MP Preneet Kaur presides over meeting of DDC& monitoring committee
March 26, 2022 - PatialaPolitics
MP Preneet Kaur presides over meeting of DDC& monitoring committee
Pta MP @preneet_kaur ਪ੍ਰਨੀਤ ਕੌਰ ਜ਼ਿਲ੍ਹਾ ਵਿਕਾਸ ਤੇ ਤਾਲਮੇਲ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ MLAs ਡਾ. ਬਲਬੀਰ ਸਿੰਘ,ਚੇਤਨ ਸਿੰਘ ਜੌੜੇਮਜਰਾ, ਕੁਲਵੰਤ ਸਿੰਘ ਬਾਜ਼ੀਗਰ,ਨੀਨਾ ਮਿੱਤਲ,ਅਜੀਤਪਾਲ ਸਿੰਘ ਕੋਹਲੀ,ਗੁਰਲਾਲ ਘਨੌਰ,ਗੁਰਦੇਵ ਸਿੰਘ ਦੇਵ ਮਾਨ ਤੇ ਹਰਮੀਤ ਸਿੰਘ ਪਠਾਣਮਾਜਰਾ DC ਸੰਦੀਪ ਹੰਸ ਤੇ ਹੋਰ ਅਧਿਕਾਰੀ
ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਮੋਨੀਟਰਿੰਗ (ਦਿਸ਼ਾ) ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਪਟਿਆਲਾ ਦੇ ਸਮੁੱਚੇ ਵਿਧਾਇਕਾਂ ਡਾ. ਬਲਬੀਰ ਸਿੰਘ, ਅਜੀਤਪਾਲ ਸਿੰਘ ਕੋਹਲੀ, ਚੇਤੰਨ ਸਿੰਘ ਜੌੜੇਮਾਜਰਾ, ਨੀਨਾ ਮਿੱਤਲ, ਗੁਰਲਾਲ ਘਨੌਰ, ਹਰਮੀਤ ਸਿੰਘ ਪਠਾਣਮਾਜਰਾ, ਕੁਲਵੰਤ ਸਿੰਘ ਬਾਜ਼ੀਗਰ ਅਤੇ ਗੁਰਦੇਵ ਸਿੰਘ ਦੇਵ ਮਾਨ ਨੇ ਸ਼ਿਰਕਤ ਕੀਤੀ।
ਇਸ ਮੀਟਿੰਗ ‘ਚ ਸੰਸਦ ਮੈਂਬਰ ਤੇ ਸਮੂਹ ਵਿਧਾਇਕਾਂ ਨੇ ਇਕਮੱਤ ਹੁੰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਹੇਠਲੇ ਪੱਧਰ ‘ਤੇ ਸਮਾਜ ਦੇ ਗਰੀਬ ਤੋਂ ਗਰੀਬ ਤੇ ਲੋੜਵੰਦ ਲੋਕਾਂ ਤੱਕ ਪੁੱਜਣਾ ਯਕੀਨੀ ਬਣਾਇਆ ਜਾਵੇ, ਇਸ ਸਬੰਧੀਂ ਉਨ੍ਹਾਂ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਮੌਕੇ ‘ਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
40 ਦੇ ਕਰੀਬ ਕੇਂਦਰੀ ਸਕੀਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਨਵੇਂ ਚੁਣੇ ਵਿਧਾਇਕਾਂ ਨੇ ਅੱਜ ਦੀ ਮੀਟਿੰਗ ‘ਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਹੈ, ਜਿਸ ਦਾ ਲਾਭ ਜ਼ਿਲ੍ਹੇ ਦੇ ਲੋਕਾਂ ਨੂੰ ਲਾਜਮੀ ਹੋਵੇਗਾ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਭਾਰਤ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਵੀ ਲਾਭਪਾਤਰੀ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।
ਮੀਟਿੰਗ ਦੌਰਾਨ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਸ ਲਈ ਸਮੁਚੇ ਅਧਿਕਾਰੀ ਪੰਜਾਬ ਸਰਕਾਰ ਦੀਆਂ ਤਰਜੀਹਾਂ ਮੁਤਾਬਕ ਹੀ ਕੰਮ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਾਰੀਆਂ ਸਕੀਮਾਂ ਨੂੰ ਲਾਗੂ ਕਰਨਾ ਹੇਠਲੇ ਪੱਧਰ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਰਾਸ਼ਨ ਦੀ ਵੰਡ ਨੂੰ ਵੀ ਸੁਚਾਰੂ ਬਣਾਇਆ ਜਾਵੇਗਾ ਤਾਂ ਕਿ ਹਰ ਲਾਭਪਾਤਰੀ ਨੂੰ ਲਾਭ ਮਿਲ ਸਕੇ।
ਮਗਨੇਰਗਾ ਸਕੀਮ ਦੀ ਸਮੀਖਿਆ ਦੌਰਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ‘ਚ ਆਇਆ ਹੈ ਕਿ ਬਹੁਤ ਸਾਰੇ ਨਰੇਗਾ ਵਰਕਰਾਂ ਨੂੰ ਪੂਰੇ 100 ਦਿਨ ਰੋਜ਼ਗਾਰ ਨਹੀਂ ਮਿਲਦਾ, ਇਸ ਲਈ ਸਬੰਧਤ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਸਾਰੇ ਵਰਕਰਾਂ ਨੂੰ ਰੋਜ਼ਗਾਰ ਮਿਲੇ। ਉਨ੍ਹਾਂ ਨੇ ਬਰਸਾਤੀ ਪਾਣੀ ਨੂੰ ਸੰਭਾਲਣ ਲਈ ਵੀ ਯਤਨ ਤੇਜ ਕਰਨ ਸਬੰਧੀ ਅਹਿਮ ਸੁਝਾਉ ਦਿੱਤੇ।
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਾਰੇ ਵਿਕਾਸ ਕੰਮਾਂ ਸਮੇਤ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਦੀਆਂ ਸੂਚੀਆਂ ਵਿਧਾਇਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਉਹ ਆਪਣੇ ਪੱਧਰ ‘ਤੇ ਇਨ੍ਹਾਂ ਦੀ ਸਮੀਖਿਆ ਕਰ ਸਕਣ ਅਤੇ ਅਸਲ ਲੋੜਵੰਦਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਮਿਲੇ।
ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭ ਤੋਂ ਵਾਂਝੇ ਕਈ ਗਰੀਬਾਂ ਤੇ ਲੋੜਵੰਦਾਂ ਨੂੰ ਅਜੇ ਤੱਕ ਵੀ ਪੱਕੇ ਮਕਾਨ ਮੁਹੱਈਆ ਨਾ ਕਰਵਾਏ ਜਾਣ ਦਾ ਮੁੱਦਾ ਉਠਾਇਆ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਦੀ ਮੁੜ ਤੋਂ ਸਮੀਖਿਆ ਕਰਨ ‘ਤੇ ਜ਼ੋਰ ਦਿੱਤਾ।
ਕੌਮੀ ਪੇਂਡੂ ਪੀਣ ਵਾਲੇ ਪਾਣੀ ਪ੍ਰੋਗਰਾਮ ਦੀ ਸਮੀਖਿਆ ਦੌਰਾਨ ਵਿਧਾਇਕਾਂ ਨੀਨਾ ਮਿੱਤਲ ਅਤੇ ਗੁਰਲਾਲ ਘਨੌਰ ਨੇ ਰਾਜਪੁਰਾ ਅਤੇ ਘਨੌਰ ‘ਚ ਪੀਣ ਵਾਲੇ ਪਾਣੀ ਦੀ ਕਿਲਤ ਦਾ ਜਿਕਰ ਕਰਦਿਆਂ ਮੰਗ ਕੀਤੀ ਕਿ ਇਸ ਸਕੀਮ ‘ਤੇ ਮੁੜ ਵਿਚਾਰ ਕਰਕੇ ਇਸ ਦਾ ਘੇਰਾ ਵਧਾਇਆ ਜਾਵੇ, ਜਿਸ ‘ਤੇ ਬਾਕੀ ਵਿਧਾਇਕਾਂ ਅਤੇ ਸੰਸਦ ਮੈਂਬਰ ਨੇ ਵੀ ਇਕਮੱਤ ਹੁੰਦਿਆਂ ਕਿਹਾ ਕਿ ਸਾਰੇ ਜ਼ਿਲ੍ਹੇ ‘ਚ ਲੋੜ ਮੁਤਾਬਕ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਨੂੰ ਸਬੰਧਤ ਵਿਭਾਗ ਤਵੱਜੋ ਦੇਣ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਇਸ ਦੇ ਜਵਾਬ ‘ਚ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਕੀਮ ਦਾ ਰੀਵਿਯੂ ਕੀਤਾ ਜਾਵੇਗਾ।
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸੰਸਦ ਮੈਂਬਰ ਨੂੰ ਗੁਜਾਰਿਸ਼ ਕੀਤੀ ਕਿ ਉਹ ਕੇਂਦਰੀ ਸਕੀਮਾਂ ‘ਚ ਪੰਜਾਬ ਨੂੰ ਬਿਹਾਰ ਤੇ ਯੂ.ਪੀ. ਆਦਿ ਨਾਲ ਨਾ ਜੋੜੇ ਜਾਣ ਦਾ ਮੁੱਦਾ ਸੰਸਦ ‘ਚ ਉਠਾਉਣ। ਉਨ੍ਹਾਂ ਨੇ ਬਰਸਾਤੀ ਪਾਣੀ ਦੇ ਨਿਕਾਸ ਲਈ ਡਰੇਨਾਂ ਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਦਾ ਮੁੱਦਾ ਵੀ ਉਠਾਇਆ, ਜਿਸ ‘ਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਇਸ ਦੇ ਰੀਵਿਯੂ ਲਈ ਇੱਕ ਕਮੇਟੀ ਬਣਾ ਦਿੱਤੀ ਹੈ ਅਤੇ ਭਵਿੱਖ ‘ਚ ਸਾਰੀਆਂ ਸੂਚੀਆਂ ਸਬੰਧਤ ਵਿਧਾਇਕਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।
ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪਿੰਡਾਂ ‘ਚ ਸਰਪੰਚਾਂ ਨੂੰ ਕਾਨੂੰਨ ਮੁਤਾਬਕ ਪਿੰਡ ਦੇ ਵਿਕਾਸ ਲਈ ਕੰਮ ਕਰਨ ‘ਚ ਕੋਈ ਅਧਿਕਾਰੀ ਅੜਿਕਾ ਨਾ ਬਣੇ। ਉਨ੍ਹਾਂ ਨੇ ਸਿੰਚਾਈ ਲਈ ਰਜਬਾਹਿਆਂ ਦਾ ਪਾਣੀ ਟੇਲਾਂ ਤੱਕ ਪੁੱਜਦਾ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ। ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਹਲਕੇ ‘ਚ ਰੇਲਵੇ ਲਾਇਨਾਂ ‘ਤੇ ਅੰਡਰਪਾਸ ਬਣਾਉਣ ਦੀ ਮੰਗ ਪ੍ਰਨੀਤ ਕੌਰ ਦੇ ਸਨਮੁੱਖ ਰੱਖੀ। ਸ੍ਰੀ ਦੇਵ ਮਾਨ ਨੇ ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਦਾ ਮੁੱਦਾ ਉਠਾਉਂਦਿਆਂ ਕਾਉ ਸੈਸ ਦੀ ਵਰਤੋਂ ਨੂੰ ਪਾਰਦਰਸ਼ੀ ਢੰਗ ਨਾਲ ਕਾਉ ਸੈਸ ਦੇ ਅਸਲ ਮੰਤਵ ਲਈ ਵਰਤੇ ਜਾਣ ‘ਤੇ ਜ਼ੋਰ ਦਿੱਤਾ।
ਮੀਟਿੰਗ ‘ਚ ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਯੂ.ਡੀ) ਗੌਤਮ ਜੈਨ, ਸਹਾਇਕ ਕਮਿਸ਼ਨਰ (ਯੂ.ਟੀ.) ਚੰਦਰ ਜੋਤੀ ਸਿੰਘ, ਐਸ.ਪੀ. ਸਿਟੀ ਹਰਪਾਲ ਸਿੰਘ, ਏ.ਪੀ.ਓ. ਵਿਜੇ ਧੀਰ, ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਰਾਜ ਕੌਰ, ਬਲਾਕ ਸੰਮਤੀਆਂ ਦੇ ਚੇਅਰਮੈਨ, ਮੇਅਰ ਸੰਜੀਵ ਸ਼ਰਮਾ, ਸਮੂਹ ਨਗਰ ਕੌਂਸਲਾਂ ਦੇ ਪ੍ਰਧਾਨ, ਐਸ.ਡੀ.ਐਮਜ, ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਮੁਖੀ ਅਤੇ ਦਿਸ਼ਾ ਕਮੇਟੀ ਦੇ ਮੈਂਬਰ ਮੌਜੂਦ ਸਨ।
*************
ਫੋਟੋ ਕੈਪਸ਼ਨ-ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਦਿਸ਼ਾ ਕਮੇਟੀ ਦੀ ਮੀਟਿੰਗ ‘ਚ ਸ਼ਿਰਕਤ ਕਰਦੇ ਹੋਏ ਵਿਧਾਇਕ ਡਾ. ਬਲਬੀਰ ਸਿੰਘ, ਚੇਤੰਨ ਸਿੰਘ ਜੌੜੇਮਾਜਰਾ, ਕੁਲਵੰਤ ਸਿੰਘ ਬਾਜ਼ੀਗਰ, ਨੀਨਾ ਮਿੱਤਲ, ਅਜੀਤਪਾਲ ਸਿੰਘ ਕੋਹਲੀ, ਗੁਰਲਾਲ ਘਨੌਰ, ਗੁਰਦੇਵ ਸਿੰਘ ਦੇਵ ਮਾਨ ਅਤੇ ਹਰਮੀਤ ਸਿੰਘ ਪਠਾਣਮਾਜਰਾ। ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਹੋਰ ਅਧਿਕਾਰੀ ਵੀ ਨਜ਼ਰ ਆ ਰਹੇ ਹਨ