PRTC bus from Patiala to Ajmer Shariff
June 14, 2018 - PatialaPolitics
ਰਮਜਾਨ ਦੇ ਮੁਬਾਰਕ ਮਹੀਨੇ ਵਿਚ ਮੁਸਲਿਮ ਭਾਈਚਾਰੇ ਅਤੇ ਹੋਰ ਸ਼ਰਧਾਲੂਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੀ. ਆਰ. ਟੀ. ਸੀ. ਪਟਿਆਲਾ ਡਿੱਪੂ ਵਲੋਂ ਮਾਲੇਰਕੋਟਲਾ ਤੋਂ ਵਾਇਆ ਪਟਿਆਲਾ ਅਜਮੇਰ ਸ਼ਰੀਫ ਦੇ ਦਰਸ਼ਨਾਂ ਲਈ ਰੋਜ਼ਾਨਾ ਸਿੱਧੀ ਬੱਸ ਸੇਵਾ ਨੂੰ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਮਨਿੰਦਰਪਾਲ ਸਿੰਘ ਸਿੱਧੂ ਜਨਰਲ ਮੈਨੇਜਰ ਅਤੇ ਜਤਿੰਦਰਪਾਲ ਸਿੰਘ ਗਰੇਵਾਲ ਐਕਸੀਅਨ ਅਤੇ ਡਿਪਟੀ ਮੇਅਰ ਸੋਨੂੰ ਸੰਗਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਕੇ. ਕੇ. ਸ਼ਰਮਾ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਮੁਸਲਿਮ ਭਾਈਚਾਰੇ ਵਲੋਂ ਸਿੱਧੀ ਬੱਸ ਸੇਵਾ ਲਈ ਬੇਨਤੀ ਕੀਤੀ ਜਾ ਰਹੀ ਹੈ। ਪੀ. ਆਰ. ਟੀ. ਸੀ. ਨੇ ਉਨ੍ਹਾਂ ਦੀ ਬੇਨਤੀ ਨੂੰ ਮੁੱਖ ਰੱਖਦੇ ਹੋਏ ਅਤੇ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਬੱਸ ਸੇਵਾ ਨੂੰ ਸ਼ੁਰੂ ਕੀਤਾ ਹੈ ਜੋ ਕਿ ਮਾਲੇਰਕੋਟਲਾ ਤੋਂ ਦੁਪਿਹਰ 2 ਵਜੇ, ਪਟਿਆਲਾ ਤੋਂ 4 ਵਜੇ ਅਤੇ ਦਿੱਲੀ ਆਈ. ਐਸ. ਬੀ. ਟੀ. ਸਰਾਏ ਕਾਲੇਖਾਂ ਤੋਂ ਰਾਤ 11 ਵਜੇ ਚੱਲ ਕੇ ਜੈਪੁਰ ਤੋਂ ਸਵੇਰੇ 5:10 ਮਿੰਟ ‘ਤੇ ਚੱਲ ਕੇ ਅਜਮੇਰ ਸਵੇਰੇ 7.40 ਮਿੰਟ ‘ਤੇ ਪਹੁੰਚੇਗੀ। ਇਸੇ ਤਰ੍ਹਾਂ ਇਹ ਬੱਸ ਅਜਮੇਰ ਤੋਂ ਸ਼ਾਮ ਨੂੰ 4:30, ਜੈਪੁਰ ਤੋਂ 7:15 ਅਤੇ ਦਿੱਲੀ ਤੋਂ ਸਵੇਰੇ 2:20 ‘ਤੇ ਚੱਲ ਕੇ ਪਟਿਆਲਾ ਤੋਂ 8 ਵਜੇ ਚੱਲਣ ਤੋਂ ਬਾਅਦ ਸਵੇਰੇ ਲਗਭਗ 9:30 ਵਜੇ ਮਾਲੇਰਕੋਟਲਾ ਪਹੁੰਚਿਆ ਕਰੇਗੀ। ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਪੀ. ਆਰ. ਟੀ. ਸੀ. ਅਤੇ ਚੇਅਰਮੈਨ ਕੇ. ਕੇ. ਸ਼ਰਮਾ ਦੇ ਇਸ ਉਪਰਾਲੇ ਦੀ ਦਿਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਅਮਨਦੀਪ ਸਿੰਘ ਪੀ. ਏ., ਜਸਵਿੰਦਰ ਜੁਲਕਾ ਮੀਡੀਆ ਇੰਚਾਰਜ, ਕੁਸ਼ ਸੇਠ, ਵਿਕਾਸ ਗਿੱਲ, ਈਸ਼ ਕੁਮਾਰ, ਵਿਜੇ ਸ਼ਾਹ, ਅਨਿਲ ਕੁਮਾਰ ਟ੍ਰੈਫਿਕ ਅਸਿਸਟੈਂਟ, ਸੁਖਵਿੰਦਰ ਸਿੰਘ ਐਮ. ਐਸ. ਆਈ., ਸੁਖਬੀਰ ਸਿੰਘ ਪੀ. ਏ. ਟੂ ਜੀ. ਐਮ., ਜਸਪਾਲ ਸਿੰਘ ਆਦਿ ਮੌਕੇ ‘ਤੇ ਹਾਜ਼ਰ ਸਨ।