Truth About Measles Rubella Vaccination
April 30, 2018 - PatialaPolitics
ਪਿਛਲੇ ਕੁਝ ਦਿਨਾਂ ਤੋ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਵੀਡੀਉ, ਜਿਸ ਵਿੱਚ ‘ਖਸਰੇ ਅਤੇ ਰੁਬੈਲਾ” ਮੁਹਿੰਮ ਦੇ ਵਿਰੋਧ ਵਿੱਚ ਬਹੁਤ ਕੁਝ ਕਿਹਾ ਗਿਆ ਹੈ ਅਤੇ ਇਸ ਤੋਂ ਘੱਟ ਗਿਣਤੀਆਂ ਨੂੰ ਖ਼ਤਰਾ ਦੱਸਿਆ ਗਿਆ ਹੈ, ਨੂੰ ਕੋਰੀ ਝੂਠੀ ਅਤੇ ਤੱਥਹੀਣ ਕਰਾਰ ਦਿੰਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ ਹੈ।ਸਿਵਲ ਸਰਜਨ ਡਾ: ਹਰੀਸ਼ ਮਲਹੋਤਰਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਇਸ ਵੀਡੀਓ ਰਾਹੀਂ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਅਤੇ ਕਈ ਤਰਾਂ ਦੇ ਭਰਮ ਪੈਦਾ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਖਸਰਾ ਇਕ ਐਸੀ ਬਿਮਾਰੀ ਹੈ ਜਿਸ ਨਾਲ ਹਰ ਸਾਲ ਭਾਰਤ ਵਿੱਚ 50,000 ਮੌਤਾਂ ਹੋ ਰਹੀਆਂ ਹਨ ਅਤੇ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਵਿਸ਼ਵ ਸਿਹਤ ਸੰਸਥਾ ਦੀ ਦੇਖ ਰੇਖ ਹੇਠ ਪੂਰੇ ਭਾਰਤ ਵਿੱਚ 9 ਮਹੀਨੇ ਤੋ 15 ਸਾਲ ਦੇ ਬਚਿਆਂ ਨੂੰ ‘ਖਸਰੇ ਅਤੇ ਰੁਬੈਲਾ” ਦਾ ਟੀਕਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕਾ ਪਿਛਲੇ ਕਈ ਸਾਲਾਂ ਤੋਂ ਲੋਕ ਆਪਣੇ ਬੱਚਿਆਂ ਨੂੰ ਮਾਰਕਿਟ ਵਿਚੋਂ ਖ਼ਰੀਦ ਕੇ ਲਗਵਾ ਰਹੇ ਹਨ, ਪਰੰਤੂ ਟੀਕਾ ਮਹਿੰਗਾ ਹੋਣ ਕਰਕੇ ਸਾਰੇ ਲੋਕ ਨਹੀਂ ਸਨ ਲਗਵਾ ਰਹੇ।ਇਸ ਲਈ ਵਿਸ਼ਵ ਸਿਹਤ ਸੰਸਥਾ ਦੀ ਸਲਾਹ ਨਾਲ ਸਰਕਾਰ ਵੱਲੋਂ ਸਭ ਨੂੰ ਇਹ ਟੀਕਾ ਮੁਫ਼ਤ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੂਰੇ ਭਾਰਤ ਵਿੱਚ 8 ਕਰੋੜ ਬੱਚਿਆਂ ਨੂੰ ਇਹ ਟੀਕਾ ਲੱਗ ਚੁਕਾ ਹੈ ਅਤੇ ਕਿਸੇ ਵੀ ਤਰਾਂ ਦਾ ਬੁਰਾ ਅਸਰ ਬੱਚਿਆਂ ‘ਤੇ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਹ ਟੀਕਾਕਰਨ ਮੁਹਿੰਮ 1 ਮਈ ਤੋਂ ਸ਼ੁਰੂ ਹੋ ਰਹੀ ਹੈ। ਜਿਸ ਤਹਿਤ ਪਹਿਲਾਂ ਸਾਰੇ ਸਕੂਲਾਂ, ਆਗਨਵਾੜੀਆਂ ਵਿੱਚ ਟੀਕੇ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਲਾਇਨਜ਼ ਕਲੱਬ, ਆਈ.ਐਮ.ਏ, ਆਈ.ਪੀ.ਏ, ਪ੍ਰਾਈਵੇਟ ਸਕੂਲ ਐਸੋਸੀਏਸ਼ਨ ਤੋਂ ਇਲਾਵਾ ਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਤੋਂ ਵੀ ਸਹਿਯੋਗ ਮਿਲ ਰਿਹਾ ਹੈ, ਸੋ ਸਾਰੇ ਆਪਣੇ ਬੱਚਿਆਂ ਨੂੰ ਇਹ ਟੀਕੇ ਲਗਾਉਣਗੇ।
ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਵੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਸੋਸ਼ਲ ਮੀਡੀਆ ਦੇ ਗੁੰਮਰਾਹ ਕਰਨ ਵਾਲੀਆਂ ਪੋਸਟਾਂ ਤੋਂ ਬਚ ਕੇ ਰਹਿਣ, ਤਾਂ ਕਿ ਦੋ ਖ਼ਤਰਨਾਕ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ