Jan Suwidha Camp Patiala:3025 complaints solved on the spot
April 14, 2022 - PatialaPolitics
Jan Suwidha Camp Patiala:3025 complaints solved on the spot
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਜ਼ਿਲ੍ਹੇ ‘ਚ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਜਯੰਤੀ ਮੌਕੇ ਅੱਜ ਜਨ ਸੁਵਿਧਾ ਕੈਂਪਾਂ ਦੌਰਾਨ 5748 ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ‘ਚੋਂ 3025 ਦਾ ਮੌਕੇ ‘ਤੇ ਹੀ ਨਿਪਟਾਰਾ ਕਰਕੇ ਲਾਭਪਾਤਰੀਆਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਡਿਪਟੀ ਕਮਿਸ਼ਨਰ ਨੇ ਸਾਰੇ ਹਲਕਿਆਂ ਅੰਦਰ ਲਗਾਏ 8 ਜਨ ਸੁਵਿਧਾ ਕੈਂਪਾਂ ਦੀ ਸਫ਼ਲਤਾ ਲਈ ਜ਼ਿਲ੍ਹੇ ਦੇ ਸਮੂਹ ਵਿਧਾਇਕਾਂ ਵੱਲੋਂ ਦਿਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਇਨ੍ਹਾਂ ਕੈਂਪਾਂ ‘ਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰੀਬ ਦੋ ਦਰਜਨ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ਹੈ।
ਡੀ.ਸੀ. ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਜਿਹੇ ਕੈਂਪ ਹਰ ਮਹੀਨੇ ਲਗਾਏ ਜਾਣਗੇ। ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਜਨ ਸੁਵਿਧਾ ਕੈਂਪਾਂ ‘ਚ 3025 ਲਾਭਪਾਤਰੀਆਂ ਨੂੰ ਮੌਕੇ ‘ਤੇ ਹੀ ਬਣਦੇ ਲਾਭ ਮੁਹੱਈਆ ਕਰਵਾ ਕੇ ਸਰਟੀਫਿਕੇਟ ਸੌਂਪੇ ਗਏ, ਇਨ੍ਹਾਂ ‘ਚ ਵੱਖ-ਵੱਖ ਸਮਾਜਿਕ ਸੁਰੱਖਿਆ ਪੈਨਸ਼ਨਾਂ, ਮਗਨਰੇਗਾ ਜਾਬ ਕਾਰਡ ਆਦਿ ਤੋਂ ਇਲਾਵਾ ਹੋਰ ਕਈ ਪ੍ਰਕਾਰ ਦੇ ਸਰੀਫਿਕੇਟਸ ਤੇ ਪ੍ਰਸ਼ਾਸਨਿਕ ਸੇਵਾਵਾਂ ਸ਼ਾਮਲ ਸਨ। ਸਾਕਸ਼ੀ ਸਾਹਨੀ ਮੁਤਾਬਕ 2084 ਦਰਖ਼ਾਸਤਾਂ ਯੋਗ ਪਾਈਆਂ ਗਈਆਂ ਤੇ 603 ਦਰਖ਼ਾਸਤਾਂ ਯੋਗ ਨਹੀਂ ਪਾਈਆਂ ਗਈਆਂ, 1356 ਨੂੰ ਅਗਲੇਰੀ ਪੜਤਾਲ ਲਈ ਰੱਖਿਆ ਗਿਆ ਜਦਕਿ 264 ਲੰਬਿਤ ਹਨ।
ਜਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ, ਨੋਡਲ ਅਫ਼ਸਰ ਬਣਾਏ ਗਏ ਸਨ ਅਤੇ ਉਨ੍ਹਾਂ ਦੀ ਸਹਾਇਤਾ ਲਈ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਚੰਦਰ ਜੋਤੀ ਸਿੰਘ ਨੂੰ ਵੀ ਲਗਾਇਆ ਗਿਆ ਸੀ। ਜਦੋਂਕਿ ਸਾਰੀਆਂ ਸਬ-ਡਵੀਜਨਾਂ ਦੇ ਐਸ.ਡੀ.ਐਮਜ ਤੇ ਤਹਿਸੀਲਦਾਰਾਂ ਸਮੇਤ ਸਿਵਲ ਸਰਜਨ ਤੇ ਹੋਰ ਵਿਭਾਗਾਂ ਦੇ ਮੁਖੀ ਵੀ ਕੈਂਪਾਂ ‘ਚ ਹਾਜ਼ਰ ਰਹੇ।