Girls begins World Tour from Patiala Aviation Club
July 29, 2018 - PatialaPolitics
ਬੇਟੀ ਬਚਾਓ ਬੇਟੀ ਪੜਾਓ ਅਤੇ ਮਹਿਲਾ ਸ਼ਸਕਤੀਕਰਨ ਮੁਹਿੰਮ ਤਹਿਤ ਭਾਰਤ ਦੀਆਂ ਦੋ ਹੋਣਹਾਰ ਕੁੜੀਆਂ ਕਿਥੈਰ ਮਿਸਕਿਟਾ (23 ਸਾਲ) ਅਤੇ ਅਰੋਹੀ ਪੰਡਿਤ (22 ਸਾਲ) ਅੱਜ ਇਤਿਹਾਸਕ ਸ਼ਹਿਰ ਪਟਿਆਲਾ ਦੇ ਏਵੀਏਸ਼ਨ ਕਲੱਬ ਤੋਂ ਛੋਟੇ ਜਹਾਜ਼ ਰਾਹੀ ਇਕੱਲਿਆਂ ਹੀ ਵਿਸ਼ਵ ਯਾਤਰਾ ਲਈ ਰਵਾਨਾ ਹੋਈਆ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਵਿਸ਼ੇਸ਼ ਤੌਰ ‘ਤੇ ਇਨ੍ਹਾਂ ਬੱਚੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਇੱਥੇ ਪੁੱਜੇ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰੀ ਦੁਨੀਆ ਵਿੱਚ ਇਹ ਸੰਦੇਸ਼ ਜਾਵੇਗਾ ਕਿ ਭਾਰਤ ਦੀਆਂ ਲੜਕੀਆਂ ਸੰਸਾਰ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਇਸ ਮੌਕੇ ਦੋਨਾਂ ਲੜਕੀਆਂ ਦੇ ਜਹਾਜ਼ ਨੂੰ ਝੰਡੀ ਦੇਕੇ ਰਵਾਨਾ ਕੀਤਾ।
ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਏਨੇ ਵੱਡੇ ਮਿਸ਼ਨ ਲਈ ਇਨ੍ਹਾਂ ਲੜਕੀਆਂ ਨੇ ਪਟਿਆਲਾ ਏਵੀਏਸ਼ਨ ਕਲੱਬ ਵਿਖੇ ਟਰੇਨਿੰਗ ਕੀਤੀ ਹੈ ਅਤੇ ਇਥੋਂ ਦੀ ਇਨ੍ਹਾਂ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਲੜਕੀਆਂ ਨੂੰ ਵਧਾਈ ਦਿੰਦਿਆ ਇਨ੍ਹਾਂ ਦੀ ਸਫਲ ਯਾਤਰਾ ਦੀ ਕਾਮਨਾ ਕੀਤੀ।
ਇਸ ਮੌਕੇ ਲੜਕੀਆਂ ਨੇ ਦੱਸਿਆ ਕਿ ਉਹ 90 ਦਿਨਾਂ ਦੀ ਇਸ ਯਾਤਰਾ ਦੌਰਾਨ 3 ਮਹਾਂਦੀਪਾਂ ਦੇ 23 ਮੁਲਕਾਂ ਦਾ ਸਫ਼ਰ ਤੈਅ ਕਰਨੀਆਂ ਜਿਸ ਵਿੱਚ ਉਹ ਦੱਖਣ ਪੂਰਬ ਏਸ਼ੀਆ, ਜਾਪਾਨ, ਰੂਸ, ਕੈਨੇਡਾ, ਯੂ.ਐਸ.ਏ, ਗਰੀਨ ਲੈਡ, ਆਈਸ ਲੈਡ, ਯੂਰਪ ਅਤੇ ਮੱਧ ਪੂਰਬੀ ਦੇਸ਼ਾਂ ਦੀ ਯਾਤਰਾ ਕਰਨਗੀਆਂ ਜਿਸ ਦੌਰਾਨ ਕਰੀਬ 40,000 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮਕਸਦ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਦੇਣਾ ਹੈ। ਲੜਕੀਆਂ ਨੇ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਪਟਿਆਲਾ ਦੇ ਏਵੀਏਸ਼ਨ ਕਲੱਬ ਵਿਚ ਇਸ ਯਾਤਰਾ ਸਬੰਧੀ ਤਿਆਰੀਆਂ ਕਰ ਰਹੀ ਸਨ ਅਤੇ ਅੱਜ ਉਹ ਆਪਣੀ 90 ਦਿਨਾਂ ਦੀ ਯਾਤਰਾ ਪਟਿਆਲਾ ਏਵੀਏਸ਼ਨ ਕਲੱਬ ਤੋਂ ਸ਼ੁਰੂ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਜਹਾਜ਼ (ਸਾਈਨਸ 912) ਵਿੱਚ ਉਹ ਸਫ਼ਰ ਕਰ ਰਹੀਆਂ ਹਨ ਇਸ ਜਹਾਜ਼ ਨੇ ਪਹਿਲਾਂ ਵੀ ਵਿਸ਼ਵ ਯਾਤਰਾ ਦਾ ਰਿਕਾਰਡ ਬਣਾਇਆ ਹੈ।
ਕਿਥੈਰ ਮਿਸਕਿਟਾ (23 ਸਾਲ) ਅਤੇ ਅਰੋਹੀ ਪੰਡਿਤ (22 ਸਾਲ) ਨੇ ਦੱਸਿਆ ਕਿ ਉਨ੍ਹਾਂ ਇਸ ਦੀ ਟਰੇਨਿੰਗ ਦੀ ਸ਼ੁਰੂਆਤ ਬੋਬੇਂ ਫਲਾਇੰਗ ਕਲੱਬ ਤੋਂ ਕੀਤੀ ਅਤੇ ਉਹ ਪਿਛਲੇ ਚਾਰ ਸਾਲ ਤੋਂ ਇੱਕਠਿਆ ਫਲਾਇੰਗ ਕਰ ਰਹੀਆਂ ਹਨ ਅਤੇ ਉਨ੍ਹਾਂ ਯਾਤਰਾ ਬਾਰੇ ਦੱਸਦਿਆ ਕਿਹਾ ਕਿ ਉਹ ਇਸ ਸਫ਼ਰ ਦੌਰਾਨ ਇੱਕ ਵਾਰ 4 ਤੋਂ 5 ਘੰਟੇ ਦੀ ਉਡਾਣ ਭਰਿਆ ਕਰਨੀਆਂ ਅਤੇ ਮੌਸਮ ਅਨੁਸਾਰ ਹੀ ਉਡਾਣ ਭਰੀ ਜਾਇਆ ਕਰੇਗੀ।
ਉਨ੍ਹਾਂ ਇਸ ਮੌਕੇ ਪਟਿਆਲਾ ਏਵੀਏਸ਼ਨ ਕਲੱਬ ਦੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਟਾਫ਼ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਸਾਨੂੰ ਪੂਰਨ ਸਹਿਯੋਗ ਪ੍ਰਾਪਤ ਹੋ ਰਿਹਾ ਹੈ ਅਤੇ ਸਾਨੂੰ ਇਸ ਯਾਤਰਾ ਅਤੇ ਮੌਸਮ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਕੈਪਟਨ ਮੋਗਾ, ਅਰੋਹੀ ਪੰਡਿਤ ਦੇ ਪਿਤਾ ਅਸ਼ੋਕ ਪੰਡਿਤ ਅਤੇ ਮਾਤਾ ਅਸ਼ਵਨੀ ਪੰਡਿਤ, ਕਿਥੈਰ ਮਿਸਕਿਟਾ ਦੇ ਪਿਤਾ ਗਿੱਲਰੋਏ ਜੇ ਮਿਸਕਿਟਾ ਅਤੇ ਮਾਤਾ ਓਲਗਾ ਜੀ ਮਿਸਕਿਟਾ ਵੀ ਹਾਜ਼ਰ ਸਨ।