All set for Punjab Manch by Dr.Gandhi

July 31, 2018 - PatialaPolitics

ਪੰਜਾਬ ਮੰਚ ਦਾ ਐਲਾਨਨਾਮਾ
ਪੰਜਾਬ ਮੰਚ ਨੇ ਅੱਜ ਆਪਣਾ ‘ਐਲਾਨਨਾਮਾ’ ਜਾਰੀ ਕੀਤਾ। ਪ੍ਰੈਸ ਕਲੱਬ ਚੰਡੀਗੜ੍ਹ ਵਿਚ ਕੀਤੀ ਪ੍ਰੈਸ ਕਾਨਫ਼ਰੰਸ ਵਿਚ ‘ਪੰਜਾਬ ਮੰਚ’ ਦੇ ਮੈਂਬਰ ਵੀ ਹਾਜ਼ਰ ਹੋਏ ਜਿਨ੍ਹਾਂ ਵਿਚ ਪੱਤਰਕਾਰ ਸੁਖਦੇਵ ਸਿੰਘ, ਪ੍ਰੋ. ਰੌਣਕੀ ਰਾਮ, ਦਿਲਪ੍ਰੀਤ ਸਿੰਘ ਮੋਹਾਲੀ, ਪ੍ਰੋ. ਮਲਕੀਅਤ ਸਿੰਘ ਸੈਣੀ, ਪ੍ਰੋ. ਬਾਵਾ ਸਿੰਘ, ਨਰਿੰਦਰ ਸਿੰਘ, ਮਾਣਿਕ ਗੋਇਲ , ਹਰਮੀਤ ਕੌਰ ਬਰਾੜ, ਗੁਰਚਰਨ ਸਿੰਘ ਪੱਖੋਕਲਾਂ,ਹਰਿੰਦਰ ਸਿੰਘ ਜ਼ੀਰਾ, ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ, ਸੁਮੀਤ ਭੁੱਲਰ, ਜਗਤਾਰ ਸਿੰਘ ਗਿੱਲ, ਮਾਨਿਕ ਗੋਇਲ, ਡਾ. ਜਗਜੀਤ ਸਿੰਘ ਚੀਮਾ, ਰੋਬਿਨ ਅਗਰਵਾਲ ਅਤੇ ਇੰਜੀ. ਰਣਜੀਤ ਸਿੰਘ ਸ਼ਾਮਲ ਸਨ।
ਡਾ ਧਰਮਵੀਰ ਗਾਂਧੀ ਮੈੰਬਰ ਪਾਰਲੀਮੈਂਟ ਪਟਿਆਲਾ ਅਤੇ ਮੰਚ ਦੇ ਮੈਂਬਰਾਂ ਨੇ ਇਸ ਐਲਾਨਨਾਮੇ ਨੂੰ ਜਾਰੀ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਬੋਲਦਿਆਂ ਡਾ ਗਾਂਧੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿਚ ਰਾਜਾਂ ਨੂੰ ਮਿਲੀ ਸੀਮਤ ਖ਼ੁਦਮੁਖਤਿਆਰੀ ਵੀ ਭਾਰਤੀ ਗਣਰਾਜ ਨੇ ਅਜ਼ਾਦੀ ਦੇ ਬਾਅਦ ਦੇ ਸਾਲਾਂ ਦੌਰਾਨ ਤਾਕਤ ਅਤੇ ਸੂਖ਼ਮ ਤਰੀਕਿਆਂ ਰਾਹੀਂ ਖੋਰ ਕੇ ਰੱਖ ਦਿੱਤੀ ਹੈ। ਨਤੀਜੇ ਵਜੋਂ ਰਾਜਾਂ ਦਾ ਕਰੂੰਗਾ ਹੋ ਗਿਆ ਹੈ। ਅੱਜ ਪੰਜਾਬ ਸਮੇਤ ਬਹੁਤੇ ਰਾਜ ਲੱਖਾਂ ਕਰੋੜਾਂ ਦੇ ਕਰਜ਼ਾਈ ਹਨ ਅਤੇ ਬੱਜਟਾਂ ਦਾ ਬਹੁਤਾ ਹਿੱਸਾ ਕਰਜ਼ੇ ਦੀਆਂ ਕਿਸ਼ਤਾਂ ਦੇਣ ਵਿਚ ਹੀ ਨਿਕਲ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਤਾ ਬਹੁਤੀ ਖ਼ਰਾਬ ਹੈ ਜਿਸ ਦੇ ਕੁਦਰਤੀ ਵਸੀਲੇ ‘ਦਰਿਆਈ ਪਾਣੀਆ’ ਨੂੰ ਭਾਰਤੀ ਸੰਵਿਧਾਨ ਵਿਚ ਦਰਜ ਧਾਰਾ ੨੬੨ ਦੀਆਂ ਧੱਜੀਆਂ ਉਡਾ ਕੇ ਬਲ ਅਤੇ ਛਲ ਨਾਲ ਮੁਫ਼ਤ ਲੁੱਟ ਲਿਆ ਗਿਆ। ਭੂਗੋਲਿਕ ਤੌਰ ‘ਤੇ ਚੁਫ਼ੇਰਿਓਂ ਬੰਦ ਅਤੇ ਇਸਦੇ ਨਤੀਜੇ ਵਜੋਂ ਵਪਾਰਕ ‘ਤੌਰ ‘ਤੇ ਮੁਥਾਜ ਪੰਜਾਬ ਲਈ ਇਸਦੇ ਕੁਦਰਤੀ ਵਸੀਲੇ ਦਾ ਲੁੱਟੇ ਜਾਣਾ ਅਤੀ ਘਾਤਕ ਸਾਬਤ ਹੋਇਆ ਹੇ। ਪੰਜਾਬ ਦਾ ਅੱਜ ਦਾ ਘੋਰ ਨਿਰਾਸ਼ਾ ਦਾ ਆਲਮ, ਜੁਆਨੀ ਦਾ ਵਿਦੇਸ਼ਾਂ ਵੱਲ ਉਡਾਰੀ ਮਾਰਨਾ ਜਾਂ ਨਸ਼ਿਆਂ ਦਿ ਦਲਦਲ ਵਿਚ ਗ੍ਰਸੇ ਜਾਣਾ, ਖੇਤੀ ਦੇ ਗ਼ੈਰ-ਲਾਹੇਵੰਦਾ ਹੋਣ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਪੰਜਾਬ ਦੀ ਪਿੱਠ ਵਿਚ ਵੱਜੇ ਛੁਰੇ ਦੀ ਬਦੌਲਤ ਹੀ ਹਨ।
ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਪੰਜਾਬ ਮੰਚ ਕਾਂਗਰਸ ਦੇ ‘ਨਹਿਰੂਵਾਦੀ ਸਮਾਜਵਾਦ’ ਅਤੇ ‘ਨਹਿਰੂਵਾਦੀ ਧਰਮਨਿਰਪੱਖਤਾ’ ਦੇ ਨਾਕਾਮ ਤਜੁਰਬੇ ਨੂੰ ਦਰਅਸਲ ਭਾਰਤੀ ਉਪ-ਮਹਾਂਦੀਪ ਦੀ ਫ਼ਿਰਕੂ ਵੰਡ ਦਾ ਹੀ ਵਿਸਥਾਰ ਮੰਨਦਾ ਹੈ ਜਿਸਨੇ ਹੁਣ ਬੀਜੇਪੀ ਦੇ ਰੂਪ ਵਿਚ ਪਰਗਟ ਹਿੰਦੂ-ਬਹੁਗਿਣਤੀਵਾਦ ਲਈ ਧਰਾਤਲ ਤਿਆਰ ਕੀਤੀ ਹੈ। ਪੰਜਾਬ ਮੰਚ ਭਾਰਤੀ ਸਿਆਸਤ ਦੀਆਂ ਦੋਹਾਂ ਧਾਰਾਵਾਂ ਨੂੰ ਇਕੋ ਕੇਂਦਰਵਾਦੀ ਧਾਰਾ ਮੰਨਦਾ ਹੈ ਜੋ ਭਾਰਤੀ ਉਪ-ਮਹਾਂਦੀਪ ਦੀਆਂ ਵਿਲੱਖਣਤਾਵਾਂ ਦੇ ਰੂਪ ਵਿਚ ਵਿਚਰ ਰਹੀਆਂ ਨੀਮ-ਕੌਮੀ, ਧਾਰਮਕ, ਜਾਤਪਾਤੀ, ਭਾਸ਼ਾਈ, ਇਲਾਕਾਈ ਅਤੇ ਨਸਲੀ ਪਛਾਣਾਂ ਲਈ ਦਮ-ਘੋਟੂ ਹਨ।
ਡਾ ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤ ਅੰਦਰ ਵਿਭਿੰਨਤਾਵਾਂ ਦੇ ਇਕ ਬਗ਼ੀਚੇ ਵਾਂਙ ਖਿੜਨ ਲਈ ਜਮੂਹਰੀ ਮਹੌਲ ਚਾਹੀਦਾ ਹੈ ਜੋ ਕਿ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਅਸੂਲਾਂ ‘ਤੇ ਅਧਾਰਤ ਫ਼ੈਡਰਲ ਢਾਂਚਾ ਹੀ ਦੇ ਸਕਦਾ ਹੈ। ਅਜਿਹੀ ਜਮੂਹਰੀਅਤ ਲਈ ਰਾਜਾਂ ਨੂੰ ਅੰਦਰੂਨੀ ਖ਼ੁਦ-ਮੁਖਤਿਆਰੀ ਹੀ ਅਸਲੀ ਢਾਰਸ ਬਣ ਸਕਦੀ ਹੈ।
ਡਾ ਧਰਮਵੀਰ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਰਾਜਾਂ ਨੂੰ ਅੰਦਰੂਨੀ ਖ਼ੁਦ-ਮੁਖ਼ਤਿਆਰੀ ਰਾਹੀਂ ਸਚਮੁੱਚ ਦਾ ਫ਼ੇਡਰਲ ਭਾਰਤ ਬਨਾਉਣ ਲਈ,
ਕੇਂਦਰ-ਰਾਜ ਸਬੰਧਾਂ ਦੇ ਸਾਰੇ ਪੱਖਾਂ ‘ਤੇ ਮੁੜ-ਨਜ਼ਰਸਾਨਿ ਕਰਨ ਲਈ ਕਦਮ ਚੁੱਕੇ ਤਾਂ ਕਿ ਰਾਜਾਂ ਨੁੰ ਲੋਕ ਕਲਿਆਣ ਦੇ ਆਪਣੇ ਸੰਵਿਧਾਨਕ ਕਾਰਜ ਕਰਨ ਦੇ ਸਮਰੱਥ ਬਣਾਇਆ ਜਾ ਸਕੇ।
ਪ੍ਰੌ. ਰੌਣਕੀ ਰਾਮ ਨੇ ਫ਼ੈਡਰਲ ਭਾਰਤ ਦੀ ਸਹੀ ਸਿਰਜਣਾ ਕਰਨ ਲਈ ਜਮੂਹਰੀ ਪੰਜਾਬ ਨੂੰ ਪੂਰਵ-ਸ਼ਰਤ ਦੱਸਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਧਰਮ, ਜਾਤ ਅਤੇ ਭਾਈਚਾਰਿਆਂ ਦੀ ਪਛਾਣ ‘ਤੋਂ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਦੀ ਪਛਾਣ ਤੱਕ ਉਪਰ ਉੱਠ ਜਾਣ, ਜਿਸ ਹੇਠ ਸਾਰੇ ਨਾਗਰਿਕਾਂ ਨੂੰ ‘ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ’ ਦੇ ਅਸੂਲਾਂ ਤਹਿਤ ਕਿਸੇ ਵੀ ਦਾਬੇ ‘ਤੋਂ ਮੁਕਤ ਬਰਾਬਰ ਦੇ ਹੱਕ ਹੋਣ।
ਪ੍ਰੋਫ਼ੈਸਰ ਨੇ ਸਾਰੇ ਪੰਜਾਬੀਆਂ ਨੂੰ ਕੇਂਦਰਵਾਦੀ ਕੁਰੀਤੀਆਂ ਵੱਲੋਂ ਪੰਜਾਮੀ ਸਮਾਜ ਨੂੰ ਵੰਡਣ, ਕਮਜ਼ੋਰ ਕਰਨ ਅਤੇ ਲੁੱਟਣ-ਕੁੱਟਣ ਦੀ ਚਾਲ ਨੂੰ ਰੋਕਣ ਲਈ ਪੰਜਾਬ ਮੰਚ ਦੇ ‘ਫ਼ੈਡਰਲ ਭਾਰਤ’ਦੇ ਝੰਡੇ ਹੇਠ ਅਤੇ ਪੰਜਾਬ ਦੇ ਜਮਹੂਰੀਕਰਣ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ.