All traffic lights in Patiala will be replaced
May 25, 2018 - PatialaPolitics
ਪਟਿਆਲਾ ਦੇ ਸਹਾਇਕ ਕਮਿਸ਼ਨਰ (ਜ) ਸ. ਸੂਬਾ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਥੇ ਨਵੀਆਂ ਸੜਕਾਂ ਬਣ ਰਹੀਆਂ ਹਨ ਉਥੇ ਹੀ ਨਗਰ ਨਿਗਮ ਵੱਲੋਂ ਸੁਚਾਰੂ ਆਵਾਜਾਈ ਲਈ ਸਾਰੀਆਂ ਟ੍ਰੈਫਿਕ ਲਾਇਟਾਂ ਤਬਦੀਲ ਕਰਨ ਲਈ 1 ਕਰੋੜ 20 ਲੱਖ ਰੁਪਏ ਦੀ ਲਾਗਤ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜ੍ਹਕ ਸੁਰੱਖਿਆ ਬਾਬਤ ਕਮੇਟੀ ਦੀ ਹੋਈ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਸ. ਸੂਬਾ ਸਿੰਘ ਨੇ ਸੜ੍ਹਕਾਂ ‘ਤੇ ਸੁਰੱਖਿਅਤ ਆਵਾਜਾਈ ਲਈ ਆਵਾਜਾਈ ਨਿਯਮਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ।
ਇਸ ਦੌਰਾਨ ਸ਼ਹਿਰ ‘ਚ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਬਾਬਤ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਜਾਣੂ ਕਰਵਾਉਂਦਿਆਂ ਨਗਰ ਨਿਗਮ ਦੇ ਐਸ.ਈ. ਇੰਜ. ਐਮ.ਐਮ. ਸਿਆਲ ਨੇ ਦੱਸਿਆ ਕਿ ਏ.ਬੀ.ਸੀ. (ਐਨੀਮਲ ਬਰਥ ਕੰਟਰੋਲ) ਪ੍ਰੋਗਰਾਮ ਤਹਿਤ 1 ਜੁਲਾਈ ਤੋਂ ਸ਼ਹਿਰ ‘ਚ ਫਿਰਦੇ ਅਵਾਰਾ ਕੁੱਤੇ-ਕੁੱਤੀਆਂ ਦੀ ਨਸਬੰਦੀ ਤੇ ਬੱਚੇਦਾਨੀ ਕੱਢਣ ਦੇ ਉਪਰੇਸ਼ਨ ਕਰਨ ਦਾ ਕੰਮ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਇਨ੍ਹਾਂ ਅਵਾਰਾ ਕੁੱਤੇ-ਕੁੱਤੀਆਂ ਦੀ ਸਟਰਲਾਇਜੇਸ਼ਨ ਕਰਵਾਉਣ ਲਈ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਪੋਲੀਕਲੀਨਿਕ ਪਟਿਆਲਾ ਵਿਖੇ ਇੱਕ ਉਪਰੇਸ਼ਨ ਥੀਏਟਰ ਸਮੇਤ ਪ੍ਰੀ ਅਤੇ ਪੋਸਟ ਉਪਰੇਟਿਵ ਆਦਿ ਲਈ 4 ਕਮਰੇ ਤਿਆਰ ਕਰਵਾਉਣ ਲਈ 23 ਲੱਖ ਰੁਪਏ ਛੋਟੀਆਂ ਬੱਚਤਾਂ ਵਿਚੋਂ ਪ੍ਰਵਾਨ ਕਰਵਾਏ ਗਏ ਹਨ। ਜਦੋਂ ਕਿ ਕੁੱਤਿਆਂ ਨੂੰ ਫੜਨ ਲਈ ਡਾਗ ਕੈਚਰ ਗੱਡੀ ਦੀ ਖਰੀਦ ਕਰ ਲਈ ਗਈ ਹੈ। ਜਦੋਂਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਹੇਠ ਸ਼ਹਿਰ ਵਿੱਚੋਂ 1433 ਪਸ਼ੂ ਗਾਜੀਪੁਰ ਦੀ ਗਊਸ਼ਾਲਾ ਵਿੱਚ ਛੱਡੇ ਜਾ ਚੁੱਕੇ ਹਨ।
ਸ. ਸੂਬਾ ਸਿੰਘ ਨੇ ਇਸ ਮੌਕੇ ਆਦੇਸ਼ ਦਿੱਤੇ ਕਿ ਸ਼ਹਿਰ ‘ਚ ਜਿਥੇ ਭਾਰੀ ਵਾਹਨਾਂ ਦੇ ਦਾਖਲੇ ਦੀ ਪਾਬੰਦੀ ਹੈ, ਦੀ ਪਛਾਣ ਕਰਕੇ ਭਾਰੀ ਵਾਹਨ ਦਾਖਲ ਹੋਣ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇ। ਜਦੋਂ ਕਿ ਸ਼ਹਿਰ ਵਿੱਚੋਂ ਭੀੜ ਭੜੱਕੇ ਵਾਲੀਆਂ ਥਾਵਾਂ ‘ਚ ਆਵਾਜਾਈ ਦੀਆਂ ਦਿੱਕਤਾਂ ਦੂਰ ਕਰਨ ਲਈ ਨਜਾਇਜ ਕਬਜੇ ਤੁਰੰਤ ਹਟਾਏ ਜਾਣ ਅਤੇ ਡੀਫੇਸਮੈਂਟ ਐਕਟ ਤਹਿਤ ਕਾਰਵਾਈ ਹੋਰ ਤੇਜ ਕਰਕੇ ਸੜਕ ਚਿੰਨਾਂ ਨੂੰ ਖਰਾਬ ਕਰਨ ਵਾਲੇ ਸਬੰਧਤਾਂ ਨੂੰ ਜੁਰਮਾਨੇ ਕੀਤੇ ਜਾਣ।
ਇਸ ਮੌਕੇ ਮੌਜੂਦ ਐਸ.ਪੀ. ਟੈਫਿਕ ਪੁਲਿਸ ਸ. ਅਮਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਨੇ ਪੂਰੇ ਸ਼ਹਿਰ ਦਾ ਆਵਾਜਾਈ ਨਕਸ਼ਾ ਤਿਆਰ ਕਰਕੇ ਨਗਰ ਨਿਗਮ ਨੂੰ ਭੇਜਿਆ ਹੈ ਤਾਂ ਕਿ ਸੁਚਾਰੂ ਆਵਾਜਾਈ ਬਹਾਲ ਰੱਖੀ ਜਾਵੇ ਅਤੇ ਜਿਥੇ ਕਿਤੇ ਦਿਕਤਾਂ ਹਨ, ਉਹ ਦੂਰ ਕਰਵਾਈਆਂ ਜਾਣ। ਸ. ਘੁੰਮਣ ਨੇ ਦੱਸਿਆ ਕਿ ਜਿਥੇ ਕਿਤੇ ਸਕੂਲਾਂ ਕਰਕੇ ਆਵਾਜਾਈ ‘ਚ ਦਿੱਕਤ ਆਉਂਦੀ ਹੈ, ਉਥੇ ਸਕੂਲਾਂ ਦਾ ਸਮਾਂ ਤਬਦੀਲ ਕਰਵਾਇਆ ਗਿਆ ਹੈ। ਇਸ ਤੋਂ ਬਿਨ੍ਹਾਂ ਆਟੋ ਚਾਲਕਾਂ ਦਾ ਟ੍ਰੈਫਿਕ ਪੁਲਿਸ ਵੱਲੋਂ ਰਿਕਾਰਡ ਰੱਖਿਆ ਜਾ ਰਿਹਾ ਹੈ ਤਾਂ ਕਿ ਲੋੜ ਪੈਣ ‘ਤੇ ਆਟੋ ਚਾਲਕ ਦੀ ਪਛਾਣ ਸੌਖਿਆਂ ਹੀ ਹੋ ਸਕੇ। ਮੀਟਿੰਗ ‘ਚ ਸੜਕ ਸੁਰੱਖਿਆ ਦੇ ਮੁੱਦੇ ‘ਤੇ ਗੰਭੀਰ ਵਿਚਾਰ ਵਟਾਂਦਰਾ ਹੋਇਆ।
ਇਸ ਮੌਕੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਮੇਤ ਉਪ ਅਰਥ ਤੇ ਅੰਕੜਾ ਸਲਾਹਕਾਰ ਸ੍ਰੀਮਤੀ ਪਰਮਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਕੰਵਲ ਕੁਮਾਰੀ, ਵੈਟਰਨਰੀ ਡਾ. ਬਲਜੀਤ ਸਿੰਘ ਬਰਾੜ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਇੰਜ. ਰੀਤ ਜਸ਼ਨ ਸਿੱਧੂ, ਮਾਰਕੀਟ ਕਮੇਟੀ ਪਟਿਆਲਾ ਦੇ ਸਕੱਤਰ ਪਰਮਜੀਤ ਸਿੰਘ ਸੱਲ੍ਹਣ ਸਮੇਤ ਹਰਿੰਦਰਪਾਲ ਸਿੰਘ ਲਾਂਬਾ, ਪੁੱਡਾ, ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ, ਜੰਗਲਾਤ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜਰ ਸਨ।