Youth Akali Dal shows strength with Bikram Majithia in Patiala

March 10, 2019 - PatialaPolitics


ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੇ ਮਹਿਸੂਸ ਕਰ ਲਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਟਾਕਰਾ ਨਹੀਂ ਕਰ ਸਕਦੇ, ਇਸ ਲਈ ਉਹ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅੱਗੇ ਅਰਜ਼ੋਈਆਂ ਕਰ ਰਹੇ ਹਨ, ਪਰੰਤੂ ਅਜਿਹਾ ਕਰਨ ਨਾਲ ਵੀ ਚੋਣਾਂ ਦੇ ਨਤੀਜੇ ਨਹੀਂ ਬਦਲਣਗੇ।

ਇੱਥੇ ਅਨਾਜ ਮੰਡੀ ਵਿਚ ਯੂਥ ਅਕਾਲੀ ਦਲ ਵੱਲੋਂ ਮਾਲਵਾ ਜ਼ੋਨ 2 ਦੇ ਪ੍ਰਧਾਨ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਆਯੋਜਿਤ ਕੀਤੀ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਕਿਹਾ ਕਿ 201 7 ਵਿਚ ਵਿਧਾਨ ਸਭਾ ਚੋਣਾਂ ਮੌਕੇ ਵੀ ਕਾਂਗਰਸ ਨੇ ਚੋਣ ਮੈਨੀਫੈਸਟੋ ਬਣਾਉਣ ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਨਾਂ ਦਾ ਇਸਤੇਮਾਲ ਕੀਤਾ ਸੀ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਇਸ ਉਮੀਦ ਨਾਲ ਡਾਕਟਰ ਮਨਮੋਹਨ ਸਿੰਘ ਕੋਲ ਪਹੁੰਚ ਕੀਤੀ ਜਾ ਰਹੀ ਹੈ ਕਿ ਉਹ ਸੂਬੇ ਅੰਦਰ ਪਾਰਟੀ ਦੇ ਹੋ ਰਹੇ ਨਿਘਾਰ ਨੂੰ ਰੋਕ ਦੇਣਗੇ। ਉਹਨਾਂ ਕਿਹਾ ਕਿ ਪਰ ਇਹ ਸੰਭਵ ਨਹੀਂ ਹੈ, ਕਿਉਂਕਿ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਪਹਿਲਾਂ ਵੀ ਸਾਬਕਾ ਪ੍ਰਧਾਨ ਮੰਤਰੀ ਦਾ ਅਜਿਹੇ ਵਾਅਦੇ ਕਰਨ ਵਾਸਤੇ ਇਸਤੇਮਾਲ ਕੀਤਾ ਗਿਆ ਸੀ, ਜਿਹਨਾਂ ਨੂੰ ਅਜੇ ਤਕ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਲੋਕ ਹੁਣ ਕਾਂਗਰਸ ਉੱਤੇ ਭਰੋਸਾ ਕਰਨ ਲਈ ਤਿਆਰ ਨਹੀਂ ਹਨ, ਕਿਉਂਕਿ ਇਸ ਨੇ ਆਪਣੇ ਪੁਰਾਣੇ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।

ਸਾਬਕਾ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੁਆਰਾ ਆਪਣੀਆਂ ਪ੍ਰਾਪਤੀਆਂ ਬਾਰੇ ਅਖ਼ਬਾਰਾਂ ਵਿਚ ਝੂਠੇ ਇਸ਼ਤਿਹਾਰ ਦਿਵਾ ਕੇ ਕਾਂਗਰਸ ਪਾਰਟੀ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਐਲਾਨ ਕੀਤਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਉਹ ਇਹਨਾਂ ਸਾਰੇ ਇਸ਼ਤਿਹਾਰ ਦੀ ਜਾਂਚ ਕਰਵਾਉਣਗੇ ਅਤੇ ਜਾਂਚ ਤੋਂ ਬਾਅਦ ਫਜ਼ੂਲ ਖਰਚ ਕੀਤੇ ਗਏ ਜਨਤਕ ਪੈਸੇ ਦੀ ਕਾਂਗਰਸੀ ਆਗੂਆਂ ਦੀਆਂ ਜੇਬਾਂ ਵਿਚੋਂ ਭਰਪਾਈ ਕਰਵਾਉਣਗੇ।

ਅਕਾਲੀ ਦਲ ਵੱਲੋਂ ਸਿਟ ਦੇ ਕੀਤੇ ਬਾਈਕਾਟ ਸੰਬੰਧੀ ਇੱਕ ਸੁਆਲ ਦਾ ਜੁਆਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਿਟ ਮੈਂਬਰਾਂ ਕੋਲ ਕੋਈ ਤਾਕਤ ਨਹੀਂ ਹੈ, ਉਹਨਾਂ ਨੂੰ ਕੁਝ ਖਾਸ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਮੁੱਖ ਮੰਤਰੀ ਅਤੇ ਉਹਨਾਂ ਦੇ ਝੋਲੀਚੁੱਕਾਂ ਵੱਲੋਂ ਨਿਰਦੇਸ਼ ਦਿੱਤੇ ਜਾ ਰਹੇ ਹਨ। ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਮਿਸਾਲ ਦਿੰਦੇ ਹੋਏ ਸਰਦਾਰ ਮਜੀਠੀਆ ਨੇ ਸੁਆਲ ਕੀਤਾ ਕਿ ਇਹ ਕਿੱਦਾਂ ਸੰਭਵ ਹੈ ਕਿ ਜਦੋਂ ਹਲਕੇ ਅੰਦਰ ਇੰਨਾ ਵੱਡਾ ਸੰਕਟ ਹੋਵੇ ਤਾਂ ਇੱਕ ਜਨਤਕ ਨੁੰਮਾਇਦਾ ਆਪਣੇ ਹਲਕੇ ਅੰਦਰ ਲੋਕਾਂ ਨੂੰ ਫੋਨ ਨਾ ਕਰੇ। ਉਹਨਾਂ ਕਿਹਾ ਕਿ ਜੇਕਰ ਕੇਸ ਦਰਜ ਕਰਨ ਲਈ ਇਹੀ ਆਧਾਰ ਬਣਦਾ ਹੈ ਤਾਂ ਫਿਰ ਮੁੱਖ ਮੰਤਰੀ ਉੱਤੇ ਵੀ ਕੇਸ ਦਰਜ ਕੀਤਾ ਜਾਵੇ ਕਿ ਉਸ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਪਟਿਆਲਾ ਵਿਚ ਨਰਸਾਂ ਨੂੰ ਛੱਤ ਤੋਂ ਛਾਲ ਮਾਰਨ ਲਈ ਉਕਸਾਇਆ ਜਾਵੇ?

ਫਿਰੋਜ਼ਪੁਰ ਵਿਚ ਇੱਕ ਪੁਲਿਸ ਸਟੇਸ਼ਨ ਅੰਦਰ ਪੁਲਿਸ ਅਧਿਕਾਰੀਆਂ ਉੱਤੇ ਹੋਏ ਹਮਲੇ ਬਾਰੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ। ਇੱਕ ਪਾਸੇ ਕਾਂਗਰਸੀ ਆਗੂ ਪੁਲਿਸ ਅਧਿਕਾਰੀਆਂ ਨੂੰ ਧਮਕਾ ਰਹੇ ਹਨ, ਜਿਸ ਦੀ ਆਡਿਓ ਰਿਕਾਰਡਿੰਗਾਂ ਵਾਇਰਲ ਹੋ ਚੁੱਕੀਆਂ ਹਨ ਅਤੇ ਦੂਜੇ ਪਾਸੇ ਬਾਕੀ ਕਾਂਗਰਸੀ ਵਿਧਾਇਕ ਇਹ ਸ਼ਿਕਾਇਤ ਕਰ ਰਹੇ ਹਨ ਕਿ ਸਰਕਾਰੀ ਅਧਿਕਾਰੀ ਉਹਨਾਂ ਦਾ ਸਤਿਕਾਰ ਨਹੀਂ ਕਰਦੇ।

ਪੰਜਾਬ ਦੀ ‘ਧਰਨਾ ਰਾਜਧਾਨੀ’ ਬਣ ਚੁੱਕੇ ਮੁੱਖ ਮੰਤਰੀ ਦੇ ਜੱਥਦੀ ਹਲਕੇ ਬਾਰੇ ਟਿੱਪਣੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਨੇ ਅਧਿਆਪਕਾਂ, ਨਰਸਾਂ ਅਤੇ ਹੋਰਾਂ ਸਮੇਤ ਬਹੁਤ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ,ਪਰੰਤੂ ਹੁਣ ਉਹਨਾਂ ਦੀ ਸ਼ਾਂਤਮਈ ਧਰਨੇ ਦਿੰਦਿਆਂ ਦੀ ਅਵਾਜ਼ ਕੁਚਲਣ ਲਈ ਸਰਕਾਰ ਪੁਲਿਸ ਦੇ ਡੰਡੇ ਦੀ ਵਰਤੋਂ ਕਰ ਰਹੀ ਹੈ।