Patiala Gets Aam Aadmi Clinic Bhasha Bhawan
August 15, 2022 - PatialaPolitics
Patiala Gets Aam Aadmi Clinic Bhasha Bhawan
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਕਲੀਨਿਕ ਕੀਤੇ ਲੋਕਾਂ ਨੂੰ ਸਮਰਪਿਤ
-ਮਾਨ ਸਰਕਾਰ ਨੇ ਆਪਣੀ ਇੱਕ ਹੋਰ ਗਰੰਟੀ ਕੀਤੀ ਪੂਰੀ : ਹਰਪਾਲ ਸਿੰਘ ਚੀਮਾ
-ਸਿਹਤ ਤੇ ਸਿੱਖਿਆ ਸਰਕਾਰ ਦੀਆਂ ਮੁੱਢਲੀਆਂ ਤਰਜੀਹਾਂ ‘ਚ ਸ਼ਾਮਲ : ਵਿੱਤ ਮੰਤਰੀ
-ਪਟਿਆਲਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਮਾਨ ਸਰਕਾਰ ਨੇ ਜ਼ਿਲ੍ਹੇ ‘ਚ ਪੰਜ ਆਮ ਆਦਮੀ ਕਲੀਨਿਕਾਂ ਦੀ ਕੀਤੀ ਸ਼ੁਰੂਆਤ
ਪਟਿਆਲਾ, 15 ਅਗਸਤ:
ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮਾਨ ਸਰਕਾਰ ਵੱਲੋਂ ਬਣਾਏ ਗਏ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਪਟਿਆਲਾ ਤੋਂ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਤੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਵੀ ਮੌਜੂਦ ਸਨ।
ਪਟਿਆਲਾ ਦੇ ਭਾਸ਼ਾ ਭਵਨ ਤੇ ਪਿੰਡ ਝਿੱਲ ਵਿਖੇ ਬਣੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰਦਿਆਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਅੱਜ ਆਪਣੀ ਇੱਕ ਹੋਰ ਗਰੰਟੀ ਪੂਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਸਰਕਾਰ ਬਣਨ ਦੇ ਪੰਜ ਮਹੀਨੇ ‘ਚ ਪੂਰੇ ਕੀਤੇ ਗਏ ਹੋਣ। ਜੋ ਕੰਮ ਆਮ ਤੌਰ ‘ਤੇ ਸਰਕਾਰਾਂ ਆਖਰੀ ਛੇ ਮਹੀਨਿਆਂ ‘ਚ ਕਰਦੀਆਂ ਹਨ ਉਹ ਮਾਨ ਸਰਕਾਰ ਵੱਲੋਂ ਪਹਿਲੇ ਪੰਜ ਮਹੀਨਿਆਂ ‘ਚ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਹਰੇਕ ਵਾਅਦੇ ‘ਤੇ ਕੰਮ ਕੀਤਾ ਜਾ ਰਿਹਾ ਹੈ, ਇਸ ਲੜੀ ਤਹਿਤ ਅੱਜ ਸੂਬੇ ‘ਚ 75 ਆਮ ਆਦਮੀ ਕਲੀਨਿਕ ਤੇ ਪਟਿਆਲਾ ਜ਼ਿਲ੍ਹੇ ‘ਚ ਪੰਜ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਆਉਣ ਵਾਲੇ ਦਿਨਾਂ ‘ਚ ਹੋਰ ਵਧਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ‘ਚ 41 ਤਰ੍ਹਾਂ ਦੇ ਟੈਸਟਾਂ ਸਮੇਤ ਮੁਫ਼ਤ ਦਵਾਈਆਂ ਉਪਲਬੱਧ ਹੋਣਗੀਆਂ ਤੇ ਇੱਕ ਵਾਰ ਰਜਿਸਟਰ ਹੋਇਆ ਮਰੀਜ਼ ਕਿਸੇ ਵੀ ਆਮ ਆਦਮੀ ਕਲੀਨਿਕ ‘ਤੇ ਜਾ ਕੇ ਆਪਣੀ ਪਰਚੀ ਦਿਖਾ ਕੇ ਇਲਾਜ ਜਾਰੀ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਸਰਕਾਰ ਦੀਆਂ ਮੁੱਢਲੀਆਂ ਤਰਜੀਹਾਂ ‘ਚ ਸ਼ਾਮਲ ਹੈ ਇਸੇ ਲਈ ਸਰਕਾਰ ਵੱਲੋਂ ਆਪਣੇ ਪਹਿਲੇ ਬਜਟ ‘ਚ ਹੀ ਇਨ੍ਹਾਂ ਦੋਹਾਂ ਖੇਤਰਾਂ ਲਈ ਬਜਟ ਵਧਾਇਆ ਗਿਆ ਹੈ। ਸ. ਚੀਮਾ ਨੇ ਸੂਬੇ ਦੇ ਲੋਕਾਂ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਸੂਬੇ ‘ਚ 75 ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਪੰਜਾਬ ‘ਚ ਸਿਹਤ ਸਹੂਲਤਾਂ ਦੇ ਖੇਤਰ ‘ਚ ਕ੍ਰਾਂਤੀ ਦੀ ਵੀ ਸ਼ੁਰੂਆਤ ਹੋਈ ਹੈ।
ਇਸ ਮੌਕੇ ਪਟਿਆਲਾ ਤੋਂ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੀ ਸਥਾਪਨਾ ਨਾਲ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਨਾ ਸਿਰਫ ਉਨ੍ਹਾਂ ਦੇ ਘਰਾਂ ਦੇ ਨੇੜੇ ਲੋੜੀਦੀਆਂ ਸਿਹਤ ਸੇਵਾਵਾਂ ਮਿਲ ਸਕਣਗੀਆਂ ਸਗੋਂ ਇਹ ਕਲੀਨਿਕ ਹਸਪਤਾਲਾਂ ਵਿੱਚ ਭੀੜ ਨੂੰ ਘਟਾਉਣ ਵਿੱਚ ਵੀ ਸਹਾਈ ਸਿੱਧ ਹੋਣਗੇ।
ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਉਪਲਬੱਧ ਕਰਵਾਉਣੀਆਂ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਜਾ ਕੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮਿਲਣ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿੰਡ ਝਿੱਲ ਵਿਖੇ ਬਣਿਆ ਆਮ ਆਦਮੀ ਕਲੀਨਿਕ ਇਲਾਕਾ ਨਿਵਾਸੀਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ‘ਚ ਸਹਾਈ ਹੋਵੇਗਾ।
ਇਸ ਮੌਕੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਤੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਭਾਸ਼ਾ ਭਵਨ ਵਿਖੇ ਬਣੇ ਆਮ ਆਦਮੀ ਕਲੀਨਿਕ ‘ਚ ਆਪਣੀ ਸਿਹਤ ਜਾਂਚ ਵੀ ਕਰਵਾਈ।
ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ‘ਚ ਪੰਜ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਭਾਸ਼ਾ ਭਵਨ ਪਟਿਆਲਾ, ਪਿੰਡ ਝਿੱਲ, ਨਾਭਾ ਦੇ ਦੁੱਲਦੀ ਗੇਟ, ਸਮਾਣਾ ਦੇ ਪਿੰਡ ਰੇਤਗੜ੍ਹ ਤੇ ਘੱਗਾ ਵਿਖੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਕਲੀਨਿਕ ‘ਚ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨੀਕਲ ਸਹਾਇਕ ਅਤੇ ਦਰਜਾ ਚਾਰ ਕਰਮਚਾਰੀ ਤਾਇਨਾਤ ਰਹਿਣਗੇ।
ਇਸ ਮੌਕੇ ਡਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ, ਐਸ.ਐਮ.ਓ. ਕੁਸ਼ਲਦੀਪ ਕੌਰ, ਰਜਨਾ ਸ਼ਰਮਾ, ਤੇਜਿੰਦਰ ਮਹਿਤਾ, ਮੇਘ ਚੰਦ ਸ਼ੇਰਮਾਜਰਾ, ਇੰਦਰਜੀਤ ਸਿੰਘ ਸੰਧੂ, ਵੀਰਪਾਲ ਕੌਰ ਚਹਿਲ, ਪ੍ਰੀਤੀ ਮਲਹੋਤਰਾ ਵੀ ਮੌਜੂਦ ਸਨ।