Pulse Polio campaign Patiala details September 2022

September 17, 2022 - PatialaPolitics

 

Pulse Polio campaign Patiala details September 2022

Pulse Polio campaign Patiala details September 2022

ਪਟਿਆਲਾ, 16 ਸਤੰਬਰ ( )- ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਚਲਾਏ ਜਾ ਰਹੇ ਸਬ ਰਾਸ਼ਟਰੀ ਟੀਕਾਕਰਣ ਦਿਵਸ ਤਹਿਤ ਪਲਸ ਪੋਲੀਓ ਮੁਹਿੰਮ 18 ਤੋਂ 20 ਸਤੰਬਰ ਦੇ ਸਬੰਧ ਵਿਚ ਸਿਵਲ ਸਰਜਨ ਡਾ. ਰਾਜੂ ਧੀਰ ਵੱਲਂੋ ਅੱਜ ਪਲਸ ਪੋਲੀਓ ਮੁਹਿੰਮ ਦੇ ਪ੍ਰਚਾਰ ਲਈ ਦਫਤਰ ਸਿਵਲ ਸਰਜਨ ਤੋਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾ. ਧੀਰ ਨੇ ਦੱਸਿਆ ਕਿ ਇਨ੍ਹਾਂ ਰਿਕਸ਼ਿਆ ਦਾ ਪ੍ਰਬੰਧ ਸਿਹਤ ਵਿਭਾਗ ਵੱਲਂੋ ਵੱਖ-ਵੱਖ ਮੁਹੱਲਿਆਂ, ਸਲੱਮ ਏਰੀਆ, ਫੈਕਟਰੀ ਏਰੀਆ, ਕਲੋਨੀਆਂ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪੋਲੀਓ ਮੁਹਿੰਮ ਦਾ ਪ੍ਰਚਾਰ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 0-5 ਸਾਲ ਤੱਕ ਦੇ 1,86,780 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 18 ਸਤੰਬਰ ਦਿਨ ਐਤਵਾਰ ਨੂੰ ਜਿਲੇ੍ਹ ਵਿੱਚ ਜਗਾਂ ਜਗਾਂ ਬੱਚਿਆਂ ਨੂੰ ਦਵਾਈ ਪਿਲਾਉਣ ਲਈ 918 ਬੂਥ ਲਗਾਏ ਜਾਣਗੇ ਅਤੇ 33 ਟਰਾਂਜਿਟ ਪੁਆਇੰਟ ਬਣਾਏ ਗਏ ਹਨ।ਇਸ ਤੋ ਇਲਾਵਾ 26 ਮੋਬਾਇਲ ਟੀਮਾਂ ਵੀ ਬਣਾਈਆਂ ਗਈਆਂ ਹਨ, ਜਿਹੜੀਆਂ ਝੁੰਗੀ ਝੋਪੜੀਆਂ, ਮੈਰਿਜ ਪੈਲੇਸਾ, ਭੱਠਿਆਂ, ਪਥੇਰਾਂ, ਦਾਣਾ ਮੰਡੀਆਂ, ਸ਼ੈਲਰਾਂ ਤੇ ਨਵੀਆਂ ਉਸਾਰੀ ਅਧੀਨ ਇਮਾਰਤਾਂ ਵਿਚ ਰਹਿੰਦੇ ਮਜਦੂਰਾਂ ਦੇ ਬੱਚਿਆ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣਗੀਆਂ। ਇਹਨਾਂ ਦੇ ਕੰਮ ਕਾਜ ਦੀ ਦੇਖਰੇਖ ਕਰਨ ਲਈ 192 ਸੁਪਰਵਾਈਜਰ ਲਗਾਏ ਗਏ ਹਨ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0-5 ਸਾਲ ਤੱਕ ਦੇ ਬੱਚਿਆ ਨੂੰ ਪੋਲੀਓ ਦੀ ਨਾ-ਮੁਰਾਦ ਬਿਮਾਰੀ ਤਂੋ ਬਚਾਉਣ ਲਈ ਪੋਲੀਓ ਵੈਕਸੀਨ ਜਰੂਰ ਪਿਲਾਉਣ। ਉਹਨਾਂ ਦੱਸਿਆ ਕਿ ਹਰੇਕ ਪਿੰਡ/ਸ਼ਹਿਰ ਵਿਚ ਲੋੜ ਅਨੁਸਾਰ ਬੂਥ ਬਣਾਏ ਗਏ ਹਨ ਜ਼ੋ ਬੱਚੇ 18 ਸਤੰਬਰ ਦਿਨ ਐਤਵਾਰ ਨੂੰ ਇਹਨਾਂ ਬੂਥਾਂ ਤੇ ਬੂੰਦਾਂ ਪੀਣ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ 19 ਸਤੰਬਰ ਅਤੇ 20 ਸਤੰਬਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਪੋਲੀਓ ਰੋਕੂ ਵੈਕਸੀਨ ਦੀਆਂ ਬੂੰਦਾਂ ਪਿਲਾਉਣਗੀਆਂ।ਇਸ ਮੋਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੌਰ, ਡੀ.ਪੀ.ਐਮ. ਰੀਤਿਕਾ ਗਰੋਵਰ ਅਤੇ ਸਟਾਫ ਹਾਜਰ ਸੀ।