146th Annual Sports meet at Mohindra College Patiala

March 17, 2023 - PatialaPolitics

146th Annual Sports meet at Mohindra College Patiala

 

ਸਰਕਾਰੀ ਮਹਿੰਦਰਾ ਕਾਲਜ ਦਾ 146ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ
-ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡ ਸੱਭਿਆਚਾਰ ਵਿਕਸਤ ਕੀਤਾ-ਅਜੀਤ ਪਾਲ ਸਿੰਘ ਕੋਹਲੀ
-ਨੌਜਵਾਨ ਖੇਡਾਂ ਨਾਲ ਜੁੜਕੇ ਆਪਣਾ ਭਵਿੱਖ ਸੰਵਾਰਨ-ਐਡਵੋਕੇਟ ਰਾਹੁਲ ਸੈਣੀ
ਪਟਿਆਲਾ, 17 ਮਾਰਚ:
ਸਰਕਾਰੀ ਮਹਿੰਦਰਾ ਕਾਲਜ ਦਾ 146ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ, ਇਸ ਵਿੱਚ 350 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਐਡਵੋਕੇਟ ਰਾਹੁਲ ਕਮਲ ਸਿੰਘ ਸੈਣੀ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਵਿਧਾਇਕ ਕੋਹਲੀ ਤੇ ਐਡਵੋਕੇਟ ਰਾਹੁਲ ਸੈਣੀ ਨੇ ਖਿਡਾਰੀਆਂ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਹਿਮ ਉਪਰਾਲੇ ਕੀਤੇ ਹਨ ਤੇ ਖੇਡਾਂ ਲਈ ਵਿਸ਼ੇਸ਼ ਬਜਟ ਰੱਖਿਆ ਹੈ। ਵਿਧਾਇਕ ਕੋਹਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੂਬੇ ਅੰਦਰ ਖੇਡਾਂ ਵਤਨ ਪੰਜਾਬ ਦੀਆਂ ਕਰਵਾਕੇ ਖੇਡ ਸੱਭਿਆਚਾਰ ਵਿਕਸਤ ਕੀਤਾ ਹੈ।
ਅੰਤਰਰਾਸ਼ਟਰੀ ਗ੍ਰੀਨ ਗਲੋਬ ਅਵਾਰਡ ਜੇਤੂ ਐਡਵੋਕੇਟ ਰਾਹੁਲ ਸੈਣੀ ਨੇ ਖੇਡ ਸਮਾਰੋਹ ਦਾ ਉਦਘਾਟਨ ਕਰਨ ਮੌਕੇ ਕਾਲਜ ਦਾ ਝੰਡਾ ਲਹਿਰਾਇਆ ਅਤੇ ਆਪਣੇ ਪਿਤਾ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਸੁਨੇਹਾ ਖਿਡਾਰੀਆਂ ਨਾਲ ਸਾਂਝਾ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਨਾਲ ਜੁੜਕੇ ਆਪਣਾ ਭਵਿੱਖ ਸੰਵਾਰਨ ਦਾ ਸੱਦਾ ਦਿੱਤਾ। ਮੁੱਖ ਮਹਿਮਾਨ ਦਾ ਸਵਾਗਤ ਕਾਲਜ ਦੇ ਐੱਨ ਸੀ ਸੀ ਵਿੰਗ ਦੇ ਕਮਾਂਡਰ ਵਰੁਨ ਕੁਮਾਰ ਵੱਲੋਂ ਗਾਰਡ ਆਫ ਆਨਰ ਨਾਲ ਕੀਤਾ ਗਿਆ। ਅੰਮ੍ਰਿਤ ਪਾਲ ਨੇ ਮਾਰਚ ਪਾਸਟ ਦੀ ਅਗਵਾਈਕੀਤੀ ਤੇ ਸੁਸ਼ਮਿਤ ਸ਼ਰਮਾ ਨੇ ਪ੍ਰਤੀਯੋਗੀਆਂ ਨੂੰ ਖੇਡਾਂ ਦੇ ਅਨੁਸ਼ਾਸਨ ਲਈ ਪ੍ਰਤੀਬੱਧਤਾ ਦੀ ਸਹੁੰ ਚੁਕਾਈ।
ਇਸ ਦੌਰਾਨ 800 ਮੀਟਰ ਲੜਕਿਆਂ ਦੀ ਰੇਸ ਦੇ ਨਾਲ ਖੇਡ ਸਮਾਰੋਹ ਦੀ ਸ਼ੁਰੂਆਤ ਹੋਈ ਜਿਸ ਵਿਚ ਪ੍ਰਤਿਯੋਗੀ ਵਿਦਿਆਰਥੀਆਂ ਦਾ ਉਤਸ਼ਾਹ ਵੇਖ ਕਾਲਜ ਦੇ ਸਮੂਹ ਵਿਦਿਆਰਥੀ ਅਤੇ ਪ੍ਰੋਫੈਸਰਾਂ ਨੇ ਖਿਡਾਰੀਆਂ ਨੂੰ ਖ਼ੂਬ ਹੱਲਾ-ਸ਼ੇਰੀ ਦਿੱਤੀ। ਖੇਡ ਸਮਾਰੋਹ ਦੌਰਾਨ ਰਿਲੇਅ ਰੇਸ, ਲੰਬੀ ਛਾਲ, ਉੱਚੀ ਛਾਲ, 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜ, ਗੋਲਾ ਸੁੱਟਣਾ, ਨੇਜਾ ਸੁੱਟਣਾ, ਡਿਸਕਸ ਸੁੱਟਣਾ ਅਤੇ ਹੋਰ ਕਈ ਮੁਕਾਬਲੇ ਕਰਵਾਏ ਗਏ।
ਸ਼ਾਮ ਦੇ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਾਲਜ ਦੀ ਅਜਿਹੇ ਪ੍ਰਭਾਵਸ਼ਾਲੀ ਸਮਾਗਮ ਦੀ ਮੇਜ਼ਬਾਨੀ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਖੇਡ ਸਮਾਰੋਹ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹੈ, ਪਰ ਸਭ ਤੋਂ ਮਹੱਤਵਪੂਰਨ ਟੀਮ ਭਾਵਨਾ ਅਤੇ ਅਨੁਸ਼ਾਸਨ ਹੈ।
ਪ੍ਰੋ.ਅਮਰਜੀਤ ਸਿੰਘ, ਕਾਲਜ ਦੇ ਪ੍ਰਿੰਸੀਪਲ, ਨੇ ਮੁੱਖ ਮਹਿਮਾਨਾਂ ਦਾ ਸਮਾਰੋਹ ਵਿੱਚ ਆਉਣ ਲਈ ਅਤੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪ੍ਰੇਰਿਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਵਿੱਦਿਆ ਦੋਵੇਂ ਹੀ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸ੍ਰੀ ਸਾਹਿਲ ਚੋਪੜਾ- ਸਾਬਕਾ ਵਿਦਿਆਰਥੀ, ਓਲੰਪਿਕ ਸਵਿਮਰ ਅਤੇ ਆਬਕਾਰੀ ਇੰਸਪੈਕਟਰ, ਡੀਐਸਪੀ ਚੰਦ ਸਿੰਘ ਔਰਤ ਅਤੇ ਬਾਲ ਵਿਰੁੱਧ ਅਪਰਾਧ ਸ਼ਾਖਾ, ਕਮਲ ਮੁਨੱਕ ਇਕ ਮਸ਼ਹੂਰ ਜਿਮਨਾਸਟ, ਗੁਰਸਿਮਰਨ ਸਿੰਘ ਐਸ ਐਚ ਓ ਡੀਵਜ਼ਨ ਦੋ,
ਹੇਮਇੰਦਰ ਸਿੰਘ ਰਿੰਕੂ , ਸੁਖਪ੍ਰੀਤ ਸਿੰਘ ਜ਼ਿਲਾ ਕੋਚ, ਸਾਬਕਾ ਪ੍ਰਿੰਸਿਪਲ ਡਾ ਸਿਮਰਤ ਕੌਰ, ਪਰਮਿੰਦਰ ਸਿੰਘ ਸਰਕਾਰੀ ਸਟੇਟ ਕਾਲਜ ਪਟਿਆਲਾ ਦੇ ਪ੍ਰਿੰਸੀਪਲ, ਡਾ ਸਵਰਾਜ ਰਾਜ, ਪ੍ਰੋਫੈਸਰ ਅੰਮ੍ਰਿਤ ਪਾਲ ਸਰਕਾਰੀ ਕਾਲਜ ਨਿਆਲ ਪਾਤੜਾਂ, ਡਾ ਕਮਲਾ ਸ਼ਰਮਾ, ਪ੍ਰੋਫੈਸਰ ਇੰਦਰਜੀਤ ਸਿੰਘ ਚੀਮਾ, ਸ੍ਰੀ ਜਗਜੀਤ ਸਿੰਘ ਕੌਲੀ ਸੀਨੀਅਰ ਅਥਲੈਟਿਕ ਕੋਚ, ਡਾ ਜਗਦੀਸ਼ ਗੁਸਾਈ ਵੀ ਇਸ ਮੌਕੇ ਸ਼ਾਮਲ ਸਨ। ਮੰਚ ਸੰਚਾਲਨ ਪ੍ਰੋ: ਰਚਨਾ ਭਾਰਦਵਾਜ, ਪ੍ਰੋ : ਮੁਹੰਮਦ ਸੋਹੇਲ, ਪ੍ਰੋ: ਗੁਰਸੇਵ ਅਤੇ ਪ੍ਰੋ: ਮਨਮੋਹਨ ਸੰਮੀ ਨੇ ਕੀਤਾ | ਅਥਲੈਟਿਕ ਮੀਟ ਸ਼ਾਨਦਾਰ ਮੁਕਾਬਲੇ, ਉਤਸ਼ਾਹ, ਮੌਜ-ਮਸਤੀ, ਰੌਣਕ ਅਤੇ ਧੂਮਧਾਮ ਦੇ ਨਾਲ ਸਮਾਪਤ ਹੋਈ।
100 ਮੀਟਰ ਦੌੜ ਲੜਕੇ ਅਤੇ ਲੜਕੀਆਂ , 100×4 ਮੀਟਰ ਰੀਲੇਅ ਲੜਕਿਆਂ ਦੀ ਸ਼ਾਨਦਾਰ ਦੌੜ ਨਾਲ ਸਲਾਨਾ ਖੇਡ ਸਮਾਰੋਹ ਮੁਕੰਮਲ ਹੋਇਆ। ਨਵਜੋਤ ਕੌਰ ਅਤੇ ਵਿਕਰਮਜੀਤ ਸਿੰਘ ਨੂੰ ਲੜਕੀਆਂ ਅਤੇ ਲੜਕਿਆਂ ਵਿੱਚੋਂ ਸਰਵੋਤਮ ਅਥਲੀਟ ਚੁਣਿਆ ਗਿਆ।