Details about Urban Estate Phase 4 Patiala

June 20, 2018 - PatialaPolitics

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪੰਜਾਬ ਸਰਕਾਰ ਵੱਲੋਂ ਪਟਿਆਲਾ ‘ਚ ਅਰਬਨ ਅਸਟੇਟ ਦਾ ਚੌਥਾ ਫੇਜ਼ ਬਨਾਉਣ ਲਈ ਸਕੀਮ ਦਾ ਆਗ਼ਾਜ਼
-75 ਏਕੜ ਜਮੀਨ ‘ਚ 104 ਪਲਾਟ ਕੱਟੇ ਜਾਣਗੇ, ਮਿਲਣਗੀਆਂ ਅਤਿ ਆਧੁਨਿਕ ਸਹੂਲਤਾਂ – ਸੂਦਨ
-ਪੀ.ਡੀ.ਏ. ਦੇ ਮੁੱਖ ਪ੍ਰਸ਼ਾਸ਼ਕ ਨੇ 1 ਮਹੀਨਾ ਲਾਗੂ ਰਹਿਣ ਵਾਲੀ ਸਕੀਮ ਦਾ ਬਰੌਸ਼ਰ ਕੀਤਾ ਜਾਰੀ
ਪਟਿਆਲਾ, 20 ਜੂਨ:
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਲਈ ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ) ਵੱਲੋਂ ਪਟਿਆਲਾ ਵਿਖੇ ਅਰਬਨ ਅਸਟੇਟ ਦਾ ਚੌਥਾ ਫ਼ੇਜ਼ ਵਿਕਸਤ ਕੀਤਾ ਜਾ ਰਿਹਾ ਹੈ। ਕਰੀਬ 75 ਏਕੜ ਜਮੀਨ ਵਿੱਚ ਬਣਾਏ ਜਾਣ ਵਾਲੇ ਇਸ ਨਵੇਂ ਬਨਣ ਵਾਲੇ ਅਰਬਨ ਅਸਟੇਟ ਫ਼ੇਜ਼ 4 ਵਿਖੇ ਕੱਟੇ ਜਾ ਰਹੇ 104 ਪਲਾਟਾਂ ਦੀ ਅਲਾਟਮੈਂਟ ਲਈ ਅੱਜ ਤੋਂ 20 ਜੁਲਾਈ 2018 ਤੱਕ ਇੱਕ ਮਹੀਨਾ ਲਾਗੂ ਰਹਿਣ ਵਾਲੀ ਸਕੀਮ ਦੀ ਸ਼ੁਰੂਆਤ ਪੀ.ਡੀ.ਏ ਦੇ ਮੁੱਖ ਪ੍ਰਸ਼ਾਸ਼ਕ ਸ. ਹਰਪ੍ਰੀਤ ਸਿੰਘ ਸੂਦਨ ਵੱਲੋਂ ਅੱਜ ਇਥੇ ਪੁੱਡਾ ਭਵਨ ਵਿਖੇ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੂਦਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੀ.ਡੀ.ਏ. ਦੇ ਚੇਅਰਮੈਨ ਵੀ ਹਨ, ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਦੇ ਪਿਛਲੇ ਪਾਸੇ ਸਾਧੂਬੇਲਾ ਰੋਡ ਤੋਂ 100 ਫੁੱਟ ਚੌੜੀ ਸੜਕ ਨਾਲ ਜੁੜਨ ਵਾਲਾ ਇਹ ਨਵਾਂ ਫੇਜ਼ ਵਿਕਸਤ ਕੀਤਾ ਜਾ ਰਿਹਾ ਹੈ। ਰਿਹਾਇਸ਼ੀ ਤੇ ਵਪਾਰਕ ਪਲਾਟਾਂ ਵਾਲੇ ਇਸ ਅਰਬਨ ਅਸਟੇਟ ਵਿਖੇ 100 ਗਜ਼ ਦੇ 9 ਪਲਾਟ, 150 ਦੇ 10, 200 ਦੇ 24, 300 ਗਜ਼ ਦੇ 24, 400 ਦੇ 15 ਅਤੇ 500 ਗਜ਼ ਦੇ 22 ਕੁਲ 104 ਪਲਾਟ ਕੱਟੇ ਜਾਣਗੇ, ਜ਼ਿਨ੍ਹਾਂ ਦੀ ਵਿਕਰੀ ਲਈ ਕੀਮਤ 14000 ਰੁਪਏ ਪ੍ਰਤੀ ਗਜ਼ ਰੱਖੀ ਗਈ ਹੈ।
ਸ. ਸੂਦਨ ਨੇ ਦੱਸਿਆ ਕਿ ਰੇਰਾ ਐਕਟ ਤਹਿਤ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਮਗਰੋਂ ਕੱਟੀ ਜਾ ਰਹੀ ਇਸ ਕਲੋਨੀ ਵਿਖੇ ਪਲਾਟ ਲੈਣ ਵਾਲਿਆਂ ਨੂੰ ਅਤਿਆਧੁਨਿਕ ਸਹੂਲਤਾਂ ਮਿਲਣਗੀਆਂ, ਜਿਸ ‘ਚ ਜ਼ਮੀਨਦੋਜ਼ ਤਾਰਾਂ, ਐਲ.ਈ.ਡੀ. ਸਟਰੀਟ ਲਾਇਟਾਂ, 40 ਫੁੱਟ ਚੌੜੀਆਂ ਕੰਕਰੀਟ ਸੜਕਾਂ, ਖੁੱਲ੍ਹੀਆਂ ਪਾਰਕਾਂ ਅਤੇ ਡੈਡਿਕੇਟਿਡ ਐਸ.ਟੀ.ਪੀ. , ਸਾਲਿਡ ਵੇਸਟ ਮੈਨੈਜਮੈਂਟ ਪਲਾਂਟ ਆਦਿ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪਹਿਲੀ ਕਲੋਨੀ ਹੋਵੇਗੀ ਜਿਥੇ ਦੋਹਰੀਆਂ ਪਾਇਪਾਂ ਰਾਹੀਂ ਪਾਣੀ ਦੀ ਸਪਲਾਈ ਹੋਵੇਗੀ ਅਤੇ ਐਸ.ਟੀ.ਪੀ. ਤੋਂ ਵਾਪਸ ਪਾਣੀ ਘਰਾਂ ‘ਚ ਲਿਜਾ ਕੇ ਫ਼ਲੱਸ਼ਾਂ ਤੇ ਗਾਰਡਨ ਲਈ ਵਰਤਿਆ ਜਾਵੇਗਾ।
ਪੀ.ਡੀ.ਏ ਦੇ ਮੁੱਖ ਪ੍ਰਸ਼ਾਸ਼ਕ ਨੇ ਦੱਸਿਆ ਕਿ ਇਸ ਸਕੀਮ ਵਿੱਚ ਸਟੇਟ ਬੈਂਕ ਆਫ ਇੰਡੀਆ, ਯੂਕੋ ਬੈਂਕ, ਕੈਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਓ.ਬੀ.ਸੀ, ਇੰਡਸਇੰਡ ਬੈਂਕ ਅਤੇ ਅਲਾਹਾਬਾਦ ਬੈਂਕ ਆਦਿ ਬੈਂਕਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਕਿ ਸਕੀਮ ਦੇ ਬਰੋਸ਼ਰਾਂ ਦੀ ਵੇਚ ਅਤੇ ਭਰੇ ਹੋਏ ਫਾਰਮ ਪ੍ਰਾਪਤ ਕਰਨ ਲਈ ਅਧਿਕਾਰਿਤ ਹਨ। ਪੀਡੀਏ ਵੱਲੋਂ ਇਨ੍ਹਾਂ ਪਲਾਟਾਂ ਦੀ ਆਨ ਲਾਈਨ ਅਰਜੀ ਦੀ ਸੁਵਿਧਾ ਵੀ ਰੱਖੀ ਗਈ ਹੈ ਜਿਸ ਸਬੰਧੀ ਫਾਰਮ ਪੀਡੀਏ ਦੀ ਵੈਬਸਾਈਟ ਤੇਂ ਉਪਲਬਧ ਹਨ ਤੇ ਆਨ ਅਰਜੀਆਂ ਜਮ੍ਹਾਂ ਕਰਵਾਉਣ ਦੀ ਸੁਵਿਧਾ ਐਕਸਿਜ਼ ਬੈਂਕ ਦੀ ਮਦਦ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ।
ਸ. ਸੂਦਨ ਨੇ ਦੱਸਿਆ ਕਿ ਸੀਨੀਅਰ ਸਿਟੀਜਨਸ ਅਤੇ ਔਰਤਾਂ ਨੂੰ ਇਸ ਸਕੀਮ ਵਿੱਚ ਉਚੇਚੇ ਤੌਰ ਤੇਂ ਤਰਜੀਹ ਦਿੱਤੀ ਜਾ ਰਹੀ ਹੈ। ਪਲਾਟਾਂ ਦੇ ਫਾਰਮ ਪੀਡੀਏ ਦਫਤਰ ਦੇ ਕਾਊਂਟਰ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਪਲਾਟ ਖ੍ਰੀਦਣ ਵਾਲੇ ਪਲਾਟ ਦਾ ਕਬਜਾ ਮਿਲਣ ਤੱਕ ਕੋਈ ਵਿਆਜ ਨਹੀਂ ਲਿਆ ਜਾਵੇਗਾ ਤੇ ਕਬਜੇ ਤੱਕ ਪਲਾਟ ਦੀ ਸਿਰਫ 25 ਫ਼ੀਸਦੀ ਅਦਾਇਗੀ ਹੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਡਰਾਅ ਆਫ਼ ਲਾਟਸ ਸਕੀਮ ਤਹਿਤ ਪਲਾਟ ਖਰੀਦਣ ਵਾਲਿਆਂ ਨੂੰ 22 ਮਹੀਨਿਆਂ ਤੱਕ ਕਬਜ਼ਾ ਦੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਲਾਟਾਂ ਦਾ ਵਿਸਥਾਰਤ ਬਰੌਸ਼ਰ ਪੀਡੀਏ ਦੀ ਵੈਬਸਾਈਟ www.pdapatiala.in ਤੇਂ ਉਪਲਬਧ ਹੈ।
ਸ. ਸੂਦਨ ਨੇ ਹੋਰ ਦੱਸਿਆ ਕਿ ਇਸ ਜਮੀਨ ‘ਚ ਜ਼ਮੀਨ ਮਾਲਕਾਂ ਨੂੰ ਲੈਂਡ ਪੂਲਿੰਗ ਸਕੀਮ ਤਹਿਤ 1 ਏਕੜ ਜਮੀਨ ਬਦਲੇ 1000 ਗਜ਼ ਦਾ ਪਲਾਟ ਰਿਹਾਇਸ਼ੀ ਤੇ 121 ਗਜ਼ ਦਾ ਵਪਾਰਕ ਪਲਾਟ ਇਸ ਅਰਬਨ ਅਸਟੇਟ ਦੇ ਵਿਕਸਤ ਹੋਣ ਮਗਰੋਂ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਅਸਟੇਟ ਅਫ਼ਸਰ ਜੈਪਾਲ ਗੁਪਤਾ, ਡੀ.ਈ. ਇਲੈਕਟ੍ਰੀਕਲ ਤੇ ਪੀ.ਐਚ ਡੀ.ਕੇ. ਜਿੰਦਲ, ਡੀ.ਈ. ਸਿਵਲ ਅਜੇ ਗਰਗ ਤੇ ਲੇਖਾ ਅਫ਼ਸਰ ਅਜੇ ਮਿੱਤਲ ਵੀ ਮੌਜੂਦ ਸਨ।
ਨੰ: ਲਸਪ (ਪ੍ਰੈ.ਰੀ.)-2018/555
ਫੋਟੋ ਕੈਪਸ਼ਨ