Afghanistan Ambassador Mr Farid Mamundzay at Patiala

January 15, 2022 - PatialaPolitics

 

IsAfghanistan Ambassador Mr Farid Mamundzay at Patiala

Afghanistan Ambassador Mr Farid Mamundzay at Patiala
Afghanistan Ambassador Mr Farid Mamundzay at Patiala

 

ਇਸਲਾਮਿਕ ਰਿਪਬਲਿਕ ਆਫ਼ ਅਫ਼ਗਾਨਿਸਤਾਨ ਦੇ ਰਾਜਦੂਤ ਫ਼ਰੀਦ ਮਾਮੁਦਜ਼ਈ ਨੇ ਭਾਰਤ-ਅਫ਼ਗਾਨਿਸਤਾਨ ਵਪਾਰ ਲਈ ਦੋਵਾਂ ਮੁਲਕਾਂ ਦੀਆਂ ਪਾਕਿਸਤਾਨ ਨਾਲ ਸੜਕੀ ਰਸਤੇ ਲੱਗਦੀਆਂ ਸਰਹੱਦਾਂ ਖੋਲ੍ਹਣ ਦੀ ਵਕਾਲਤ ਕੀਤੀ ਹੈ। ਉਹ ਅੱਜ ਇੱਥੋਂ ਦੇ ਉਦਯੋਗਪਤੀਆਂ ਅਤੇ ਅਫ਼ਗਾਨੀ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਪਟਿਆਲਾ ਪੁੱਜੇ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਅਫ਼ਗਾਨਿਸਤਾਨੀ ਰਾਜਦੂਤ ਫ਼ਰੀਦ ਮਾਮੁਦਜ਼ਈ ਦਾ ਪਟਿਆਲਾ ਪੁੱਜਣ ‘ਤੇ ਹਾਰਦਿਕ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਪ੍ਰੀਤ ਸਿੰਘ ਥਿੰਦ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅੰਗਦ ਸਿੰਘ ਸੋਹੀ ਵੀ ਮੌਜੂਦ ਸਨ।

ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਅਫ਼ਗਾਨੀ ਰਾਜਦੂਤ ਫ਼ਰੀਦ ਮਾਮੁਦਜ਼ਈ ਨੇ ਕਿਹਾ ਕਿ ਅੜਿਕਾ ਮੁਕਤ ਸੜਕੀ ਵਪਾਰ ਨਾਲ ਖਿੱਤੇ ਦੀ ਤਕਦੀਰ ਬਦਲੇਗੀ ਅਤੇ ਇਸ ਦਾ ਸਿੱਧਾ ਲਾਭ ਭਾਰਤ ਅਤੇ ਪੰਜਾਬ ਸਮੇਤ ਪਾਕਿਸਤਾਨ, ਅਫ਼ਗਾਨਿਸਤਾਨ ਸਮੇਤ ਤੁਰਕੀ ਤੇ ਇਰਾਨ ਅਤੇ ਸੈਂਟਰਲ ਏਸ਼ੀਆ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਅਫ਼ਗਾਨਿਸਤਾਨ ਤੋਂ 100 ਦੇ ਕਰੀਬ ਟਰੱਕ ਮਾਲ ਲੈਕੇ ਭਾਰਤ ਦੀ ਸਰਹੱਦ ਪੁੱਜਦੇ ਹਨ ਪਰੰਤੂ ਵਾਪਸ ਖਾਲੀ ਜਾਂਦੇ ਹਨ ਅਤੇ ਜੇਕਰ ਇਲਾਮਾਬਾਦ ਅਤੇ ਦਿੱਲੀ ਦੇ ਆਪਸੀ ਯਤਨਾਂ ਨਾਲ ਅੜਿਕਾ ਮੁਕਤ ਵਪਾਰ ਸੰਭਵ ਹੋ ਜਾਵੇ ਤਾਂ ਇਸ ਨਾਲ ਵਾਹਗਾ ਸਰਹੱਦ ਤੋਂ ਕੇਵਲ 700 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਅਫ਼ਗਾਨਿਸਤਾਨ ਦੇ ਉਦਯੋਗਾਂ ਅਤੇ ਆਮ ਲੋਕਾਂ ਨੂੰ ਲਾਭ ਪੁੱਜੇਗਾ।

ਆਪਣੀ ਪਟਿਆਲਾ ਫੇਰੀ ਦੇ ਮੰਤਵ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਬਹੁਤ ਸਾਰੇ ਵਿਦਿਆਰਥੀ ਪੜ੍ਹਨ ਲਈ ਭਾਰਤ, ਖਾਸ ਕਰਕੇ ਪੰਜਾਬ ‘ਚ ਆਉਂਦੇ ਹਨ ਅਤੇ ਪੰਜਾਬ ‘ਚ 1500 ਤੋਂ ਵਧੇਰੇ ਵਿਦਿਆਰਥੀ ਇਸ ਸਮੇਂ ਪੜ੍ਹ ਰਹੇ ਹਨ, ਜਿਨ੍ਹਾਂ ‘ਚੋਂ 200 ਵਿਦਿਆਰਥੀ ਪਟਿਆਲਾ ਪੜ੍ਹ ਰਹੇ ਹਨ। ਇਸ ਲਈ ਉਹ ਇਨ੍ਹਾਂ ਵਿਦਿਆਰਥੀਆਂ ਸਮੇਤ ਇੱਥੋਂ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਮਿਲੇ ਹਨ ਅਤੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਹਿੰਦੂ ਧਾਰਮਿਕ ਅਸਥਾਨਾਂ ਵਿਖੇ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਉਨ੍ਹਾਂ ਨੇ ਪੰਜਾਬ ਦਾ ਦੌਰਾ ਰੱਖਿਆ ਹੈ।

ਇਸ ਮੌਕੇ ਪਟਿਆਲਾ ਦੇ ਉਦਯੋਗਪਤੀਆਂ, ਜਿਨ੍ਹਾਂ ‘ਚ ਪਟਿਆਲਾ ਇੰਡਸਟ੍ਰੀਜ ਐਸੋਸੀਏਸ਼ਨ, ਪਟਿਆਲਾ ਚੈਂਬਰ ਆਫ਼ ਇੰਡਸਟ੍ਰੀਜ, ਫੋਕਲ ਪੁਆਇੰਟ ਇੰਡਸਟ੍ਰੀਜ ਐਸੋਸੀਏਸ਼ਨ, ਦੀ ਪਟਿਆਲਾ ਹੈਂਡੀਕਰਾਫ਼ਟ, ਫੁਲਕਾਰੀ ‘ਚ ਪਦਮਸ੍ਰੀ ਲਾਜਵੰਤੀ ਤੇ ਰੇਖਾ ਮਾਨ, ਐਚ.ਪੀ.ਐਸ. ਲਾਂਬਾ, ਰੋਹਿਤ ਬਾਂਸਲ, ਹਰਵਿੰਦਰ ਸਿੰਘ ਖੁਰਾਣਾ ਲਵਲੀ, ਨਰੇਸ਼ ਗੁਪਤਾ, ਅਸ਼ਵਨੀ ਗਰਗ, ਪਰਵੇਸ਼ ਮੰਗਲਾ, ਜੈ ਨਰਾਇਣ, ਵਿਕਰਮ ਗੋਇਲ, ਯਸ਼ ਮਹਿੰਦਰ, ਰਕੇਸ਼ ਗੋਇਲ, ਕਰਤਾਰ ਕੰਬਾਇਨ ਤੋਂ ਹਰਪ੍ਰੀਤ ਸਿੰਘ, ਪ੍ਰੀਤ ਟ੍ਰੈਕਟਰ ਤੋਂ ਰਾਜੀਵ ਕੌਸ਼ਲ ਸਮੇਤ ਹੋਰ ਉਦਮੀ ਸ਼ਾਮਲ ਸਨ, ਨਾਲ ਫ਼ਰੀਦ ਮਾਮੁਦਜ਼ਈ ਨੇ ਮੁਲਾਕਾਤ ਕਰਕੇ ਅਫ਼ਗਾਨਿਸਤਾਨ ਅਤੇ ਪਟਿਆਲਾ ਦੇ ਉਦਯੋਗਾਂ ਦਰਮਿਆਨ ਸਬੰਧਾਂ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਅਫ਼ਗਾਨ ਅੰਬੈਸੀ ਦੇ ਟ੍ਰੇਡ ਕੌਂਸਲਰ ਕਾਦਿਰ ਸ਼ਾਹ, ਚਾਰੂ ਦਾਸ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਇਸਲਾਮਿਕ ਰਿਪਬਲਿਕ ਆਫ਼ ਅਫ਼ਗਾਨਿਸਤਾਨ ਦੇ ਰਾਜਦੂਤ ਫ਼ਰੀਦ ਮਾਮੁਦਜ਼ਈ ਨੇ ਕਿਹਾ ਕਿ ਭਾਰਤ ਨਾਲ ਉਨ੍ਹਾਂ ਦੇ ਮੁਲਕ ਦੇ ਰਿਸ਼ਤੇ ਬਹੁਤ ਪੁਰਾਣੇ ਅਤੇ ਇਤਿਹਾਸਕ ਹਨ, ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਇੱਥੇ ਪੁੱਜੇ ਹਨ ਅਤੇ ਉਮੀਦ ਕਰਦੇ ਹਨ ਕਿ ਪੰਜਾਬ ਦੇ ਉਦਯੋਗਪਤੀ ਅਫ਼ਗਾਨਿਸਤਾਨ ਦੇ ਉਦਮੀਆਂ ਨੂੰ ਸਹਿਯੋਗ ਕਰਕੇ ਉਨ੍ਹਾਂ ਦੇ ਮੁਲਕ ਦੀ ਤਰੱਕੀ ‘ਚ ‘ਚ ਯੋਗਦਾਨ ਪਾਉਣਗੇ। ਪਟਿਆਲਾ ਦੇ ਉਦਯੋਗਪਤੀਆਂ ਨੇ ਅਫ਼ਗਾਨ ਰਾਜਦੂਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।

ਪੱਤਰਕਾਰਾਂ ਵੱਲੋ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ‘ਚ ਫ਼ਰੀਦ ਮਾਮੁਦਜ਼ਈ ਨੇ ਕਿਹਾ ਕਿ ਯੂ.ਐਸ. ਫ਼ੌਜਾਂ ਨੇ ਇੱਕ ਦਿਨ ਵਾਪਸ ਜਾਣਾ ਹੀ ਸੀ, ਕਿਊਂਕਿ ਅਫ਼ਗਾਨਿਸਤਾਨ ਅਪਣੇ ਮਸਲੇ ਖ਼ੁਦ ਨਿਬੇੜਨ ਦੇ ਸਮਰੱਥ ਹੈ ਅਤੇ ਹੁਣ ਉਥੋਂ ਦੇ ਹਾਲਾਤ ਦਿਨ-ਬ-ਦਿਨ ਸਾਜ਼ਗਾਰ ਹੋ ਰਹੇ ਹਨ। ਉਨ੍ਹਾਂ ਕਿ ਉਨ੍ਹਾਂ ਦੇ ਮੁਲਕ ‘ਚ ਹਾਲਾਤ ਐਨੇ ਮਾੜੇ ਵੀ ਨਹੀਂ ਜਿੰਨੇ ਦਿਖਾਏ ਗਏ ਹਨ ਅਤੇ ਬਹੁਤ ਜਲਦੀ ਨਵੀਂ ਚੁਣੀ ਹੋਈ ਸਰਕਾਰ ਬਣਨ ਦੇ ਆਸਾਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਤਾਲਿਬਾਨ ਹਕੂਮਤ ‘ਤੇ ਇਸ ਗੱਲ ਦਾ ਜ਼ੋਰ ਪਾਇਆ ਜਾ ਰਿਹਾ ਹੈ ਕਿ ਮਹਿਲਾਵਾਂ ਨੂੰ ਉਨ੍ਹਾਂ ਦੇ ਬਣਦੇ ਹੱਕ-ਹਕੂਕ ਜਰੂਰ ਮਿਲਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਲਕ, ਇਸ ਖਿੱਤੇ ਨੂੰ ਅੱਤਵਾਦ ਮੁਕਤ ਤੇ ਸ਼ਾਂਤਮਈ ਖਿੱਤਾ ਬਣਾਉਣ ‘ਚ ਵਿਸ਼ਵਾਸ਼ ਰੱਖਦਾ ਹੈ, ਜਿਸ ਲਈ ਯਤਨ ਜਾਰੀ ਹਨ।