February 15, 2018 - PatialaPolitics

ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕਣਕ ਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲ ਕੇ ਫਲ, ਫੁੱਲ ਤੇ ਸਬਜੀਆਂ ਦੀ ਕਾਸ਼ਤ ਦੇ ਨਾਲ-ਨਾਲ ਡੇਅਰੀ ਫਾਰਮਿੰਗ ਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਵੀ ਤਰਜ਼ੀਹ ਦੇਣ। ਸ਼੍ਰੀਮਤੀ ਪਰਨੀਤ ਕੌਰ ਅੱਜ ਬਾਰਾਂਦਰੀ ਬਾਗ ਵਿਖੇ ਬਾਗਬਾਨੀ ਵਿਭਾਗ ਵੱਲੋਂ 67 ਦੇ ਕਰੀਬ ਕਿਸਾਨਾਂ ਨੂੰ ਕੌਮੀ ਬਾਗਬਾਨੀ ਮਿਸ਼ਨ ਤਹਿਤ ਕਰੀਬ 84 ਲੱਖ ਰੁਪਏ ਦੀ ਸਬਸਿਡੀ ਦੇ ਚੈਕ ਤਕਸੀਮ ਕਰਨ ਲਈ ਪੁਜੇ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਮੁੱਖ ਧੁਰਾ ਹੈ ਪਰ ਹੁਣ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਨ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਰੋਜ਼ਾਨਾਂ ਆਮਦਨ ਦੇਣ ਵਾਲੇ ਸਹਾਇਕ ਧੰਦੇ ਵੀ ਅਪਣਾਉਣੇ ਪੈਣਗੇ। ਉਹਨਾਂ ਕਿਹਾ ਕਿ ਕਿਸਾਨ ਝੋਨੇ ਤੇ ਕਣਕ ਦੀ ਕਾਸ਼ਤ ਹੇਠੋਂ ਰਕਬਾ ਘਟਾ ਕੇ ਸਬਜ਼ੀਆਂ, ਫੁੱਲ, ਫਲ, ਸ਼ਹਿਦ ਦੀਆਂ ਮੱਖੀਆਂ ਤੇ ਮੁਰਗੀਆਂ ਪਾਲਣ ਅਤੇ ਡੇਅਰੀ ਫਾਰਮਿੰਗ ਨੂੰ ਵੀ ਤਰਜੀਹ ਦੇਣ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਫੁਲ, ਫਲ ਤੇ ਸਬਜੀਆਂ ਦੀ ਕਾਸ਼ਤ ਨਾਲ ਜਿਥੇ ਕਿਸਾਨਾਂ ਦੀਆਂ ਆਮਦਨ ਵਿੱਚ ਚੌਖਾ ਹੋਵੇਗਾ ਉਥੇ ਹੀ ਪਾਣੀ ਤੇ ਪੈਸੇ ਦੀ ਵੀ ਬੱਚਤ ਹੋਵੇਗੀ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ 67 ਦੇ ਕਰੀਬ ਕਿਸਾਨਾਂ ਨੂੰ ਕੌਮੀ ਬਾਗਬਾਨੀ ਮਿਸ਼ਨ ਤਹਿਤ ਕਰੀਬ 84 ਲੱਖ ਰੁਪਏ ਦੀ ਸਬਸਿਡੀ ਦੇ ਚੈਕ ਵੀ ਤਕਸੀਮ ਕੀਤੇ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਅਪਨਾਉਣ ਵਾਲੀਆ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ ਪੰਜਾਬ ਸਰਕਾਰ ਦੀ ਬਾਲੜੀ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਲਲੋਛੀ ਦੀ ਇੱਕ ਬੱਚੀ ਰਾਣੀ ਨੂੰ 51 ਹਜਾਰ ਰੁਪਏ ਦੀ ਐਫ.ਡੀ. ਵੀ ਭੇਂਟ ਕੀਤੀ।

ਇਸ ਮੌਕੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਨੇ ਜਿਥੇ ਸਮਾਗਮ ਵਿੱਚ ਪੁੱਜੀਆਂ ਸਮੂਹ ਸ਼ਖਸ਼ੀਅਤਾਂ ਨੂੰ ਵੀ ਜੀ ਆਇਆ ਕਿਹਾ ਉਥੇ ਹੀ ਵਿਭਾਗ ਦੀਆਂ ਗਤੀਵਿਧੀਆਂ ‘ਤੇ ਵੀ ਚਾਨਣਾ ਪਾਇਆ। ਇਸ ਮੌਕੇ ਸਬਸਿਡੀ ਹਾਸਲ ਕਰਨ ਵਾਲੇ ਫੁੱਲਾਂ ਦੇ ਸਫਲ ਕਾਸ਼ਤਕਾਰ ਪਿੰਡ ਧਬਲਾਨ ਦੇ ਸ਼੍ਰੀ ਸਿਮਰਾਨ ਰੰਗ, ਪਿੰਡ ਪੁਰ ਮੰਡੀ ਦੇ ਸਫਲ ਮੱਖੀ ਪਾਲਣ ਸ਼੍ਰੀ ਹਰਮਨਜੀਤ ਸਿੰਘ ਤੇ ਪਿੰਡ ਧਰੇੜੀ ਜੱਟਾਂ ਦੇ ਪੋਲੀ ਹਾਊਸ ਦੇ ਮਾਲਕ ਸ਼੍ਰੀ ਜਤਿੰਦਰ ਸਿੰਘ ਨੇ ਕਿਸਾਨਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਸਮਾਗਮ ਦੌਰਾਨ ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮਿਤਪ੍ਰਤਾਪ ਸਿੰਘ ਹਨੀ ਸੇਖੋਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਸਚਿਨ ਸ਼ਰਮਾਂ, ਸ਼੍ਰੀ ਅਬਦੁਲ ਵਾਹਿਦ, ਸ. ਉਜਾਗਰ ਸਿੰਘ (ਸੇਵਾ ਮੁਕਤ ਡੀ.ਪੀ.ਆਰ.ਓ.) ਸ਼੍ਰੀ ਜਸਵਿੰਦਰ ਜੁਲਕਾ, ਬਾਗਬਾਨੀ ਵਿਕਾਸ ਅਫ਼ਸਰ ਸ. ਕੁਲਵਿੰਦਰ ਸਿੰਘ, ਸ਼੍ਰੀ ਨਿਰਵੰਤ ਸਿੰਘ, ਸ. ਦਿਲਪ੍ਰੀਤ ਸਿੰਘ, ਮਿਸ ਸਿਮਰਨਜੀਤ ਕੌਰ, ਸ. ਅਮਰਿੰਦਰ ਸਿੰਘ, ਸ. ਬਲਜਿੰਦਰ ਸਿੰਘ ਜੰਡੂ ਤੇ ਵੱਡੀ ਗਿਣਤੀ ਵਿੱਚ ਕਿਸਾਨ ਵੀ ਹਾਜਰ ਸਨ।