Patiala to soon get new bus stand

July 3, 2018 - PatialaPolitics

ਪਟਿਆਲਾ ‘ਚ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਰਾਹ ਪੱਧਰਾ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਪਟਿਆਲਾ-ਰਾਜਪੁਰਾ ਰੋਡ ‘ਤੇ ਸਥਿਤ ਸ੍ਰੀ ਕੇਦਾਰ ਨਾਥ ਮੰਦਿਰ ਦੇ ਨੇੜੇ ਪੀ.ਆਰ.ਟੀ.ਸੀ. ਨੇ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਕੰਮ ਮੈਸ. ਸਪਰਿਟ ਗਲੋਬਲ ਕੰਸਟ੍ਰਕਸ਼ਨਜ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਦਿੰਦਿਆਂ ਲਈ ਕੰਪਨੀ ਨੂੰ ਮਿਤੀ 31 ਅਗਸਤ 2009 ਨੂੰ 13.8 ਏਕੜ ਜਮੀਨ ਸੌਂਪੀ ਗਈ ਸੀ। ਉਨ੍ਹਾਂ ਦੱਸਿਆ ਕਿ ਪ੍ਰੰਤੂ ਬਾਅਦ ਵਿੱਚ ਕੰਪਨੀ ਵੱਲੋਂ ਹਸਤਾਖਰ ਹੋਏ ਇਕਰਾਰਨਾਮੇ ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ਕਾਰਨ ਇਕਰਾਰਨਾਮ ਰੱਦ ਕਰ ਦਿੱਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਬੱਸ ਅੱਡੇ ਦੀ ਉਸਾਰੀ ਸਬੰਧੀਂ ਮਾਮਲਾ ਕਾਨੂੰਨੀ ਅੜਚਨਾ ਅਧੀਨ ਆ ਗਿਆ ਸੀ, ਪਰੰਤੂ ਹੁਣ ਇਹ ਮਾਮਲਾ ਨਿਪਟ ਗਿਆ ਹੈ, ਜਿਸ ਲਈ ਸ਼ਹਿਰ ਨੂੰ ਨਵਾਂ ਬੱਸ ਅੱਡਾ ਬਹੁਤ ਜਲਦ ਮਿਲਣ ਜਾ ਰਿਹਾ ਹੈ।
ਸ੍ਰੀ ਸ਼ਰਮਾ ਨੇ ਅੱਜ ਇਥੇ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਦੱਸਿਆ ਕਿ ਇਸ ਸਬੰਧੀਂ ਚਲਦੇ ਝਗੜੇ ਦਾ ਨਿਪਟਾਰਾ ਕਰਨ ਹਿਤ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਣਯੋਗ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜਾਂ ‘ਤੇ ਅਧਾਰਤ ਇੱਕ ਤਿੰਨ ਮੈਂਬਰੀ ਟ੍ਰਿਬਿਊਨਲ ਦਾ ਗਠਨ ਕੀਤਾ ਗਿਆ ਸੀ। ਇਸ ਟ੍ਰਿਬਿਊਨਲ ਨੇ ਮਿਤੀ 6 ਅਪ੍ਰੈਲ 2018 ਨੂੰ ਐਲਾਨੇ ਐਵਾਰਡ ਅਨੁਸਾਰ ਕੰਪਨੀ ਵੱਲੋਂ ਪੀ.ਆਰ.ਟੀ.ਸੀ. ਨੂੰ ਅਦਾ ਕੀਤੀ ਗਈ 13.50 ਕਰੋੜ ਰੁਪਏ ਦੀ ਅਪ-ਫਰੰਟ ਰਕਮ ਅਤੇ 10 ਕਰੋੜ ਰੁਪਏ ਦੀ ਬੈਂਕ ਗਾਰੰਟੀ ਦੇ ਇਵਜ ‘ਚ 24 ਕਰੋੜ 84 ਲੱਖ 7 ਹਜ਼ਾਰ 814 ਰੁਪਏ (ਅਪ-ਫਰੰਟ ਰਕਮ, 8 ਫੀਸਦੀ ਸਾਲਾਨਾ ਵਿਆਜ ਅਤੇ ਹਰਜਾਨਾ ਆਦਿ) ਅਦਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਸ੍ਰੀ ਸ਼ਰਮਾ ਨੇ ਹੋਰ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਆਪਸੀ ਸਹਿਮਤੀ ਨਾਲ ਕੰਪਨੀ ਨੂੰ 18.45 ਕਰੋੜ ਰੁਪਏ ਅਦਾ ਕਰਨ ਸਬੰਧੀਂ 10 ਮਈ 2018 ਨੂੰ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਨਾਲ ਪੀ.ਆਰ.ਟੀ.ਸੀ. ਨੂੰ ਕਰੀਬ 6.39 ਕਰੋੜ ਰੁਪਏ ਦੀ ਬੱਚਤ ਹੋਈ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਇਸ ਤਜਵੀਜ ਸਬੰਧੀਂ ਸਰਕਾਰ ਦੀ ਪ੍ਰਵਾਨਗੀ ਮਿਲਣ ਉਪਰੰਤ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਸ. ਮਨਜੀਤ ਸਿੰਘ ਨਾਰੰਗ ਵੱਲੋਂ ਕੰਪਨੀ ਨਾਲ ਲਿਖਤੀ ਇਕਰਾਰਨਾਮਾ ਹਸਤਾਖ਼ਰ ਕਰਕੇ ਕੰਪਨੀ ਨੂੰ ਬਣਦੀ ਰਕਮ ਦੀ ਅਦਾਇਗੀ 18, 45,00,000 ਰੁਪਏ (ਅਪ-ਫਰੰਟ ਰਕਮ, 4 ਫੀਸਦੀ ਸਾਲਾਨਾ ਵਿਆਜ ਅਤੇ ਹਰਜਾਨਾ ਆਦਿ) ਅੱਜ ਜਾਰੀ ਕਰ ਦਿੱਤੀ ਗਈ। ਇਸਦੇ ਨਾਲ ਹੀ ਕੰਪਨੀ ਦੀ 10 ਕਰੋੜ ਰੁਪਏ ਦੀ ਬੈਂਕ ਗਾਰੰਟੀ ਵੀ ਵਾਪਸ ਕਰ ਦਿੱਤੀ ਗਈ ਹੈ।
ਇਸੇ ਦੌਰਾਨ ਐਮ.ਡੀ. ਸ. ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਇਸ ਉਪਰੰਤ ਕੰਪਨੀ ਵੱਲੋਂ ਬੱਸ ਅੱਡੇ ਦੀ ਉਸਾਰੀ ਲਈ ਨਿਰਧਾਰਤ ਜਮੀਨ ਦਾ ਕਬਜ਼ਾ ਵਾਪਸ ਪੀ.ਆਰ.ਟੀ.ਸੀ. ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਪਟਿਆਲਾ ਵਿਖੇ ਨਵੇਂ ਬੱਸ ਅੱਡੇ ਦੀ ਉਸਾਰੀ ਸਬੰਧੀਂ ਲੰਮੇ ਸਮੇਂ ਤੋਂ ਚਲ ਰਹੇ ਕਾਨੂੰਨੀ ਝਗੜੇ ਦਾ ਮੁਕੰਮਲ ਤੌਰ ‘ਤੇ ਨਿਪਟਾਰਾ ਹੋਣ ਉਪਰੰਤ ਪਟਿਆਲਾ ਵਿਖੇ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਰਾਹ ਪੱਧਰਾ ਹੋ ਗਿਆ ਹੈ।