Zila Parishad Patiala budget 2020-2021

July 4, 2020 - PatialaPolitics


ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਪਰਸਨ ਸ੍ਰੀਮਤੀ ਰਾਜ ਕੌਰ ਦੀ ਪ੍ਰਧਾਨਗੀ ਹੇਠ ਜਨਰਲ ਹਾਊਸ ਦੀ ਹੋਈ ਮੀਟਿੰਗ ਦੌਰਾਨ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਜਟ ਤਜਵੀਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਉਥੇ ਹੀ ਜ਼ਿਲ੍ਹੇ ਦੀਆਂ ਪੰਚਾਇਤ ਸੰਮਤੀਆਂ ਦੇ ਸਾਲਾਨਾਂ ਬਜ਼ਟ ਨੂੰ ਪ੍ਰਵਾਨਗੀ ਦਿੱਤੀ ਗਈ। ਇਸੇ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੀ ਜਾਇਦਾਦ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਇਸ ਤੋਂ ਆਮਦਨ ਦੇ ਵਸੀਲੇ ਪੈਦਾ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਵਾਇਸ ਚੇਅਰਮੈਨ ਸ. ਸਤਨਾਮ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਸਿੰਘ ਜੌਲੀ ਜਲਾਲਪੁਰ ਅਤੇ ਹੋਰ ਮੈਂਬਰ ਸਮੇਤ ਬਲਾਕ ਸੰਮਤੀਆਂ ਦੇ ਚੇਅਰਮੈਨ ਵੀ ਮੌਜੂਦ ਸਨ। ਮੀਟਿੰਗ ਦੀ ਕਾਰਵਾਈ ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਸ. ਰੂਪ ਸਿੰਘ ਨੇ ਚਲਾਈ। ਹਾਊਸ ਨੇ ਦੋ ਮਿੰਟ ਦਾ ਮੌਨ ਧਾਰ ਕੇ ਭਾਰਤ ਦੀਆਂ ਸਰਹੱਦਾਂ ‘ਤੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸਰਧਾਜਲੀ ਭੇਂਟ ਕੀਤੀ।
ਜ਼ਿਲ੍ਹਾ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਫ਼ਸਰ-ਕਮ-ਏ.ਡੀ.ਸੀ. ਵਿਕਾਸਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮਨਰੇਗਾ ਅਧੀਨ ਕੰਮਾਂ ਦੀ ਲਗਾਤਾਰ ਮੋਨੀਟਿਰਿੰਗ ਕੀਤੀ ਜਾ ਰਹੀ ਹੈ, ਜਿਸ ਕਰਕੇ ਰਾਜ ਪੱਧਰ ‘ਤੇ ਜਿਲ੍ਹਾ ਪਟਿਆਲਾ 22ਵੇਂ ਸਥਾਨ ਤੋਂ 5ਵੇਂ ਸਥਾਨ ‘ਤੇ ਆ ਗਿਆ ਹੈ ਅਤੇ ਹੁਣ ਪਟਿਆਲਾ ਜਿਲ੍ਹੇ ਨੂੰ ਪਹਿਲੇ ਨੰਬਰ ‘ਤੇ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਦੋਂਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ‘ਚ ਪਟਿਆਲਾ ਜਿਲ੍ਹਾ ਪਹਿਲੇ ਨੰਬਰ ‘ਤੇ ਹੈ ਅਤੇ ਉਹਨਾਂ ਦੀ ਕੋਸਿਸ਼ ਹੈ ਕਿ ਕੋਈ ਵੀ ਲੋੜਵੰਦ ਵਿਅਕਤੀ ਇਸ ਸਕੀਮ ਤੋਂ ਵਾਝਾਂ ਨਾ ਰਹਿ ਸਕੇ।
ਮੀਟਿੰਗ ਦੌਰਾਨ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੇ ਮਨਰੇਗਾ ਤਹਿਤ ਹੋਣ ਵਾਲੇ ਕੰਮਾਂ ‘ਚ ਹੋਰ ਤੇਜੀ ਲਿਆਉਣ ਲਈ ਮੈਟਰੀਅਲ, ਸੀਮਿੰਟ, ਰੇਤਾ, ਬਜ਼ਰੀ, ਇੱਟਾਂ ਆਦਿ ਦੇ ਸਰਕਾਰੀ ਤੇ ਮਾਰਕੀਟ ਰੇਟਾਂ ਵਿਚਲੇ ਪਾੜੇ ਨੂੰ ਖ਼ਤਮ ਕਰਨ ਦਾ ਵਿਚਾਰ ਰੱਖਿਆ ਗਿਆ, ਜਿਸ ‘ਤੇ ਏ.ਡੀ.ਸੀ. ਵਿਕਾਸ ਨੇ ਬੀਡੀਪੀਓਜ ਨੂੰ ਹਦਾਇਤ ਕੀਤੀ ਕਿ ਉਹ ਮਾਰਕੀਟ ਰੇਟਾਂ ਦਾ ਪਤਾ ਕਰਕੇ ਤਜਵੀਜ ਭੇਜਣ। ਇਸ ਦੌਰਾਨ ਜਿਲ੍ਹਾ ਪ੍ਰੀਸ਼ਦ ਦੀ ਪ੍ਰਾਪਰਟੀ ਨੂੰ ਸੁਚੱਜੇ ਢੰਗ ਨਾਲ ਵਰਤੋਂ ਕਰਨ ਅਤੇ ਆਮਦਨ ਦੇ ਵਸੀਲੇ ਪੈਦਾ ਕਰਨ ਸਬੰਧੀ ਵਿਚਾਰ ਕੀਤਾ ਗਿਆ।
ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਿੰਦਰਜੀਤ ਸਿੰਘ ਵੱਲੋਂ ਜ਼ਿਲ੍ਹੇ ਅੰਦਰ ਨਹਿਰੀ ਵਿਭਾਗ ਵੱਲੋਂ ਮੱਕੀ ਅਤੇ ਮਿਰਚਾ ਦੀਆਂ ਫਸਲਾਂ ਲਈ ਨਿਸ਼ਚਿਤ ਕੀਤਾ ਨਹਿਰੀ ਪਾਣੀ ਵਧਾਉਣ ਦੇ ਮਤੇ ‘ਤੇ ਗਗਨਦੀਪ ਸਿੰਘ, ਮੇਜਰ ਸਿੰਘ ਅਤੇ ਬਾਕੀ ਮੈਬਰਾਂ ਵਲੋਂ ਵੀ ਸਹਿਮਤੀ ਪ੍ਰਗਟ ਕਰਨ ਅਤੇ ਚੇਅਰਮੈਨ ਬਲਾਕ ਸੰਮਤੀ ਸਨੌਰ ਸ੍ਰੀ ਅਸ਼ਵਨੀ ਕੁਮਾਰ ਵੱਲੋਂ ਪੇਸ਼ ਕੀਤੇ ਸੁਝਾਅ ਕਿ ਜਿਸ ਮਾਤਰਾ ਨਾਲ ਜਿਲ੍ਹਾ ਬਠਿੰਡਾ ਵਿੱਚ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਉਸੇ ਮਾਤਰਾ ਅਨੁਸਾਰ ਜਿਲ੍ਹਾ ਪਟਿਆਲਾ ਦੇ ਸਾਰੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਮਿਕਦਾਰ ਵਿੱਚ ਵਾਧਾ ਹੋਣਾ ਚਾਹੀੰਦਾ ਹੈ ਤਾਂ ਜੋ ਸਿੰਚਾਈ ਦੇ ਪਾਣੀ ਦੀ ਸਮੱਸਿਆ ਦਾ ਹਲ ਹੋ ਸਕੇ, ਦੇ ਮਤੇ ਨੂੰ ਪੰਜਾਬ ਸਰਕਾਰ ਨੂੰ ਭੇਜਣ ਲਈ ਹਾਊਸ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਸਾਲ 2020-2021 ਦੌਰਾਨ ਕੁੱਲ 147,42,53,300 ਰੁਪਏ ਦੀ ਆਮਦਨ ਹੋਣ ਅਤੇ 146,91,33,300 ਰੁਪਏ ਖਰਚ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਹਾਊਸ ਵਲੋਂ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦਾ ਬਜਟ ਪ੍ਰਵਾਨ ਕੀਤਾ ਗਿਆ। ਇਸੇ ਤਰ੍ਹਾਂ ਹੀ ਜਿਲ੍ਹੇ ਦੀਆਂ ਪੰਚਾਇਤ ਸੰਮਤੀਆਂ ਦੇ ਸਾਲ 2020-2021 ਦੇ ਸਲਾਨਾ ਬਜਟਾਂ ਨੂੰ ਪ੍ਰਵਾਨ ਵਿਚਾਰ ਵਟਾਦਰੇ ਉਪਰੰਤ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਅਤੇ ਇਹ ਵੀ ਸ਼ਰਤ ਲਗਾਈ ਗਈ ਕਿ ਪੰਜਾਬ ਪੰਚਾਇਤ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਵਿੱਤੀ ਬਜਟ ਅਕਾਊਟਸ ਅਤੇ ਆਡਿਟ ਰੂਲਜ਼ 2014 ਅਤੇ ਇਸ ਸਬੰਧੀ 7 ਸਤੰਬਰ 2015 ਦੇ ਗਜਟ ਨੋਟੀਫਿਕੇਸ਼ਨ ਦੀ ਵੀ ਪਾਲਣਾ ਯਕੀਨੀ ਬਣਾਈ ਜਾਵੇ।
ਜਦੋਂਕਿ ਕੋਵਿਡ 19 ਕਾਰਨ ਲੱਗੇ ਲਾਕਡਾਊਨ/ ਕਰਫਿਊ ਸਮੇਂ ਜਿਲ੍ਹਾ ਪ੍ਰੀਸ਼ਦ ਦੇ ਦੁਕਾਨਦਾਰਾਂ ਵੱਲੋਂ ਕਿਰਾਇਆ ਮੁਆਫ ਕਰਨ ਸਬੰਧੀ ਦਿੱਤੀ ਗਈ ਬੇਨਤੀ ‘ਤੇਵਿਚਾਰ ਵਟਾਦਰੇ ਉਪਰੰਤ ਇਹ ਨਿਰਣਾ ਲਿਆ ਕਿ ਮਹੀਨਾ ਅਪਰੈਲ ਅਤੇ ਮਈ ਦੇ ਕਿਰਾਏ ਵਿੱਚ 25 ਪ੍ਰਤੀਸ਼ਤ ਛੋਟ ਦੇਣ ਲਈ ਤਜਵੀਜ ਸਰਕਾਰ ਨੂੰ ਭੇਜਣ ਦਾ ਮਤਾ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।
ਇਸ ਮੌਕੇ ਪੀ.ਐਮ.ਕੇ.ਐਸ.ਵਾਈ ਅਧੀਨ ਛੱਪੜਾਂ ਦੀ ਉਸਾਰੀ ਦਾ ਕੰਮ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਇਸ ਤੋਂ ਬਿਨ੍ਹਾਂ ਰਾਜਪੁਰਾ ਚੰਡੀਗੜ੍ਹ ਰੋਡ (ਬਨੂੰੜ ਤੋ ਗੱਜੂ ਖੇੜਾ ਬਾਇਆ ਹੁਲਕਾ ਦੀ ਵਾਇਡਨਿੰਗ ਕਰਨਾ) ਮਾਰਕਿਟ ਕਮੇਟੀ ਬਨੂੰੜ ਅਤੇ ਰਾਜਪੁਰਾ ਚਡੀਗੜ੍ਹ ਰੋਡ ਤੋਂ ਬੂਟਾ ਸਿੰਘ ਵਾਲਾ ਮਾਰਕਿਟ ਕਮੇਟੀ ਬਨੂੰੜ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਦੀ ਪ੍ਰਬੰਧਕੀ ਪ੍ਰਵਾਨਗੀ ਜਿਲ੍ਹਾ ਪ੍ਰੀਸ਼ਦ ਵਲੋਂ ਜਾਰੀ ਕੀਤੀ ਗਈ ਸੀ।
ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਥਾਈ ਕਮੇਟੀਆਂ ਦਾ ਗਠਨ ਕੀਤਾ ਗਿਆ। ਇਨ੍ਹਾਂ ‘ਚ ਚੇਅਰਪਰਸ਼ਨ ਸ੍ਰੀਮਤੀ ਰਾਜ ਕੌਰ ਦੀ ਪ੍ਰਧਾਨਗੀ ਹੇਠ ਜਨਰਲ ਕਮੇਟੀ, ਵਿੱਤ, ਆਡਿਟ ਅਤੇ ਯੋਜਨਾ ਕਮੇਟੀ ਸਮੇਤ ਜੈਵ ਵਿਭਿੰਨਤਾ ਕਮੇਟੀ ਸ਼ਾਮਲ ਹੈ। ਜਦੋਂਕਿ ਸ੍ਰੀ ਵਿਨੋਦ ਸ਼ਰਮਾ ਦੀ ਚੇਅਰਮੈਨਸ਼ਿਪ ਹੇਠਾਂ ਸਮਾਜਿਕ ਨਿਆਂ ਕਮੇਟੀ , ਸ. ਮਨਿੰਦਰ ਸਿੰਘ ਫਰਾਂਸਵਾਲਾ ਦੀ ਚੇਅਰਮੈਨਸ਼ਿਪ ਹੇਠ ਵਿਦਿਆ ਅਤੇ ਸਿਹਤ ਕਮੇਟੀ ਅਤੇ ਸ. ਜੈ ਪ੍ਰਤਾਪ ਸਿੰਘ ਡੇਜੀ ਦੀ ਚੇਅਰਮੈਨਸ਼ਿਪ ਹੇਠਾਂ ਖੇਤੀਬਾੜੀ ਅਤੇ ਸਨਅਤੀ ਕਮੇਟੀ ਦੇ ਗਠਨ ਨੂੰ ਪ੍ਰਵਾਨਗੀ ਵੀ ਦਿੱਤੀ ਗਈ।
ਮੀਟਿੰਗ ਦੌਰਾਨ ਚੇਅਰਮੈਨ ਪੰਚਾਇਤ ਸੰਮਤੀ ਸਮਾਣਾ ਸੋਨੀ ਸਿੰਘ, ਚੇਅਰਮੈਨ ਪੰਚਾਇਤ ਸੰਮਤੀ ਪਟਿਆਲਾ ਤਰਸੇਮ ਸਿੰਘ, ਚੇਅਰਮੈਨ ਪੰਚਾਇਤ ਸੰਮਤੀ ਰਾਜਪੁਰਾ ਸਰਬਜੀਤ ਸਿੰਘ, ਚੇਅਰਮੈਨ ਪੰਚਾਇਤ ਸੰਮਤੀ ਨਾਭਾ ਇਛਿਆਮਾਨ ਸਿੰਘ, ਚੇਅਰਪਰਸਨ ਪੰਚਾਇਤ ਸੰਮਤੀ ਪਾਤੜਾ ਕਿਰਨਾ ਰਾਣੀ, ਚੇਅਰਮੈਨ ਪੰਚਾਇਤ ਸੰਮਤੀ ਸਨੌਰ ਅਸ਼ਵਨੀ ਕੁਮਾਰ ਬੱਤਾ ਸਮੇਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਗੁਲਬਹਾਰ ਸਿੰਘ ਤੂਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ. ਵਰਿੰਦਰ ਸਿੰਘ ਟਿਵਾਣਾ ਸਮੇਤ ਬੀ.ਡੀ.ਪੀ.ਓਜ ਆਦਿ ਵੀ ਹਾਜਰ ਸਨ।