Saras Mela 2018 Patiala closing Ceremony

March 4, 2018 - PatialaPolitics

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ
ਸਰਸ ਮੇਲਾ ਪਟਿਆਲਾ ਵਾਸੀਆਂ ਦੇ ਮਨਾ ਅੰਦਰ ਅਮਿੱਟ ਯਾਦਾਂ ਛੱਡ ਕੇ ਹੋਇਆ ਸਮਾਪਤ
-ਵੱਡੀ ਗਿਣਤੀ ਦੇਸ ਅਤੇ ਵਿਦੇਸ਼ਾਂ ਦੇ ਸੈਲਾਨੀਆਂ ਨੇ ਮਾਣਿਆ ਮੇਲੇ ਦਾ ਆਨੰਦ
-27 ਰਾਜਾਂ ਦੀਆਂ ਦਸਤਕਾਰੀ ਵਸਤਾਂ ਦੀ ਹੋਈ ਖ਼ੂਬ ਖ਼ਰੀਦੋ-ਫ਼ਰੋਖ਼ਤ ਦਸਤਕਾਰ ਬਾਗੋ ਬਾਗ
-ਭਵਿੱਖ ਵਿੱਚ ਵੀ ਪਟਿਆਲਾ ਸ਼ਹਿਰ ਅੰਦਰ ਅਜਿਹੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ-ਮੇਅਰ
-ਚੰਨਾ ਅਤੇ ਪਰੀਤੋ ਦਾ ਸੈਲਫੀ ਪੁਆਇੰਟ ਵੀ ਰਿਹਾ ਖਿੱਚ ਦਾ ਕੇਂਦਰ
-5 ਲੱਖ ਦੇ ਕਰੀਬ ਲੋਕਾਂ ਨੇ ਮੇਲੇ ਦਾ ਮਾਣਿਆਂ ਆਨੰਦ- ਸ਼ਿਲਪਕਾਰਾਂ ਦੀ ਵਿੱਕਰੀ 4.5 ਕਰੋੜ ਤੋਂ ਵੀ ਟੱਪੀ
ਪਟਿਆਲਾ, 4 ਮਾਰਚ
ਇਤਿਹਾਸਕ ਅਤੇ ਵਿਰਾਸਤੀ ਸ਼ਹਿਰ ਪਟਿਆਲਾ ਦੇ ਸੀਸ ਮਹਿਲ ਵਿਖੇ 21 ਫਰਵਰੀ ਤੋਂ ਚੱਲ ਰਿਹਾ ਖੇਤਰੀ ਸਰਸ ਮੇਲਾ ਪਟਿਆਲਾ ਵਾਸੀਆਂ ਦੇ ਮਨਾ ਅੰਦਰ ਅਮਿੱਟ ਯਾਦਾਂ ਛੱਡਦਾ ਹੋਇਆ ਅੱਜ ਸਮਾਪਤ ਹੋ ਗਿਆ। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ, ਪਟਿਆਲਾ ਦਿਹਾਤੀ ਵਿਕਾਸ ਏਜੰਸੀ ਵੱਲੋਂ ਕੇਂਦਰੀ ਦਿਹਾਤੀ ਵਿਕਾਸ ਮੰਤਰਾਲਾ, ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਅਤੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਖੇਤਰੀ ਸਰਸ ਮੇਲੇ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਸਮੇਤ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਸਵੈ ਰੋਜ਼ਗਾਰ ਅਤੇ ਆਪਣੀਆਂ ਹੱਥੀਂ ਬਣਾਈਆਂ ਵਸਤਾਂ, ਫ਼ੁਲਕਾਰੀ, ਚਿੱਕਨ ਸੂਟ, ਲੋਹੇ, ਬਾਂਸ ਤੇ ਲੱਕੜ ਦਾ ਫਰਨੀਚਰ, ਮਿੱਟੀ ਦੇ ਭਾਂਡੇ, ਆਚਾਰ ਤੇ ਖਾਣਪੀਣ ਦਾ ਸਾਜੋ-ਸਮਾਨ ਆਦਿ ਵੇਚਣ ਲਈ ਪਟਿਆਲਾ ਵਿਖੇ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਸੀ। ਜਿਸ ਵਿੱਚ ਪਟਿਆਲਾ ਅਤੇ ਦੂਰ-ਦੁਰਾਡੇ ਤੋਂ ਮੇਲਾ ਦੇਖਣ ਆਏ ਸੈਲਾਨੀਆਂ ਨੇ ਕਾਫ਼ੀ ਦਿਲਚਸਪੀ ਦਿਖਾਉਂਦੇ ਹੋਏ ਖੂਬ ਖ਼ਰੀਦੋ-ਫ਼ਰੋਖ਼ਤ ਕੀਤੀ ਜਿਸ ਤੋਂ ਦਸਤਕਾਰ ਸੰਤੁਸ਼ਟ ਜਾਪੇ।
ਸਰਸ ਮੇਲੇ ਦੇ ਸਮਾਪਤੀ ਸਮਾਰੋਹ ‘ਤੇ ਮੁੱਖ ਮਹਿਮਾਨ ਵਜੋਂ ਪੁੱਜੇ ਪਟਿਆਲਾ ਨਗਰ ਨਿਗਮ ਦੇ ਮੇਅਰ ਸ਼੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ ਦੇ ਸੁਹਿਰਦ ਯਤਨਾਂ ਸਦਕਾ ਪਟਿਆਲਾ ਸ਼ਹਿਰ ਵਿੱਚ ਲੰਮੇ ਸਮੇਂ ਬਾਅਦ ਸਰਸ ਮੇਲੇ ਦਾ ਆਯੋਜਨ ਕੀਤਾ ਗਿਆ ਹੈ, ਇਸ ਦੇ ਲਈ ਉਹ ਵਧਾਈ ਦੇ ਪਾਤਰ ਹਨ ਅਤੇ ਅਜਿਹਾ ਮੰਚ ਪ੍ਰਦਾਨ ਕਰਨ ਤੇ ਪਟਿਆਲਾ ਵਾਸੀ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਸਰਸ ਮੇਲੇ ਨੇ ਪਟਿਆਲਾ ਵਾਸੀਆਂ ਨੂੰ ਭਾਰਤ ਦੀਆਂ ਪ੍ਰਸਿੱਧ ਦਸਤਕਾਰੀ ਵਸਤਾਂ, ਅਲੱਗ-ਅਲੱਗ ਖੇਤਰਾਂ ਦੇ ਪਕਵਾਨ ਅਤੇ ਵੱਖਰੇ-ਵੱਖਰੇ ਇਲਾਕਿਆਂ ਦੇ ਲੋਕ ਨਾਚਾ ਦਾ ਆਨੰਦ ਮਾਨਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਨੇ ਜਿਥੇ ਲੋਕਾਂ ਨੂੰ ਪੂਰੇ ਦੇਸ਼ ਭਰ ਦੇ ਸ਼ਿਲਪਕਾਰਾਂ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਹਨ ਉਥੇ ਹੀ ਸਾਰੇ ਰਾਜਾ ਦੇ ਸਭਿਆਚਾਰ ਦਾ ਵੀ ਆਨੰਦ ਮਾਣਿਆਂ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਪਟਿਆਲਾ ਸ਼ਹਿਰ ਅੰਦਰ ਇਸ ਤਰ੍ਹਾਂ ਦੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਪਟਿਆਲਾ ਵਾਸੀਆਂ ਨੂੰ ਇਕੋ ਛੱਤ ਥੱਲੇ ਭਾਰਤ ਦੇ ਹਰ ਖੇਤਰ ਦੀ ਸੰਸਕ੍ਰਿਤੀ ਨਾਲ ਜੋੜਿਆਂ ਜਾ ਸਕੇ।
ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਸਰਸ ਮੇਲਾ ਲੰਮੇ ਸਮੇਂ ਬਾਅਦ ਆਯੋਜਿਤ ਕੀਤਾ ਗਿਆ ਅਤੇ ਇਸ ਵਿੱਚ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੇ ਪਹੁੰਚਕੇ ਮੇਲੇ ਦਾ ਆਨੰਦ ਮਾਣਿਆਂ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ 5 ਲੱਖ ਦੇ ਕਰੀਬ ਲੋਕਾਂ ਨੇ ਸ਼ਿਰਕਤ ਕਰਕੇ ਇਸ ਮੇਲੇ ਨੂੰ ਸਫਲ ਬਣਾਇਆ ਹੈ। ਉਥੇ ਹੀ ਕਰੀਬ 4.5 ਕਰੋੜ ਦੀ ਵਿੱਕਰੀ ਨੇ ਦਸਤਕਾਰਾਂ ਨੂੰ ਬਾਗੋ-ਬਾਗ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਸਫਲ ਬਨਾਉਣ ਲਈ ਪਟਿਆਲਾ ਵਾਸੀਆਂ ਦਾ ਵੱਡਾ ਯੋਗਦਾਨ ਹੈ।
ਇਸ ਮੌਕੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਸੰਜੀਵ ਸ਼ਰਮਾ ਬਿੱਟੂ ਨੇ ਸਵੈ ਸਹਾਇਤਾ ਗਰੁੱਪਾਂ ਵਿੱਚੋਂ ਸਭ ਤੋਂ ਵੱਧ ਵਿੱਕਰੀ ਕਰਨ ਵਾਲੇ ਪਹਿਲੇ ਤਿੰਨ ਗਰੁੱਪਾ ਨੂੰ ਸਨਮਾਨਿਤ ਕੀਤਾ। ਜਿਸ ਵਿੱਚ ਪਹਿਲੇ ਸਥਾਨ ਉਪਰ ਯੂ.ਪੀ. ਦੇ ਓਮ ਸਾਈਂ ਰਾਮ ਜਿਨ੍ਹਾਂ ਨੇ 7 ਲੱਖ ਦੇ ਕਰੀਬ ਵਿੱਕਰੀ ਕੀਤੀ, ਦੂਸਰੇ ਨੰਬਰ ਉਮਰ ਜੰਮੂ ਕਸ਼ਮੀਰ ਦੇ ਖੁਸ਼ਬੂ ਸਵੈ ਸਹਾਇਤਾ ਗਰੁੱਪ ਰਿਹਾ ਜਿਸ ਨੇ ਕਰੀਬ 5 ਲੱਖ ਦੀ ਵਿੱਕਰੀ ਕੀਤੀ ਅਤੇ ਤੀਸਰੇ ਸਥਾਨ ਉਪਰ ਯੂ.ਪੀ. ਦੇ ਮੁਕਦਸ ਸਵੈ ਸਹਾਇਤਾ ਗਰੁੱਪ ਆਇਆ ਜਿਸ ਨੇ 4.5 ਲੱਖ ਦੀ ਵਿੱਕਰੀ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਫਰਵਰੀ ਤੋਂ ਸ਼ੁਰੂ ਹੋਏ ਸਰਸ ਮੇਲੇ ਵਿੱਚ ਪਹਿਲੇ ਦਿਨ ਤੋਂ ਹੀ ਪੰਜਾਬ ਸਮੇਤ ਦੇਸ ਅਤੇ ਵਿਦੇਸ਼ਾਂ ਦੇ ਸੈਲਾਨੀਆਂ ਦਾ ਵੱਡੀ ਗਿਣਤੀ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ, ਇਸ ਮੇਲੇ ਵਿੱਚ ਜਿਥੇ 27 ਰਾਜਾਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਦਸਤਕਾਰੀ ਵਸਤਾਂ ਲਈ 260 ਤੋਂ ਵਧੇਰੇ ਸਟਾਲਾਂ ਲਗਾਈਆਂ ਗਈਆਂ ਸਨ। ਜਿਨ੍ਹਾਂ ਵਿੱਚ 550 ਸ਼ਿਲਪਕਾਰਾਂ ਨੇ ਹਿੱਸਾ ਲਿਆ। ਉਥੇ ਹੀ ਉਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਰੰਗਾ-ਰੰਗ ਪੇਸ਼ਕਾਰੀ ਦੌਰਾਨ ਵੱਖ-ਵੱਖ 17 ਰਾਜਾਂ ਦੇ 450 ਕਲਾਕਾਰਾ ਨੇ ਹਿੱਸਾ ਲਿਆ ਜਿਸ ਵਿੱਚ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਆਪੋ-ਆਪਣੀਆਂ ਵੰਨਗੀਆਂ ਪੇਸ਼ ਕਰਕੇ ਖ਼ੂਬ ਰੌਣਕਾਂ ਲਾਈਆਂ। ਜਿਸ ਵਿੱਚ ਪੰਜਾਬ ਦੇ ਲੋਕ ਨਾਚਾਂ, ਮੁਰਲੀ ਰਾਜਸਥਾਨੀ ਦੀ ਪੰਜਾਬੀ ਲੋਕ ਗਾਇਕੀ, ਰਾਜਸਥਾਨ ਦਾ ਤੇਰਾਤਾਲ, ਹਰਿਆਣਾ ਦਾ ਘੂਮਰ, ਗੁਜਰਾਤ ਦਾ ਸਿੱਧੀ ਧਮਾਲ, ਉਤਰਾਖੰਡ ਦੇ ਛਪੇਲੀ, ਹਿਮਾਚਲ ਪ੍ਰਦੇਸ਼ ਦੇ ਨਾਟੀ, ਆਂਧਰਾ ਪ੍ਰਦੇਸ਼ ਦੇ ਤਪੜਗੁਲੂ ਨਾਚ, ਅਸਾਮ ਦੇ ਬੀਹੂ, ਛਤੀਸ਼ਗੜ੍ਹ ਦੇ ਪੰਥੀ, ਉਡੀਸ਼ਾ ਦੇ ਗੋਟੀਪੁਆ, ਜੰਮੂ ਕਸ਼ਮੀਰ ਦੀ ਧਮਾਲੀ, ਪੰਜਾਬ ਪੁਲਿਸ ਦੀ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਜਦੋਂਕਿ ਮੇਲੇ ‘ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਬੰਚਾਰੀ ਦਾ ਨਗਾੜਾ, ਬਹਿਰੂਪੀਏ, ਕੱਚੀ ਘੋੜੀ, ਪੌੜੀ ‘ਤੇ ਤੁਰਨ ਵਾਲੇ, ਬਾਜ਼ੀਗਰ ਸਮੇਤ ਹੋਰ ਅਹਿਮ ਦਿਲਲੁਭਾਊ ਮਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਨੇ ਬੱਚਿਆਂ ਸਮੇਤ ਹਰ ਉਮਰ ਵਰਗ ਨੂੰ ਖ਼ੂਬ ਪ੍ਰਭਾਵਿਤ ਕੀਤਾ।
ਸ਼੍ਰੀ ਪਰੇ ਨੇ ਦੱਸਿਆਂ ਕਿ ਸਰਸ ਮੇਲੇ ਦੌਰਾਨ 54 ਸਕੂਲਾਂ ਦੇ ਕਰੀਬ ਦਸ ਹਜ਼ਾਰ ਬੱਚਿਆਂ ਨੇ ਸਰਸ ਮੇਲੇ ਦਾ ਆਨੰਦ ਮਾਣਿਆਂ ਅਤੇ ਕਰੀਬ 1480 ਬੱਚਿਆਂ ਨੇ ਸਟੇਜ ‘ਤੇ ਭਾਗ ਲਿਆ। ਸਕੂਲੀ ਵਿਦਿਆਰਥੀਆਂ ਨੇ ਪੇਂਟਿੰਗ, ਗਿੱਧਾ, ਭੰਗੜਾ ਅਤੇ ਦਸਤਾਰਬੰਦੀ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਗੂੰਗੇ-ਬੋਲੇ ਬੱਚਿਆਂ ਅਤੇ ਝੁੰਗੀ ਝੌਪੜੀ ਦੇ ਬੱਚਿਆਂ ਨੇ ਸਰਸ ਮੇਲੇ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆਂ ਕਿ ਮੇਲੇ ਦੀਆਂ ਟਿਕਟਾਂ ਤੋਂ ਹੋਈ 15 ਲੱਖ ਦੀ ਆਮਦਨ ਨੂੰ ਚਿਲਡਰਨ ਹੋਮ ਦੇ ਬੱਚਿਆਂ ਨੂੰ ਭੇਜਿਆਂ ਜਾਵੇਗਾ।
ਸਰਸ ਮੇਲੇ ਨੇ ਪੰਜਾਬੀਆਂ ਦੇ ਅਲੱਗ-ਅਲੱਗ ਪਕਵਾਨਾਂ ਨੂੰ ਖਾਣ ਦੇ ਸੋਕ ਨੂੰ ਵੀ ਪੂਰਾ ਕੀਤਾ ਅਤੇ ਵੱਖ-ਵੱਖ ਰਾਜਾਂ ਦੇ ਸਟਾਲਾਂ ‘ਤੇ ਬਣੇ ਲਜ਼ੀਜ਼ ਪਕਵਾਨਾਂ, ਆਈਸ ਕਰੀਮ, ਗੁਜਰਾਤੀ ਖਾਣੇ, ਹਰਿਆਣਵੀ ਜਲੇਬ ਤੇ ਮਠਿਆਈ, ਬੰਬੇ ਫੂਡ, ਰਾਜਸਥਾਨੀ ਤੇ ਦੱਖਣ ਭਾਰਤੀ ਖਾਣੇ, ਰਾਜਮਾਂਹ, ਕੜ੍ਹੀ ਚਾਵਲ, ਬਿਰਿਆਨੀ, ਚੀਨੀ ਭੋਜਨ ਨੇ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਇਕੋ ਸਥਾਨ ‘ਤੇ ਭਾਰਤ ਦਾ ਹਰ ਪਕਵਾਨ ਮੁਹੱਈਆ ਕਰਵਾ ਦਿੱਤਾ। ਇਸ ਮੇਲੇ ਦੌਰਾਨ ਕਸ਼ਮੀਰ ਦਾ ਕਾਹਵਾ ਵੀ ਖਿੱਚ ਦੇ ਕੇਂਦਰ ਰਿਹਾ।
ਇਸ ਤੋਂ ਇਲਾਵਾਸਰਸ ਮੇਲੇ ਦੇ ਸਭਿਆਚਾਰਕ ਪ੍ਰੋਗਰਾਮ ਅਤੇ ਸਟਾਰ ਨਾਈਟ ਦਾ ਸਿੱਧਾ ਪ੍ਰਸਾਰਣ ਕੇਬਲ ਟੀ.ਵੀ ਅਤੇ ਆਲ ਇੰਡੀਆ ਰੇਡੀਉ ਉਪਰ ਕੀਤਾ ਗਿਆ ਅਤੇ ਹਰ ਸਾਮ ਕਲਾਕਾਰਾਂ ਦੁਆਰਾ ਆਪਣੇ ਫ਼ਨ ਦਾ ਮੁਜ਼ਾਹਰਾ ਕਰਕੇ ਮੇਲਾ ਦੇਖਣ ਆਏ ਲੋਕਾਂ ਦਾ ਖ਼ੂਬ ਮੰਨੋਰਜ਼ਨ ਕੀਤਾ। ਸਰਸ ਮੇਲੇ ਵਿੱਚ ਹੋਰ ਸੂਬਿਆਂ ਦੇ ਕਲਾਕਾਰਾਂ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਿਸ ਵਿੱਚ ਸਤਿੰਦਰ ਸਰਤਾਜ, ਲਖਵਿੰਦਰ ਵਡਾਲੀ ਅਤੇ ਰਣਜੀਤ ਬਾਵਾ ਸਮੇਤ ਰਵਾਇਤੀ ਗਾਇਕਾਂ ਵਿੱਚ ਪੰਮੀ ਬਾਈ, ਗੁਰਮੀਤ ਬਾਵਾ ਅਤੇ ਸੁਖੀ ਬਰਾੜ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਨਵੇਂ ਗਾਇਕਾਂ ਨੂੰ ਵੀ ਸਰਸ ਮੇਲੇ ਦੌਰਾਨ ਆਪਣਾ ਕਲਾ ਦਿਖਾਉਣ ਦਾ ਮੌਕਾ ਦਿੱਤਾ ਗਿਆ ਜਿਸ ਵਿੱਚ ਮਾਨਕ ਅਲੀ, ਮੁਹੰਮਦ ਇਰਸ਼ਾਦ ਅਤੇ ਗੁਰਲੇਜ਼ ਅਖ਼ਤਰ ਨੇ ਵੀ ਆਪਣੀ ਕਲਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ।
ਸਰਸ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮੇਲੇ ਨੂੰ ਸਫਲ ਬਨਾਉਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਮੇਲੇ ਦੌਰਾਨ ਵਲੰਟੀਅਰਜ਼ ਦੁਆਰਾ ਦਿੱਤੀ ਡਿਊਟੀ ਦੀ ਵੀ ਉਨ੍ਹਾਂ ਸਰਾਹਨਾ ਕੀਤੀ ਅਤੇ ਆਈ.ਟੀ.ਆਈ ਲੜਕੇ ਅਤੇ ਲੜਕੀਆਂ, ਯੁਵਕ ਸੇਵਾਵਾਂ ਵਿਭਾਗ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਨਾਲ-ਨਾਲ ਉਨ੍ਹਾਂ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਸਰਸ ਮੇਲੇ ਦੌਰਾਨ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ।
ਇਸ ਮੌਕੇ ਐਸ.ਐਸ.ਪੀ. ਪਟਿਅਲਾ ਡਾ. ਐਸ. ਭੂਪਤੀ, ਐਨ.ਜੈਡ.ਸੀ.ਸੀ. ਦੇ ਡਾਇਰੈਕਟਰ ਪ੍ਰੋ. ਸੁਭਾਗਿਆ ਵਰਧਨ, ਸ਼੍ਰੀ ਅਮਿਤ ਕੁਮਾਰ ਆਈ.ਏ.ਐਸ., ਗੀਤਿਕਾ ਸਿੰਘ ਪੀ.ਸੀ.ਐਸ., ਕੁਮਾਰ ਵਿਸ਼ਵਾਸ ਪੀ.ਸੀ.ਐਸ., ਸ਼ਾਈਨਾ ਕਪੂਰ, ਐਨ.ਜੈਡ.ਸੀ.ਸੀ. ਦੇ ਪ੍ਰੋਗਰਾਮ ਅਫ਼ਸਰ ਗੁਰਬਖਸ਼ੀਸ ਸਿੰਘ ਅੰਟਾਲ, ਸ਼੍ਰੀ ਰਵਿੰਦਰ ਪਜੋਲਾ, ਸ਼ੀ ਭੁਪਿੰਦਰ ਸਿੰਘ ਅਤੇ ਹੋਰ ਪੰਤਵਤੇ ਅਤੇ ਵੱਡੀ ਗਿਣਤੀ ਪਟਿਆਲਾ ਵਾਸੀ ਹਾਜ਼ਰ ਸਨ।