Who is Brahm Mohindra? Political Personal Life Story

August 12, 2021 - PatialaPolitics

ਜੀਵਨ-ਸ੍ਰੀ ਬ੍ਰਹਮ ਮਹਿੰਦਰਾ
ਪੰਜਾਬ ਦੀ ਕੈਬਨਿਟ ਦੇ ਸਭ ਤੋਂ ਸੀਨੀਅਰ ਵਜ਼ੀਰ ਸ੍ਰੀ ਬ੍ਰਹਮ ਮਹਿੰਦਰਾ ਜੀ ਦਾ ਜਨਮ, 28 ਅਪ੍ਰੈਲ 1946 ਨੂੰ ਉਸ ਸਮੇਂ ‘ਚ ਆਮਦਨ ਕਰ ਮਾਮਲਿਆਂ ਦੇ ਪਟਿਆਲਾ ਵਿਖੇ ਉੱਘੇ ਵਕੀਲ ਸ੍ਰੀ ਐਮ.ਆਰ. ਮਹਿਦਰਾ ਅਤੇ ਸ੍ਰੀਮਤੀ ਲੀਲਾਵਤੀ ਮਹਿੰਦਰਾ ਦੇ ਗ੍ਰਹਿ ਵਿਖੇ ਹੋਇਆ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀ ਰਹੇ ਸ੍ਰੀ ਮਹਿੰਦਰਾ ਜੀ ਨੇ ਆਪਣੇ ਵਿਦਿਆਰਥੀ ਜੀਵਨ ‘ਚ ਹੀ ਰਾਜਸੀ ਸਫ਼ਾ ‘ਚ ਮੋਹਰੀ ਹੋਕੇ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਆਪ ਯੁਵਾ ਉਮਰ ‘ਚ ਯੂਥ ਕਾਂਗਰਸ ਤੇ ਜ਼ਿਲ੍ਹਾ ਕਾਂਗਰਸ ‘ਚ ਵੀ ਉੱਘੇ ਆਗੂ ਰਹੇ ਹਨ।
ਸ੍ਰੀ ਬ੍ਰਹਮ ਮਹਿੰਦਰਾ ਜੀ, ਕਾਂਗਰਸ ਪਾਰਟੀ ਦੇ ਅਜਿਹੇ ਸੀਨੀਅਰ ਆਗੂ ਹਨ, ਜਿਨ੍ਹਾਂ ਨੂੰ ਪਾਰਟੀ ਦੀ ਸਭ ਤੋਂ ਤਾਕਤਵਰ ਕਮੇਟੀ, ਏ.ਆਈ.ਸੀ.ਸੀ. ਦੇ 1987 ਤੋਂ ਮੈਂਬਰ ਬਣੇ ਰਹਿਣ ਦਾ ਮਾਣ ਹਾਸਲ ਹੈ। ਆਪ ਨੇ ਪੰਜਾਬ ਕਾਂਗਰਸ ‘ਚ ਵਾਈਸ ਪ੍ਰੈਜੀਡੈਂਟ ਤੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ ਅਤੇ ਆਲ ਇੰਡੀਆ ਭਾਰਤ ਯੁਵਕ ਸਮਾਜ ਦੇ ਜਨਰਲ ਸਕੱਤਰ ਵੀ ਰਹੇ। ਇਸ ਦੇ ਨਾਲ ਹੀ ਸ੍ਰੀ ਮਹਿੰਦਰਾ ਜੀ ਨੇ ਉਚੇਰੀ ਸਿੱਖਿਆ ਦੇ ਖੇਤਰ ‘ਚ ਆਪਣਾ ਅਹਿਮ ਯੋਗਦਾਨ ਪਾਇਆ ਹੈ, ਉਹ 1980 ਤੋਂ 85 ਤੱਕ ਪੰਜਾਬੀ ਯੂਨੀਵਰਸਿਟੀ ਦੀ ਸਭ ਤੋਂ ਉਚੀ ਬਾਡੀ ਸਿੰਡੀਕੇਟ ਦੇ ਮੈਂਬਰ ਰਹਿਣ ਦੇ ਨਾਲ-ਨਾਲ 1998 ਤੱਕ ਯੂਨੀਵਰਸਿਟੀ ਦੀ ਫਾਇਨਾਂਸ ਕਮੇਟੀ ਤੇ ਸੈਨੇਟ ਦੇ ਮੈਂਬਰ ਵੀ ਰਹੇ ਹਨ।


ਆਪ ਜੀ, ਵਿਧਾਨ ਸਭਾ ‘ਚ ਕਈ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਆਪ, ਸਿਆਸਤ ਦੇ ਨਾਲ-ਨਾਲ ਧਾਰਮਿਕ, ਸੱਭਿਆਚਾਰਕ, ਸਮਾਜ ਸੇਵਾ ਦੇ ਖੇਤਰਾਂ ‘ਚ ਉੱਘਾ ਯੋਗਦਾਨ ਪਾਉਣ ਸਮੇਤ ਪੰਜਾਬ ਫੈਂਸਿੰਗ ਤੇ ਬੈਡਮਿੰਟਨ ਐਸੋਸੀਏਸ਼ਨ ਦੇ ਸਰਪ੍ਰਸਤ ਅਤੇ ਪ੍ਰੈਜੀਡੈਂਟ ਆਫ਼ ਪੰਜਾਬ ਉਲੰਪਿਕ ਐਸੋਸੀਏਸ਼ਨ ਵੀ ਹਨ।
ਕਈ ਮੁਲਕਾਂ ਦੀ ਯਾਤਰਾ ਕਰਨ ਸਮੇਤ ਯੁਨਾਇਟਿਡ ਨੇਸ਼ਨਜ ਦੀ 1984 ‘ਚ ਐਨ.ਜੀ.ਓ. ਕਾਨਫਰੰਸ ‘ਚ ਹਿੱਸਾ ਲੈ ਚੁੱਕੇ, ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਜੀ ਪਹਿਲੀ ਵਾਰ 1980 ‘ਚ ਪਟਿਆਲਾ ਤੋਂ ਵਿਧਾਇਕ ਬਣੇ ਅਤੇ 1985 ਤੇ 1992 ‘ਚ ਇੱਥੋਂ ਲਗਾਤਾਰ ਚੋਣਾਂ ਜਿੱਤਦੇ ਰਹੇ। ਸ੍ਰੀ ਬ੍ਰਹਮ ਮਹਿੰਦਰਾ ਨੂੰ ਪੰਜਾਬ ਦੇ ਚਾਰ ਮੁੱਖ ਮੰਤਰੀਆਂ ਨਾਲ ਕੰਮ ਕਰਨ ਦਾ ਸੁਭਾਗ ਹਾਸਲ ਹੈ, ਇਨ੍ਹਾਂ ਨੇ ਪੰਜਾਬ ‘ਚ ਕਾਲੇ ਦੌਰ ਦੇ ਔਖੇ ਸਮੇਂ ‘ਚ ਮਰਹੂਮ ਸ੍ਰੀ ਬੇਅੰਤ ਸਿੰਘ ਅਤੇ ਸ੍ਰੀ ਹਰਚਰਨ ਸਿੰਘ ਬਰਾੜ ਦੀ ਵਜ਼ਾਰਤ ਸਮੇਤ ਬੀਬੀ ਰਜਿੰਦਰ ਕੌਰ ਭੱਠਲ ਦੀ ਵਜ਼ਾਰਤ ‘ਚ ਕਈ ਅਹਿਮ ਵਿਭਾਗਾਂ ਦੀ ਜਿੰਮੇਵਾਰੀ ਬਾਖੂਬੀ ਸੰਭਾਲੀ।
ਆਪ ਨੂੰ ਉਸ ਸਮੇਂ ਸਮਾਜਿਕ ਸੁਰੱਖਿਆ, ਐਸ.ਸੀ., ਬੀ.ਸੀ. ਦੀ ਭਲਾਈ, ਮੈਡੀਕਲ ਸਿੱਖਿਆ ਤੇ ਖੋਜ, ਸਿਹਤ ਤੇ ਪਰਿਵਾਰ ਭਲਾਈ, ਟਰਾਂਸਪੋਰਟ, ਸਾਇੰਸ ਤੇ ਟੈਕਨਾਲੋਜੀ, ਇੰਡਸਟਰੀਜ ਐਂਡ ਕਾਮਰਸ, ਵਿਭਾਗਾਂ ਦੇ ਮੰਤਰੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਸਾਲ 2004 ‘ਚ ਆਪ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸਮੇਂ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਦੇ ਕੈਬਨਿਟ ਮੰਤਰੀ ਰੈਂਕ ਦੇ ਚੇਅਰਮੈਨ ਵੀ ਰਹੇ ਅਤੇ ਸਾਲ 2007 ‘ਚ ਸਮਾਣਾ ਹਲਕੇ ਤੋਂ ਵਿਧਾਇਕ ਬਣਕੇ ਪਟਿਆਲਾ ਦੇ ਲੋਕਾਂ ਨਾਲ ਵੀ ਦਿਲੋਂ ਜੁੜੇ ਰਹੇ।
2012 ‘ਚ ਨਵੇਂ ਬਣੇ ਹਲਕਾ, ਪਟਿਆਲਾ ਦਿਹਾਤੀ (ਪਟਿਆਲਾ-2) ਤੋਂ ਚੋਣ ਲੜ੍ਹ ਕੇ ਆਪ ਨੇ ਇੱਥੋਂ ਅਹਿਮ ਜਿੱਤ ਹਾਸਲ ਕੀਤੀ। ਇਸੇ ਹਲਕੇ ਤੋਂ ਹੀ ਆਪ ਨੇ 2017 ‘ਚ ਮੁੜ ਤੋਂ ਚੋਣ ਲੜੀ ਅਤੇ ਛੇਵੀਂ ਵਾਰ ਚੋਣ ਜਿੱਤਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਮੌਜੂਦਾ ਪੰਜਾਬ ਸਰਕਾਰ ‘ਚ ਕੈਬਨਿਟ ਵਜ਼ੀਰ ਬਣੇ ਅਤੇ ਸ੍ਰੀ ਬ੍ਰਹਮ ਮਹਿੰਦਰਾ ਜੀ ਨੂੰ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਐਜੂਕੇਸ਼ਨ ਤੇ ਖੋਜ਼, ਚੋਣਾਂ, ਸੰਸਦੀ ਮਾਮਲੇ ਅਤੇ ਸਿਕਾਇਤ ਨਿਵਾਰਣ ਵਿਭਾਗ ਸੌਂਪੇ ਗਏ।
ਮੌਜੂਦਾ ਸਮੇਂ ਆਪ ਜੀ, ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਤੇ ਸ਼ਿਕਾਇਤ ਨਿਵਾਰਣ ਮੰਤਰੀ ਵਜੋਂ ਪੰਜਾਬ ਮੰਤਰੀ ਮੰਡਲ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਭਰੋਸੇਮੰਦ ਸਾਥੀ ਅਤੇ ਪੰਜਾਬ ਸਰਕਾਰ ਵਿੱਚ ਸਭ ਤੋਂ ਸੀਨੀਅਰ ਵਜ਼ੀਰ ਹੋਣ ਕਰਕੇ ਸੂਬਾ ਸਰਕਾਰ ਵਿੱਚ ਅਹਿਮ ਜਿੰਮੇਵਾਰੀਆਂ ਨਿਭਾਅ ਰਹੇ ਹਨ।
ਸ੍ਰੀ ਬ੍ਰਹਮ ਮਹਿੰਦਰਾ ਜੀ ਦੇ ਨਾਲ ਜਿੱਥੇ ਉਨ੍ਹਾਂ ਦੇ ਸੁਪਤਨੀ ਸ੍ਰੀਮਤੀ ਹਰਪ੍ਰੀਤ ਮਹਿੰਦਰਾ ਉਨ੍ਹਾਂ ਦੇ ਮੋਢੇ-ਨਾਲ ਮੋਢਾ ਜੋੜ ਕੇ ਸਿਆਸਤ ਅਤੇ ਸਮਾਜ ਸੇਵਾ ‘ਚ ਯੋਗਦਾਨ ਪਾ ਰਹੇ ਹਨ, ਉਥੇ ਹੀ ਆਪ ਦੇ ਦੋਵੇਂ ਐਡਵੋਕੇਟ ਸਪੁੱਤਰ ਸ੍ਰੀ ਮੋਹਿਤ ਮਹਿੰਦਰਾ ਅਤੇ ਸ੍ਰੀ ਬਖ਼ਸ਼ ਮਹਿੰਦਰਾ ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਕੇ ਲੋਕਾਂ ਦੀ ਸੇਵਾ ‘ਚ ਵੱਡਮੁੱਲੀ ਭੂਮਿਕਾ ਨਿਭਾਅ ਰਹੇ ਹਨ।
ਸ੍ਰੀ ਬ੍ਰਹਮ ਮਹਿੰਦਰਾ ਨੇ ਪੰਜਾਬ ਦੇ ਸ਼ਹਿਰੀ ਵਿਕਾਸ ‘ਚ ਵੱਡਾ ਯੋਗਦਾਨ ਪਾਇਆ ਹੈ। ਇਸ ਦੇ ਨਾਲ ਆਪ ਨੇ ਪੰਜਾਬ ਵਿਧਾਨ ਸਭਾ ‘ਚ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਪੰਜਾਬ ‘ਚ ਲਾਗੂ ਹੋਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਮਤਾ ਸਰਬਸੰਮਤੀ ਨਾਲ ਪਾਸ ਕਰਵਾਉਣ ‘ਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਅਸੀਂ ਆਸ ਕਰਦੇ ਹਾਂ ਕਿ ਸ੍ਰੀ ਬ੍ਰਹਮ ਮਹਿੰਦਰਾ ਜੀ ਦੀ ਲੰਮੀ ਉਮਰ ਹੋਵੇ ਅਤੇ ਆਪ ਜੀ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਦੀ ਵਡਮੁੱਲੀ ਸੇਵਾ ਨਿਭਾਉਂਦੇ ਰਹਿਣ।