Khelo India Youth Games: Punjab boys and Chandigarh girls wins in Gatka competition

June 8, 2022 - PatialaPolitics

Khelo India Youth Games: Punjab boys and Chandigarh girls wins in Gatka competition

ਖੇਲੋ ਇੰਡੀਆ ਖੇਡਾਂ : ਗੱਤਕਾ ਮੁਕਾਬਲਿਆਂ ਚ ਪੰਜਾਬ ਦੇ ਲੜਕੇ ਤੇ ਚੰਡੀਗੜ੍ਹ ਦੀਆਂ ਲੜਕੀਆਂ ਰਹੀਆਂ ਜੇਤੂ

 

· 16 ਰਾਜਾਂ ਦੇ 250 ਤੋਂ ਵੱਧ ਗੱਤਕੇਬਾਜਾਂ ਨੇ 64 ਤਗਮਿਆਂ ਲਈ ਕੀਤੀ ਜੋਰ-ਅਜਮਾਈ

 

· ਪਹਿਲੀ ਵਾਰ ਦਰਸ਼ਕਾਂ ਲਈ ਗੱਤਕਾ ਮੈਚਾਂ ਦੇ ਨਤੀਜੇ ਸਕੋਰਬੋਰਡ ‘ਤੇ ਸਿੱਧੇ ਪ੍ਰਸਾਰਿਤ ਹੋਏ

 

 

ਚੰਡੀਗੜ੍ਹ 8 ਜੂਨ ( ) ਭਾਰਤੀ ਖੇਡ ਮੰਤਰਾਲੇ ਵੱਲੋਂ ਪੰਚਕੂਲਾ, ਹਰਿਆਣਾ ਵਿਖੇ ਆਯੋਜਿਤ ਚੌਥੀਆਂ ਖੇਲੋ ਇੰਡੀਆ ਯੂਥ ਗੇਮਜ਼ ਦੌਰਾਨ ਹੋਏ ਗੱਤਕੇ ਦੇ ਨੈਸ਼ਨਲ ਮੁਕਾਬਲਿਆਂ ਦੌਰਾਨ ਲੜਕਿਆਂ ਦੇ ਵਰਗ ਵਿੱਚੋਂ ਪੰਜਾਬ ਨੇ ਸਮੁੱਚੀ ਚੈਂਪੀਅਨਸ਼ਿਪ ਜਿੱਤੀ ਜਦਕਿ ਹਰਿਆਣਾ ਦੂਜੇ ਅਤੇ ਨਵੀਂ ਦਿੱਲੀ ਦੀ ਟੀਮ ਤੀਜੇ ਸਥਾਨ ਉਤੇ ਰਹੀ। ਇਸੇ ਦੌਰਾਨ ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਚੰਡੀਗੜ੍ਹ ਨੇ ਸਮੁੱਚੀ ਚੈਂਪੀਅਨਸ਼ਿਪ ਉਤੇ ਕਬਜ਼ਾ ਕੀਤਾ ਜਦਕਿ ਪੰਜਾਬ ਦੂਜੇ ਨੰਬਰ ਉੱਤੇ ਅਤੇ ਨਵੀਂ ਦਿੱਲੀ ਦੀਆਂ ਲੜਕੀਆਂ ਤੀਜੇ ਸਥਾਨ ‘ਤੇ ਰਹੀਆਂ।

 

ਭਾਰਤ ਦੀ ਸਭ ਤੋਂ ਪੁਰਾਤਨ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਦੇਖ-ਰੇਖ ਹੇਠ ਹੋਏ ਇਨ੍ਹਾਂ ਕੌਮੀ ਗੱਤਕਾ ਮੁਕਾਬਲਿਆਂ ਵਿੱਚ ਦੇਸ਼ ਦੇ ਵੱਖ-ਵੱਖ 16 ਰਾਜਾਂ ਦੀਆਂ ਗੱਤਕਾ ਟੀਮਾਂ ਵਿੱਚ ਸ਼ਾਮਲ 250 ਤੋਂ ਵੱਧ ਖਿਡਾਰੀਆਂ ਤੇ ਖਿਡਾਰਨਾਂ ਨੇ 64 ਤਗਮਿਆਂ ਲਈ ਸਵੈ-ਰੱਖਿਆ ਦੀ ਇਸ ਖੇਡ ਵਿੱਚ ਪੂਰੇ ਜੋਸ਼ ਨਾਲ ਜੋਰ-ਅਜਮਾਈ ਕੀਤੀ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਸਾਂਝੀ ਕਰਦਿਆਂ ਖੇਲੋ ਇੰਡੀਆ ਖੇਡਾਂ ਦੇ ਗੱਤਕਾ ਕੰਪੀਟੀਸ਼ਨ ਮੈਨੇਜਰ ਡਾ. ਪ੍ਰੀਤਮ ਸਿੰਘ ਡਾਇਰੈਕਟਰ ਖੇਡਾਂ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਮੁਹਾਲੀ ਨੇ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਦੀ ਸਰਪ੍ਰਸਤੀ ਹੇਠ ਸਮਾਪਤ ਹੋਏ ਇਨ੍ਹਾਂ ਤਿੰਨ ਰੋਜਾ ਗੱਤਕਾ ਮੁਕਾਬਲਿਆਂ ਦੌਰਾਨ ਵੱਖ-ਵੱਖ ਰਾਜਾਂ ਦੇ ਗੱਤਕਾ ਖਿਡਾਰੀਆਂ ਅਤੇ ਖਿਡਾਰਨਾਂ ਵਿਚ ਬਹੁਤ ਜੋਸ਼ ਦੇਖਣ ਨੂੰ ਮਿਲਿਆ ਅਤੇ ਗੱਤਕਾ ਐਸੋਸੀਏਸ਼ਨ ਦੀ ਜੱਜਮੈਂਟ ਟੀਮ ਸਮੇਤ ਸਮੂਹ ਰੈਫਰੀਆਂ ਨੇ ਨਿਯਮਾਂਵਲੀ ਮੁਤਾਬਿਕ ਬਾਖ਼ੂਬੀ ਡਿਊਟੀਆਂ ਨਿਭਾਈਆਂ।

ਉਨ੍ਹਾਂ ਦੱਸਿਆ ਕਿ ਗੱਤਕਾ ਖੇਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਡਿਜ਼ੀਟਲ ਸਕੋਰਬੋਰਡ ਉੱਤੇ ਮੈਚਾਂ ਦੇ ਨਤੀਜੇ ਨਾਲੋ-ਨਾਲ ਪ੍ਰਦਰਸ਼ਤ ਹੁੰਦੇ ਰਹੇ ਕਿਉਂਕਿ ਅਜਿਹੀ ਆਨਲਾਈਨ ਸਕੋਰਿੰਗ ਅਤੇ ਨਤੀਜੇ ਦੇਣ ਲਈ ਗੱਤਕਾ ਕੰਪਿਊਟਰੀਕ੍ਰਿਤ ਪ੍ਰੋਗਰਾਮ ਪਹਿਲੀ ਵਾਰ ਲਾਗੂ ਹੋਇਆ ਹੈ ਜਿਸ ਦਾ ਸਮੁੱਚਾ ਸਿਹਰਾ ਸਮੁੱਚੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇਸ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੂੰ ਜਾਂਦਾ ਹੈ ਜਿਨ੍ਹਾਂ ਨੇ ਜੀਅ-ਤੋੜ ਮਿਹਨਤ ਕਰਕੇ ਗੱਤਕਾ ਟੂਰਨਾਮੈਂਟਾਂ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਸਕੋਰਿੰਗ ਨੂੰ ਨਾਲ-ਨਾਲ ਦਿਖਾਉਣ ਕਰਨ ਲਈ 5.50 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਗਰਾਮ ਨੂੰ ਤਿਆਰ ਤੇ ਲਾਗੂ ਕਰਵਾਇਆ ਹੈ।

ਖੇਲੋ ਇੰਡੀਆ ਖੇਡਾਂ ਦੌਰਾਨ ਗੱਤਕਾ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ :

 

ਗੱਤਕਾ ਸਿੰਗਲ ਸੋਟੀ ਵਿਅਕਤੀਗਤ ਈਵੈਂਟ (ਲੜਕੇ) : ਪੰਜਾਬ ਦਾ ਗੁਰਸਾਗਰ ਸਿੰਘ ਜੇਤੂ, ਹਰਿਆਣਾ ਦੇ ਪਾਰਸਪ੍ਰੀਤ ਸਿੰਘ ਨੇ ਦੂਜਾ ਸਥਾਨ, ਜੰਮੂ ਕਸ਼ਮੀਰ ਦੇ ਇਕਮੀਤ ਸਿੰਘ ਅਤੇ ਚੰਡੀਗੜ੍ਹ ਦੇ ਤੇਜਪ੍ਰਤਾਪ ਸਿੰਘ ਜੱਸੜ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

 

ਗੱਤਕਾ ਫੱਰੀ ਸੋਟੀ ਵਿਅਕਤੀਗਤ ਈਵੈਂਟ (ਲੜਕੇ) : ਪੰਜਾਬ ਦੇ ਵੀਰੂ ਸਿੰਘ ਨੇ ਪਹਿਲਾ ਸਥਾਨ, ਛੱਤੀਸਗੜ ਦੇ ਰਣਬੀਰ ਸਿੰਘ ਨੇ ਦੂਜਾ ਸਥਾਨ ਜਦਕਿ ਨਵੀਂ ਦਿੱਲੀ ਤੋਂ ਮਨਜੋਤ ਸਿੰਘ ਅਤੇ ਗੁਜਰਾਤ ਤੋਂ ਯੁਵਰਾਜ ਸਿੰਘ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

 

ਗੱਤਕਾ ਸੋਟੀ ਟੀਮ ਈਵੈਂਟ (ਲੜਕੇ) : ਹਰਿਆਣਾ ਦੇ ਇੰਦਰਜੀਤ ਸਿੰਘ, ਕ੍ਰਿਸ਼ ਅਤੇ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਚੰਡੀਗੜ੍ਹ ਦੇ ਗੁਰਚਰਨ ਸਿੰਘ, ਜੀਵਨਜੋਤ ਸਿੰਘ ਤੇ ਤੇਜਪ੍ਰਤਾਪ ਸਿੰਘ ਜੱਸੜ ਨੇ ਦੂਜਾ ਸਥਾਨ ਜਦਕਿ ਆਂਧਰਾ ਪ੍ਰਦੇਸ ਦੇ ਮੇਰੁਗੂ ਮਾਹੇਂਦਰਾ, ਮੁਪਲਨਾ ਵੈਂਕਟੇਸ਼ ਤੇ ਦੁਰਗਾ ਪ੍ਰਸਾਦ ਅਤੇ ਨਵੀਂ ਦਿੱਲੀ ਦੇ ਅਮਰਜੀਤ ਸਿੰਘ, ਨਵਜੋਤ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

 

ਗੱਤਕਾ ਫੱਰੀ ਸੋਟੀ ਟੀਮ ਈਵੈਂਟ (ਲੜਕੇ) : ਪੰਜਾਬ ਦੇ ਅਰਸ਼ਦੀਪ ਸਿੰਘ, ਅਮਰਦੀਪ ਸਿੰਘ ਅਤੇ ਭੁਪਿੰਦਰਪਾਲ ਸਿੰਘ ਨੇ ਪਹਿਲਾ ਸਥਾਨ, ਨਵੀਂ ਦਿੱਲੀ ਦੇ ਮਗਨਜੋਤ ਸਿੰਘ, ਤਰਨਜੀਤ ਸਿੰਘ ਅਤੇ ਹਰਨੇਕ ਸਿੰਘ ਨੇ ਦੂਜਾ ਸਥਾਨ, ਜੰਮੂ ਕਸ਼ਮੀਰ ਦੇ ਪ੍ਰਭਜੋਤ ਸਿੰਘ, ਗੁਰਲੀਨ ਸਿੰਘ ਅਤੇ ਮਨਅੰਮ੍ਰਿਤ ਸਿੰਘ ਜਦਕਿ ਛੱਤੀਸਗੜ੍ਹ ਦੇ ਰਣਵੀਰ ਸਿੰਘ, ਗੁਰਕੀਰਤ ਸਿੰਘ ਅਤੇ ਅੰਸ਼ਦੀਪ ਸਿੰਘ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

 

ਲੜਕੀਆਂ : ਗੱਤਕਾ ਸੋਟੀ ਵਿਅਕਤੀਗਤ ਈਵੈਂਟ ਵਿੱਚ ਚੰਡੀਗੜ੍ਹ ਦੀ ਰਵਲੀਨ ਕੌਰ ਨੇ ਪਹਿਲਾ ਸਥਾਨ, ਹਰਿਆਣਾ ਦੀ ਅਜਮੀਤ ਕੌਰ ਨੇ ਦੂਜਾ ਸਥਾਨ ਜਦਕਿ ਨਵੀਂ ਦਿੱਲੀ ਦੀ ਪਾਇਲ ਕੌਰ ਅਤੇ ਮਹਾਰਾਸ਼ਟਰ ਦੀ ਵਿਜੇ ਲਕਸ਼ਮੀ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।

 

ਗੱਤਕਾ ਫੱਰੀ ਸੋਟੀ ਵਿਅਕਤੀਗਤ ਈਵੈਂਟ ਵਿੱਚ ਪੰਜਾਬ ਦੀ ਸੁਮਨਦੀਪ ਕੌਰ ਨੇ ਪਹਿਲਾ ਸਥਾਨ, ਚੰਡੀਗਡ਼੍ਹ ਦੀ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਜਦਕਿ ਰਾਜਸਥਾਨ ਦੀ ਭਾਵਿਕਾ ਅਤੇ ਨਵੀਂ ਦਿੱਲੀ ਦੀ ਮਨਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

ਗੱਤਕਾ ਸੋਟੀ ਟੀਮ ਈਵੈਂਟ ਵਿੱਚ ਚੰਡੀਗੜ੍ਹ ਦੀ ਰਵਲੀਨ ਕੌਰ, ਗੁਰਨੂਰ ਕੌਰ ਅਤੇ ਅਰਸ਼ਦੀਪ ਕੌਰ ਨੇ ਪਹਿਲਾ ਸਥਾਨ, ਹਰਿਆਣਾ ਦੀ ਜਸਕੀਰਤ ਕੌਰ, ਹਰਪ੍ਰੀਤ ਕੌਰ ਅਤੇ ਭਾਨੂੰ ਨੇ ਦੂਜਾ ਸਥਾਨ ਜਦਕਿ ਨਵੀਂ ਦਿੱਲੀ ਦੀ ਗੁਰਮੀਤ ਕੌਰ, ਜਸ਼ਨਪ੍ਰੀਤ ਕੌਰ, ਇੱਕਜੋਤ ਕੌਰ ਅਤੇ ਪੰਜਾਬ ਦੀ ਕਮਲਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਪ੍ਰਨੀਤ ਕੌਰ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

ਗੱਤਕਾ ਫੱਰੀ ਸੋਟੀ ਟੀਮ ਈਵੈਂਟ ਵਿੱਚ ਪੰਜਾਬ ਦੀ ਹਰਮੀਤ ਕੌਰ, ਰਣਦੀਪ ਕੌਰ ਅਤੇ ਬੀਰਪਾਲ ਕੌਰ ਨੇ ਪਹਿਲਾ ਸਥਾਨ, ਨਵੀਂ ਦਿੱਲੀ ਦੀ ਹਰਸ਼ਦੀਪ ਕੌਰ, ਖੁਸ਼ੀ ਕੌਰ ਅਤੇ ਹਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਜਦਕਿ ਉਤਰਾਖੰਡ ਦੀ ਸ੍ਰਿਸ਼ਟੀ ਖੰਨਾ, ਸਿਮਰਦੀਪ ਕੌਰ, ਹਰਲੀਨ ਕੌਰ ਅਤੇ ਮਹਾਰਾਸ਼ਟਰ ਦੀ ਜਾਨ੍ਹਵੀ ਖਿਸ਼ਤੇ, ਨੰਦਨੀ ਨਾਰਾਇਣ ਪਾਰਦੇ ਤੇ ਸ਼ੁਭਾਂਗੀ ਅੰਬੁਰੇ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ