰ ਜਗਸੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰੋਹਟਾ ਦੇ ਸਿਰ ‘ਚ ਰਾਡ ਮਾਰ ਕੇ ਉਸ ਵੱਲੋਂ ਬੈਂਕ ‘ਚ ਜਮਾਂ ਕਰਵਾਉਣ ਲਈ ਲਿਜਾਈ ਜਾ ਰਹੀ 10.45 ਲੱਖ ਰੁਪਏ ਦੀ ਰਾਸ਼ੀ ਦੀ ਕੀਤੀ ਲੁੱਟ-ਖੋਹ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਲੁੱਟ-ਖੋਹ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਹ ਖੁਲਾਸਾ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇਥੇ ਡੀ.ਐਸ.ਪੀ. ਨਾਭਾ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਐਸ.ਐਚ.ਓ. ਥਾਣਾ ਕੋਤਵਾਲੀ ਨਾਭਾ ਦੇ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਅਤੇ ਸੀ.ਆਈ.ਏ. ਨਾਭਾ ਦੇ ਇੰਚਾਰਜ ਐਸ.ਆਈ. ਗੁਰਮੀਤ ਸਿੰਘ ਦੀਆਂ ਟੀਮਾਂ ਦਾ ਗਠਨ ਕੀਤਾ ਸੀ, ਜਿਨ੍ਹਾਂ ਨੇ ਇਸ ਮਾਮਲੇ ਦੀ ਬਰੀਕੀ ਨਾਲ ਛਾਣਬੀਣ ਕੀਤੀ ਤਾਂ ਇਸ ਮਾਮਲੇ ‘ਚ 30 ਸਾਲਾ ਹਰਵਿੰਦਰ ਸਿੰਘ ਛੋਟੂ ਪੁੱਤਰ ਸਵ. ਬੰਤ ਸਿੰਘ ਨੰਬਰਦਾਰ ਵਾਸੀ ਪਿੰਡ ਅਲੌਹਰਾਂ ਕਲਾਂ ਅਤੇ 22 ਸਾਲਾ ਹਰਪ੍ਰੀਤ ਸਿੰਘ ਹੈਪੀ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਛੰਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ ਅਲੌਹਰਾਂ ਕਲਾਂ ਵਿਖੇ ਹਰਵਿੰਦਰ ਸਿੰਘ ਦੀ ਮੋਟਰ ਦੇ ਕੋਠੇ ਦੇ ਪਿਛਲੇ ਪਾਸੇ ਲੁਕਾ ਕੇ ਰੱਖੇ 10.45 ਲੱਖ ਰੁਪਏ ਵੀ ਬਰਾਮਦ ਕਰ ਲਏ ਗਏ ਹਨ।
ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਮਾਮਲੇ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਬਰੀਕੀ ਨਾਲ ਛਾਣਬੀਣ ਕੀਤੀ ਅਤੇ ਫੁਟੇਜ ਤੇ ਵੀਡੀਓ ਕਲਿਪਸ ਦੇ ਅਧਾਰ ‘ਤੇ ਪੰਪ ਦੇ ਮਾਲਕ ਸ੍ਰੀ ਸੰਦੀਪ ਬਾਂਸਲ ਵੱਲੋਂ ਸ਼ਨਾਖ਼ਤ ਕਰਵਾਈ ਗਈ। ਇਸ ਤਰ੍ਹਾਂ ਇਨ੍ਹਾਂ ਦੋਵਾਂ ਵੱਲੋਂ ਵਾਰਦਾਤ ‘ਚ ਵਰਤੇ ਗਏ ਹਥਿਆਰ ਸਟੀਲ ਦੀ ਰਾਡ ਅਤੇ ਕੱਪੜਿਆਂ ਸਮੇਤ ਚਮੜੇ ਦਾ ਬੈਗ, ਪੈਨ ਕਾਰਡ, ਬੈਂਕ ਵਾਊਚਰ ਅਤੇ ਵਾਰਦਾਤ ‘ਚ ਵਰਤਿਆ ਗਿਆ ਸਪਲੈਂਡਰ ਮੋਟਰ ਸਾਇਕਲ ਪੀ.ਬੀ. 11 ਬੀਐਸ 6226 ਰੰਗ ਕਾਲਾ ਵੀ ਬਰਾਮਦ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ‘ਚ ਥਾਣਾ ਕੋਤਵਾਲੀ ਨਾਭਾ ਵਿਖੇ ਮੁਕਦਮਾ ਨੰਬਰ 108 ਮਿਤੀ 22/10/2018 ਧਾਰਾ 379 ਬੀ, 382, 34 ਆਈ.ਪੀ.ਸੀ. ਤਹਿਤ ਦਰਜ ਕੀਤਾ ਗਿਆ ਸੀ। ਸ. ਸਿੱਧੂ ਨੇ ਦੱਸਿਆ ਕਿ ਮੁਢਲੀ ਪੁਛਗਿੱਛ ਤੋਂ ਬਾਅਦ ਹਰਵਿੰਦਰ ਸਿੰਘ, ਜੋ ਕਿ ਨਸ਼ੇ ਕਰਨ ਦਾ ਆਦੀ ਹੈ, ਨੇ ਮੰਨਿਆ ਕਿ ਉਹ ਕਰੀਬ 3 ਮਹੀਨਿਆਂ ਤੋਂ ਪੈਟਰੋਲ ਪੰਪ ਤੋਂ ਨਗਦੀ ਲਿਜਾਣ ਵਾਲੇ ਵਿਅਕਤੀ ਦੀ ਰੈਕੀ ਕਰਦਾ ਆ ਰਿਹਾ ਸੀ। ਉਸਨੇ 1 ਮਹੀਨਾ ਪਹਿਲਾਂ ਵੀ ਇਸ ਪੰਪ ਦੇ ਵਰਕਰ ਤੋਂ ਪੈਸੇ ਖੋਹਣ ਲਈ ਆਪਣੇ ਸਾਥੀਆਂ ਨੂੰ ਬੁਲਾਇਆ ਸੀ ਪਰ ਉਹ ਦੇਰੀ ਹੋਣ ਕਰਕੇ ਇਹ ਵਾਰਦਾਤ ਨਹੀਂ ਕਰ ਸਕੇ ਸਨ।
ਸ. ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਦੁਸ਼ਹਿਰੇ ਵਾਲੇ ਦਿਨ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਮੋਟਰਸਾਇਕਲ ਖਰੀਦਿਆ ਅਤੇ ਵਾਰਦਾਤ ਵੇਲੇ ਇਸਦੀ ਅਗਲੀ ਨੰਬਰ ਪਲੇਟ ‘ਤੇ ਕੱਪੜਾ ਬੰਨ੍ਹ ਲਿਆ ਸੀ ਤੇ ਪਿਛਲੀ ਨੰਬਰ ਪਲੇਟ ਉਤਾਰ ਦਿੱਤੀ ਅਤੇ ਆਪਣੀ ਪਛਾਣ ਲੁਕਾਉਣ ਲਈ ਆਪਣੇ ਮੂੰਹ ਪਰਨਿਆਂ ਨਾਲ ਢੱਕ ਲਏ ਸਨ। ਸ. ਸਿੱਧੂ ਨੇ ਹੋਰ ਦੱਸਿਆ ਕਿ ਹਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲਕੇ 2010 ‘ਚ ਮਾਲਵਾ ਆਈ.ਟੀ.ਆਈ. ਰੱਖੜਾ ਵਿਖੇ ਲੜਾਈ ਝਗੜੇ ਦੌਰਾਨ ਇੱਕ ਨੌਜਵਾਨ ਦੀ ਹੱਤਿਆ ਵੀ ਕਰ ਦਿੱਤੀ ਸੀ, ਜਿਸ ਸਬੰਧੀਂ ਇਸ ‘ਤੇ ਮੁਕਦਮਾ ਨੰਬਰ 584 ਮਿਤੀ 10/12/10 ਧਾਰਾ 302, 307, 382, 148, 149, 120 ਬੀ ਤੇ ਅਸਲਾ ਐਕਟ ਦੀਆਂ ਧਾਰਾਵਾਂ 25/27/54/59 ਵੀ ਥਾਣਾ ਸਦਰ ਪਟਿਆਲਾ ਵਿਖੇ ਦਰਜ ਹੈ।
ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. ਜਾਂਚ ਪਟਿਆਲਾ ਸ. ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਨਾਭਾ ਦੇਵਿੰਦਰ ਅੱਤਰੀ, ਕੋਤਵਾਲੀ ਥਾਣਾਂ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਤੇ ਸੀ.ਆਈ.ਏ. ਨਾਭਾ ਦੇ ਇੰਚਾਰਜ ਐਸ.ਆਈ. ਗੁਰਮੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।
Facebook Comments