Patiala Population Sex Ratio increased in 2016-17
January 17, 2018 - PatialaPolitics
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਨਾਲ ਜ਼ਿਲ੍ਹੇ ਅੰਦਰ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ‘ਚ ਸੁਧਾਰ ਹੋਇਆ
-ਲਿੰਗ ਅਨੁਪਾਤ ਸਾਲ 2015-16 ‘ਚ 866 ਤੋਂ ਵਧਕੇ ਸਾਲ 2016-17 ‘ਚ 890 ਹੋਇਆ
-ਬੇਟੀ ਬਚਾਓ ਬੇਟੀ ਪੜ੍ਹਾਓ ਕੇਵਲ ਜਾਗਰੂਕਤਾ ਮੁਹਿੰਮ-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
-ਮਾਲੀ ਇਮਦਾਦ ਜਾਂ ਵਜੀਫ਼ਿਆਂ ਦੇ ਕਿਸੇ ਝਾਂਸੇ ‘ਚ ਨਾ ਆਉਣ ਆਮ ਲੋਕ
ਪਟਿਆਲਾ, 17 ਜਨਵਰੀ:
ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਆਮ ਲੋਕਾਂ ਅੰਦਰ ਪੈਦਾ ਹੋ ਰਹੀ ਜਾਗਰੂਕਤਾ ਦੇ ਮੱਦੇਨਜ਼ਰ ਜ਼ਿਲ੍ਹਾ ਪਟਿਆਲਾ ਅੰਦਰ ਲਿੰਗ ਅਨੁਪਾਤ ‘ਚ ਕਾਫ਼ੀ ਸੁਧਾਰ ਹੋਇਆ ਹੈ। ਜ਼ਿਲ੍ਹੇ ਦਾ ਜਨਮ ਵੇਲੇ ਲਿੰਗ ਅਨੁਪਾਤ ਸਾਲ 2015-16 ਵਿੱਚ 866 ਤੋਂ 24 ਅੰਕ ਵਧਕੇ ਸਾਲ 2016-17 ਦੌਰਾਨ 890 ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਇਸ ਵਾਧੇ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਹਵਾਲੇ ਨਾਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਸੁਖਦੀਪ ਸਿੰਘ ਨੇ ਦਿੱਤੀ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਇਸ ਸਕੀਮ ਤਹਿਤ ਕਿਸੇ ਤਰ੍ਹਾਂ ਦੀ ਮਾਲੀ ਇਮਦਾਦ ਜਾਂ ਵਜੀਫ਼ੇ ਨਹੀਂ ਦਿੱਤੇ ਜਾਂਦੇ।
ਜ਼ਿਲ੍ਹਾ ਪ੍ਰੋਗਰਾਮ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਜਨਵਰੀ 2015 ‘ਚ ਲਾਗੂ ਕੀਤੀ ਗਈ ਇਹ ਸਕੀਮ ਦੇਸ਼ ਦੇ ਉਨ੍ਹਾਂ 100 ਜ਼ਿਲ੍ਹਿਆਂ ‘ਚ ਲਾਗੂ ਕੀਤੀ ਗਈ ਸੀ, ਜਿਥੇ ਲਿੰਗ ਅਨੁਪਾਤ ਬਹੁਤ ਘੱਟ ਹੈ ਜਾਂ ਤੇਜੀ ਨਾਲ ਘੱਟ ਰਿਹਾ ਹੈ ਅਤੇ ਪਟਿਆਲਾ ਜ਼ਿਲ੍ਹਾ ਵੀ ਇਨ੍ਹਾਂ 100 ਜ਼ਿਲ੍ਹਿਆਂ ‘ਚ ਸ਼ਾਮਲ ਸੀ। ਜਦੋਂ ਕਿ 2016 ‘ਚ 50 ਜ਼ਿਲ੍ਹੇ ਹੋਰ ਸ਼ਾਮਲ ਕਰ ਦਿੱਤੇ ਗਏ।
ਸ. ਸੁਖਦੀਪ ਸਿੰਘ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦਾ ਮੁੱਖ ਉਦੇਸ਼ ਔਰਤਾਂ ਦਾ ਸ਼ਕਤੀਕਰਨ, ਵਿੱਦਿਆ ਦਾ ਪ੍ਰਸਾਰ ਅਤੇ ਸਮਾਜਿਕ ਪੱਧਰ ‘ਤੇ ਲਿੰਗ ਅਧਾਰਤ ਵਿਤਕਰੇ ਨੂੰ ਠੱਲ ਪਾਉਣਾ ਹੈ ਤੇ ਇਹ ਸਕੀਮ ਲਿੰਗ ਨਿਰਧਾਰਨ ਅਤੇ ਲਿੰਗ ਚੋਣ ਨੂੰ ਠੱਲ ਪਾਉਣ ਲਈ ਪੀ.ਸੀਪੀ.ਐਨ.ਡੀ.ਟੀ. ਐਕਟ ਦੇ ਸੁਚੱਜੇ ਅਮਲ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਵਿੱਚ ਇਸ ਸਕੀਮ ਤਹਿਤ ਜਾਗਰੂਕਤਾ ਫੈਲਣ ਸਦਕਾ ਮੁੰਡੇ-ਕੁੜੀਆਂ ਦੇ ਜਨਮ ਵੇਲੇ ਲਿੰਗ ਅਨੁਪਾਤ ‘ਚ ਲਗਾਤਾਰ ਆ ਰਿਹਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਇਸ ਸਕੀਮ ਦੇ ਨਾਮ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਕੁਝ ਗ਼ੈਰ ਸਰਕਾਰੀ ਅਨਸਰ ਗ਼ਲਤ ਪ੍ਰਚਾਰ ਨਾਲ ਤੋਂ ਗੁਰੇਜ਼ ਕਰਨ, ਕਿਉਂਕਿ ਅਜਿਹਾ ਕਰਕੇ ਉਹ ਅਪਰਾਧਿਕ ਕਾਰਵਾਈ ਕਰ ਰਹੇ ਹਨ, ਜੋ ਕਿ ਕਾਨੂੰਨਨ ਜੁਰਮ ਹੈ ਤੇ ਅਜਿਹੇ ਲੋਕ ਸਜਾ ਦੇ ਹੱਕਦਾਰ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਤਹਿਤ ਕਿਸੇ ਤਰ੍ਹਾਂ ਦੀ ਵਿੱਤੀ ਇਮਦਾਦ ਜਾਂ ਵਜੀਫ਼ਿਆਂ ਆਦਿ ਦੇ ਝਾਂਸੇ ‘ਚ ਨਾ ਆਉਣ ਅਤੇ ਇਸ ਤਰ੍ਹਾਂ ਦੇ ਝਾਂਸੇ ਦੇਣ ਵਾਲੇ ਲੋਕਾਂ ਬਾਬਤ ਆਪਣੇ ਨੇੜਲੇ ਪੁਲਿਸ ਥਾਣੇ ਜਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਟਿਆਲਾ ਨੂੰ ਤੁਰੰਤ ਸੂਚਨਾ ਦੇਣ।
ਨੰ: ਲਸਪ (ਪ੍ਰੈ.ਰੀ.)-2018/47