Jail Minister Sukhjinder Randhawa on checking at Patiala Jail
April 25, 2018 - PatialaPolitics
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਸਵੇਰੇ 7:30 ਵਜੇ ਸੈਂਟਰਲ ਜੇਲ ਪਟਿਆਲਾ ਦੀ ਅਚਾਨਕ ਚੈਕਿੰਗ। #patialapolitics
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪੰਜਾਬ ਦੀਆਂ ਜੇਲ੍ਹਾਂ ‘ਚ ਸੁਧਾਰ ਲਿਆਉਣਾ ਮੁੱਖ ਟੀਚਾ-ਰੰਧਾਵਾ
-ਜੇਲ੍ਹਾਂ ‘ਚ ਮੋਬਾਇਲਾਂ ਦੀ ਵਰਤੋਂ ਰੋਕਣ ਲਈ ਜੈਂਮਰਾਂ ਦੀ ਅਪਗ੍ਰੇਡੇਸ਼ਨ ਹੋਵੇਗੀ
-ਜੇਲ੍ਹ ‘ਚ ਬਣੇ ਸਮਾਨ ਦੀ ਆਂਗਣਵਾੜੀ ਸੈਂਟਰਾਂ ਵਾਸਤੇ ਖਰੀਦ ਲਈ ਸਮਝੌਤਾ ਹੋਵੇਗਾ
-ਜੇਲ੍ਹ ਵਾਰਡਰਾਂ ਦੀ ਨਵੀਂ ਭਰਤੀ ਛੇਤੀ, ਮੁੱਖ ਮੰਤਰੀ ਵਲੋਂ 420 ਅਸਾਮੀਆਂ ਹੋਰ ਪ੍ਰਵਾਨ
-ਚੰਗੇ ਕੰਮ ਕਰਨ ਵਾਲਿਆਂ ਨੂੰ ਮਿਲੇਗੀ ਤਰੱਕੀ, ਕਾਲੀਆਂ ਭੇਡਾਂ ਨੂੰ ਮਿਲੇਗੀ ਸਖ਼ਤ ਸਜਾ
-ਪਟਿਆਲਾ ਜੇਲ੍ਹ ‘ਚ ਰੋਟੀਆਂ ਬਣਾਉਣ ਵਾਲੀਆਂ ਦੋ ਮਸ਼ੀਨਾਂ ਖਰੀਦਣ ਲਈ 7 ਲੱਖ ਰੁਪਏ ਦੇਣ ਦਾ ਐਲਾਨ
-ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰੀ ਸੁਧਾਰ ਘਰ ਪਟਿਆਲਾ ਦਾ ਅਚਨਚੇਤ ਦੌਰਾ
ਪਟਿਆਲਾ, 25 ਅਪਰੈਲ :
ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੇ ਬੀਤੇ ਦਿਨੀਂ ਹੀ ਆਪਣਾ ਕਾਰਜਭਾਰ ਸੰਭਾਲਿਆ ਹੈ, ਵੱਲੋਂ ਅੱਜ ਸਵੇਰੇ ਕਰੀਬ 7.30 ਵਜੇ ਕੇਂਦਰੀ ਸੁਧਾਰ ਘਰ ਪਟਿਆਲਾ ਦਾ ਅਚਾਨਕ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਪੰਜਾਬ ਦੀਆਂ ਜੇਲ੍ਹਾਂ ਦੇ ਨਿਰੀਖਣ ਕਰਨ ਦੀ ਸ਼ੁਰੂਆਤ ਪਟਿਆਲਾ ਤੋਂ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸੂਬੇ ਦੀਆਂ ਜੇਲ੍ਹਾਂ ‘ਚ ਸੁਧਾਰ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ‘ਚ ਮੋਬਾਇਲਾਂ ਦੀ ਦੁਰਵਰਤੋਂ ਰੋਕਣ ਲਈ ਜੇਲ੍ਹ ਵਿਭਾਗ ਨੇ ਜੈਮਰਾਂ ਨੂੰ 3-ਜੀ ਤੋਂ 4-ਜੀ ਅਪਗ੍ਰੇਡ ਕਰਨ ਬਾਰੇ ਕੇਂਦਰ ਸਰਕਾਰ ਨਾਲ ਰਾਬਤਾ ਸਾਧਿਆ ਹੋਇਆ ਹੈ, ਕਿਉਂਕਿ ਇਸ ਲਈ ਕੇਂਦਰ ਸਰਕਾਰ ਦੀ ਮਨਜੂਰੀ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ‘ਚ ਬੰਦ ਗੈਂਗਸਟਰਾਂ ਅਤੇ ਕੱਟੜ ਅਪਰਾਧੀਆਂ ਨਾਲ ਨਜਿੱਠਣ ਲਈ ਜੇਲ੍ਹ ਪ੍ਰਬੰਧਾਂ ‘ਚ ਹੋਰ ਸੁਧਾਰਾਂ ਦੀ ਲੋੜ ਹੈ, ਜਿਸ ਲਈ ਉਹ ਨਿਜੀ ਦਿਲਚਸਪੀ ਲੈਕੇ ਕੰਮ ਕਰਨਗੇ।
ਸ. ਰੰਧਾਵਾ ਨੇ ਕਿਹਾ ਕਿ ਕ੍ਰਿਮੀਨਲ, ਕ੍ਰਿਮੀਨਲ ਹੀ ਲੱਗੇ ਨਾ ਕਿ ਹੀਰੋ, ਇਸ ਲਈ ਗੈਂਗਸਟਰਾਂ ਦੀਆਂ ਪੇਸ਼ੀਆਂ ਮੌਕੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਦਿਖਾਵੇ ਤੋਂ ਨੌਜਵਾਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਇਨ੍ਹਾਂ ਦੀਆਂ ਪੇਸ਼ੀਆਂ ਜੇਲ੍ਹਾਂ ਦੇ ਅੰਦਰ ਹੀ ਵਿਸ਼ੇਸ਼ ਅਦਾਲਤਾਂ ਲਗਾ ਕੇ ਭੁਗਤਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਪਟਿਆਲਾ ਵਿਖੇ ਵਿਸ਼ੇਸ਼ ਅਦਾਲਤੀ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਜਦਕਿ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਲਈ ਇਥੇ ਦੇ ਬੰਦੀਆਂ ਦੇ ਵਿਵਹਾਰ ‘ਚ ਸੁਧਾਰ ਲਿਆਉਣ ਵਾਸਤੇ ਉਨ੍ਹਾਂ ਦੀ ਕੌਂਸਲਿੰਗ ਸਬੰਧੀਂ ਕੌਂਸਲਰਾਂ ਅਤੇ ਮਨੋਵਿਗਿਆਨੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆ।
ਜੇਲ੍ਹ ਮੰਤਰੀ ਨੇ ਦੱਸਿਆ ਕਿ ਬੰਦੀਆਂ ਵੱਲੋਂ ਨਸ਼ੇ ਦੀ ਵਰਤੋਂ ਇੱਕ ਵੱਡੀ ਸਮੱਸਿਆ ਹੈ, ਇਸ ਲਈ ਜੇਲ੍ਹਾਂ ਦੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਰਡਰਾਂ ਦੀਆਂ 420 ਨਵੀਆਂ ਅਸਾਮੀਆਂ ਪ੍ਰਵਾਨ ਕੀਤੀਆਂ ਗਈਆਂ ਹਨ, ਉਥੇ ਹੀ 150 ਜਣਿਆਂ ਦੀ ਸਿਖਲਾਈ ਪਟਿਆਲਾ ‘ਚ, 375 ਦੀ ਆਰ.ਟੀ.ਸੀ. ਕਪੂਰਥਲਾ ਵਿਖੇ ਕਰਵਾਈ ਜਾ ਰਹੀ ਹੈ ਜਦੋਕਿ 267 ਵਾਰਡਰਾਂ ਦੀ ਹੋਰ ਭਰਤੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਜੇਲ੍ਹਾਂ ‘ਚ ਚੰਗਾ ਕੰਮ ਕਰਨ ਵਾਲੇ ਮੁਲਾਜਮਾਂ ਦੀ ਤਰੱਕੀ ਸਮੇਤ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਕਾਲੀਆਂ ਭੇਡਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣਗੀਆਂ।
ਸ. ਰੰਧਾਵਾ ਨੇ ਦੱਸਿਆ ਕਿ ਜੇਲ੍ਹਾਂ ਦੇ ਅੰਦਰ ਬੰਦੀਆਂ ਵੱਲੋਂ ਉਚ ਪਾਏ ਦਾ ਸਮਾਨ ਬਣਾਇਆ ਜਾਂਦਾ ਹੈ, ਜਿਸ ਦੀ ਖਰੀਦ ਲਈ ਸਹਿਕਾਰਤਾ ਵਿਭਾਗ ਸਮੇਤ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਮਝੌਤਾ ਕਰਕੇ ਆਂਗਣਵਾੜੀ ਕੇਂਦਰਾਂ ‘ਚ ਦਰੀਆਂ ਆਦਿ ਦੀ ਖਰੀਦ ਕਰਵਾਈ ਜਾਵੇਗੀ। ਉਨ੍ਹਾਂ ਨੇ ਜੇਲ ਅੰਦਰਲੇ ਔਰਤਾਂ ਦੇ ਸੈਲ ‘ਚ ਖੋਲ੍ਹੇ ਗਏ ਸਕਿਲ ਸੈਂਟਰ ਦੀ ਤਾਰੀਫ਼ ਵੀ ਕੀਤੀ।
ਆਪਣੇ ਦੌਰੇ ਦੌਰਾਨ ਜੇਲ੍ਹ ਮੰਤਰੀ ਨੇ ਜੇਲ ਦੇ ਬੰਦੀਆਂ ਨਾਲ ਗੱਲਬਾਤ ਕੀਤੀ ਅਤੇ ਮੌਕੇ ‘ਤੇ ਹੀ 50 ਦੇ ਕਰੀਬ ਬੰਦੀਆਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਵਾਇਆ। ਉਨ੍ਹਾਂ ਨੇ ਪੈਰੋਲ ਦੇ ਬਕਾਇਆ ਕੇਸਾਂ ਦਾ ਨਿਪਟਾਰਾ ਤੁਰੰਤ ਕਰਨ, ਕਾਨੂੰਨੀ ਸਹਾਇਤਾ ਦੇ ਮਾਮਲਿਆਂ ਬਾਰੇ ਅਗਲੇਰੀ ਕਾਰਵਾਈ ਕਰਨ ਸਮੇਤ ਜੇਲ੍ਹ ਮੁਲਾਜਮਾਂ ਦੀਆਂ ਤਨਖਾਹਾਂ ਲਈ ਸਹਿਕਾਰਤਾ ਬੈਂਕ ਦੇ ਏ.ਟੀ.ਐਮ. ਜੇਲ੍ਹਾਂ ‘ਚ ਲਾਉਣ ਬਾਰੇ ਵੀ ਆਖਿਆ।
ਸ. ਰੰਧਾਵਾ ਨੇ ਜੇਲ੍ਹ ਦੇ ਹਸਪਤਾਲ ਸਮੇਤ ਕੰਟੀਨ ਅਤੇ ਖਾਣੇ ਦਾ ਜਾਇਜਾ ਲਿਆ ਅਤੇ ਪਟਿਆਲਾ ਕੇਂਦਰੀ ਸੁਧਾਰ ਘਰ ‘ਚ ਰੋਟੀਆਂ ਬਣਾਉਣ ਵਾਲੀਆਂ ਦੋ ਮਸ਼ੀਨਾਂ ਖਰੀਦਣ ਲਈ ਆਪਣੇ ਅਖ਼ਤਿਆਰੀ ਕੋਟੇ ‘ਚੋਂ 7 ਲੱਖ ਰੁਪਏ ਦੇਣ ਸਮੇਤ ਇਥੇ ਵੇਰਕਾ ਦਾ ਇੱਕ ਬੂਥ ਖੋਲ੍ਹਣ ਦਾ ਵੀ ਐਲਾਨ ਕੀਤਾ।
ਜੇਲ੍ਹ ਮੰਤਰੀ ਨੇ ਜਿੱਥੇ ਜੇਲ੍ਹ ਅੰਦਰ ਸਾਫ਼-ਸਫ਼ਾਈ ਅਤੇ ਖਾਣੇ ‘ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਉਥੇ ਹੀ ਜੇਲ੍ਹ ਹਸਪਤਾਲ ‘ਚ ਦਿੱਤੀਆਂ ਜਾਦੀਆਂ ਸਿਹਤ ਸੇਵਾਵਾਂ ‘ਚ ਹੋਰ ਸੁਧਾਰ ਲਿਆਉਣ, ਕੈਦੀਆਂ ਦੇ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਇਲਾਜ ਅਤੇ ਦਵਾਈਆਂ ਖਰੀਦਣ ਲਈ ਸਿਹਤ ਮੰਤਰੀ ਨਾਲ ਗੱਲਬਾਤ ਕਰਨ ਬਾਰੇ ਆਖਿਆ। ਇਸ ਮੌਕੇ ਆਈ.ਜੀ. ਪੰਜਾਬ ਜੇਲ੍ਹਾਂ ਸ੍ਰੀ ਆਰ.ਕੇ. ਅਰੋੜਾ, ਪਟਿਆਲਾ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਸ੍ਰੀ ਰਾਜਨ ਕਪੂਰ, ਵਧੀਕ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।