Gazipur Gaushala to be monitored Online
July 30, 2018 - PatialaPolitics
ਰਾਜ ਸਰਕਾਰ ਵੱਲੋਂ ਸਮਾਣਾ ਦੇ ਨੇੜੇ ਗਾਜੀਪੁਰ ਵਿੱਚ ਬਣਾਈ ਗਈ ਸਰਕਾਰੀ ਗਊਸ਼ਾਲਾ ਦੀ ਆਨਲਾਈਨ ਨਿਗਰਾਨੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਪਸ਼ੂ ਭਲਾਈ ਸੋਸਾਇਟੀ ਦੀ ਪ੍ਰਧਾਨਗੀ ਕਰਦੇ ਹੋਏ ਦੱਸਿਆ ਕਿ ਗਊਸ਼ਾਲਾ ਵਿੱਚ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਦੇ ਲੱਗਣ ਨਾਲ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ।
ਗਊਸ਼ਾਲਾ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀ ਸਾਰੇ ਗਊਧੰਨ ਦੇ ਕਰਜਦਾਰ ਹਾਂ ਅਜਿਹੇ ਵਿੱਚ ਸਰਕਾਰੀ ਗਊਸ਼ਾਲਾ ਵਿੱਚ ਰੱਖੇ ਗਏ ਗਊਧੰਨ ਦਾ ਖਿਆਲ ਵੀ ਰੱਖਣ ਲਈ ਨਾ ਕੇਵਲ ਆਪਣੀ ਜਿੰਮੇਦਾਰੀ ਨਿਭਾਈ ਜਾਵੇ ਸਗੋਂ ਸੰਵੇਦਨਸ਼ੀਲ ਹੋਕੇ ਇਹ ਖਿਆਲ ਵੀ ਰੱਖਣਾ ਹੋਵੇਗਾ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਗਊਸ਼ਾਲਾ ਵਿੱਚ ਆਉਣ ਵਾਲਾ ਜਿਆਦਾਤਰ ਗਊਧੰਨ ਬਿਮਾਰ ਹੁੰਦਾ ਹੈ। ਦੇਖਿਆ ਗਿਆ ਹੈ ਕਿ ਅਕਸਰ ਅਜਿਹੀ ਗਊਆਂ ਦੇ ਢਿੱਡ ਵਿੱਚ ਪਲਾਸਟਿਕ ਵੀ ਹੁੰਦਾ ਹੈ। ਅਜਿਹੇ ਵਿੱਚ ਗਊਆਂ ਅਤੇ ਨੰਦੀ ਦੇ ਬਾਰੇ ਵਿੱਚ ਜਿਆਦਾ ਧਿਆਨ ਦੇਣ ਦੀ ਜਰੂਰਤ ਹੈ।
ਸ਼੍ਰੀ ਕੁਮਾਰ ਅਮਿਤ ਨੇ ਪਸ਼ੂਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਿਨਾਂ ਡਾਕਟਰੀ ਜਾਂਚ ਦੇ ਚਾਰਾ ਗਊਸ਼ਾਲਾ ਵਿੱਚ ਨਾ ਜਾਵੇ, ਚਾਰੇ ਦੀ ਜਾਂਚ ਗਊਸ਼ਾਲਾ ਵਿੱਚ ਆਉਣ ਤੋਂ ਇਲਾਵਾ ਉਸ ਖੇਤ ਵਿੱਚ ਵੀ ਜਾਂਚ ਕੀਤੀ ਜਾਵੇ ਜਿਥੋਂ ਚਾਰਾ ਆਉਣਾ ਹੈ ਤਾਂ ਕਿ ਨਾਇਟਰੇਟ ਦੀ ਮਾਤਰਾ ਜਰੂਰਤ ਤੋਂ ਜਿਆਦਾ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਪ੍ਰਵਾਹੀ ਕਰਨ ਵਾਲੇ ਹਰ ਕਰਮਚਾਰੀ/ਅਧਿਕਾਰੀ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਗਊਸ਼ਾਲਾ ਵਿੱਚ ਲਾਈਟ ਦਾ ਪੁਖਤਾ ਪ੍ਰਬੰਧ, ਗਊਆਂ ਦੇ ਚਰੀਆਂ ਅਤੇ ਪਾਣੀ ਲਈ ਖੁਰਲੀਆਂ ਦੀ ਉਸਾਰੀ ਅਤੇ ਗਿਲੀ ਜਗ੍ਹਾ ‘ਤੇ ਮਿੱਟੀ ਆਦਿ ਦਾ ਕੰਮ ਇੱਕ ਹਫਤੇ ਵਿੱਚ ਮੁਕੰਮਲ ਕੀਤਾ ਜਾਵੇ। ਹਰ ਹਫਤੇ ਸ਼ੁਕਰਵਾਰ ਨੂੰ ਮੀਟਿੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਅਵਾਰਾ ਪਸ਼ੂ ਛੱਡਣ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਤੋਂ ਇਲਾਵਾ ਜੁਰਮਾਨਾ ਵੀ ਕੀਤਾ ਜਾਵੇਗਾ।
ਇਸ ਮੌਕੇ ਤੇ ਟਰੇਨੀ ਆਈ.ਏ.ਐਸ. ਸ਼੍ਰੀ ਰਾਹੁਲ ਸਿੰਧੂ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ਼੍ਰੀ ਅੰਕੁਰ ਮਹਿੰਦਰੂ, ਸਮਾਣਾ ਦੇ ਐਸ.ਡੀ.ਐਮ. ਸ਼੍ਰੀ ਅਰਵਿੰਦ ਕੁਮਾਰ, ਪਸ਼ੂਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਐਚ.ਐਮ. ਵਾਲੀਆ ਅਤੇ ਐਨ.ਜੀ.ਓ. ਦੀ ਤਰਫੋਂ ਤੋਂ ਮਦਨ ਲਾਲ ਹਸੀਜਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।