Patiala DC checks strong room,All set for counting day 10 March

March 2, 2022 - PatialaPolitics

Patiala DC checks strong room,All set for counting day 10 March

ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ-2022 ਲਈ ਪਈਆਂ ਵੋਟਾਂ ਦੀ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਂੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ 6 ਗਿਣਤੀ ਕੇਂਦਰਾਂ ਦਾ ਦੌਰਾ ਕਰਦਿਆਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਮਲੇ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।

ਸ੍ਰੀ ਸੰਦੀਪ ਹੰਸ ਨੇ ਸਾਰੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ‘ਚ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਪੂਰੀ ਤਰ੍ਹਾਂ ਸੁਤੰਤਰ, ਸੁਰੱਖਿਅਤ, ਆਜ਼ਾਦਾਨਾਂ ਢੰਗ ਨਾਲ ਅਤੇ ਨਿਰਪੱਖ ਤੌਰ ‘ਤੇ ਕਰਵਾਈ ਜਾਵੇਗੀ।

ਜਿਕਰਯੋਗ ਹੈ ਕਿ ਪਟਿਆਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦਿਹਾਤੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਥਾਪਰ ਯੂਨੀਵਰਸਿਟੀ ਵਿਖੇ, ਨਾਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਆਈ.ਟੀ.ਆਈ ਲੜਕੇ ਪਟਿਆਲਾ, ਸਨੌਰ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ, ਘਨੌਰ ਅਤੇ ਰਾਜਪੁਰਾ ਹਲਕਿਆਂ ਦੀ ਗਿਣਤੀ ਜਿਮਨੇਜ਼ੀਅਮ ਹਾਲ ਪੰਜਾਬੀ ਯੂਨੀਵਰਸਿਟੀ ਅਤੇ ਸ਼ੁਤਰਾਣਾ ਅਤੇ ਸਮਾਣਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਇਨਡੋਰ ਜਿਮਨੇਜ਼ੀਅਮ ਹਾਲ ਪੋਲੋ ਗਰਾਊਂਡ ਪਟਿਆਲਾ ਵਿਖੇ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਦੀਆਂ ਈ.ਵੀ.ਐਮਜ ਦੀ ਸਖ਼ਤ ਸੁਰੱਖਿਆ ਲਈ ਲੋੜੀਂਦੀ ਕੇਂਦਰੀ ਸੁਰੱਖਿਆ ਬਲਾਂ ਦੀ ਫੋਰਸ ਤੋਂ ਇਲਾਵਾ ਪੰਜਾਬ ਆਰਮਡ ਪੁਲਿਸ ਸਮੇਤ ਜ਼ਿਲ੍ਹਾ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਿਟਰਨਿੰਗ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਇਕ ਦਿਨ ‘ਚ ਦੋ ਵਾਰ ਸਟਰੌਂਗ ਰੂਮਜ਼ ਦਾ ਜਾਇਜ਼ਾ ਲਿਆ ਜਾਂਦਾ ਹੈ। ਜਦੋਂਕਿ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਸਮੇਤ ਈ-ਸਰਵੇਲੈਂਸ ਵੀ 24 ਘੰਟੇ ਨਿਰੰਤਰ ਜਾਰੀ ਹੈ।

ਸ੍ਰੀ ਸੰਦੀਪ ਹੰਸ ਨੇ ਸਾਰੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਗਿਣਤੀ ਏਜੰਟਾਂ ਦੇ ਪਛਾਣ ਪੱਤਰ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲੋਂ ਬਣਵਾ ਲੈਣ ਅਤੇ ਇਹ ਯਕੀਨੀ ਬਣਾਉਣ ਕਿ ਸਾਰੇ ਏਜੰਟ ਗਿਣਤੀ ਕੇਂਦਰਾਂ ਵਿਖੇ ਗਿਣਤੀ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਪੁੱਜ ਜਾਣ। ਉਨ੍ਹਾਂ ਕਿਹਾ ਕਿ ਹਰ ਕੇਂਦਰ ‘ਚ 14 ਗਿਣਤੀ ਟੇਬਲ (ਦੋਵੇਂ ਪਾਸੇ 7-7) ਲਗਾਏ ਜਾਣਗੇ। ਸਟਰੌਂਗ ਰੂਮਜ ਦਾ ਦੌਰਾ ਕਰਨ ਸਮੇਂ ਡਿਪਟੀ ਕਮਿਸ਼ਨਰ ਉਥੇ ਹਾਜ਼ਰ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਮਿਲੇ, ਜਿਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

DC checking Strong rooms
DC checking Strong rooms