Rojgaar Mela Patiala on 7 September 2018

August 8, 2018 - PatialaPolitics

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਘਰ-ਘਰ ਰੋਜਗਾਰ ਦੇਣ ਦੇ ਕੀਤੇ ਗਏ ਵਾਅਦੇ ਤਹਿਤ ਜ਼ਿਲ੍ਹੇ ਵਿੱਚ ਅਗਲਾ ਰੋਜਗਾਰ ਮੇਲਾ 7 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ । ਜਿਲ੍ਹੇ ਵਿੱਚ ਥਲ ਸੈਨਾ ਭਰਤੀ ਲਈ ਰੈਲੀ ਚੱਲ ਰਹੀ ਹੈ ਜਦੋਂ ਕਿ ਏਅਰ ਫੋਰਸ ਵਿੱਚ ਭਰਤੀ ਲਈ 1 ਅਕਤੂਬਰ ਨੂੰ ਰੈਲੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਬਿਊਰੋ ਆਫ ਰੋਜਗਾਰ ਜਨਰੇਸ਼ਨ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਦੋਨਾਂ ਪ੍ਰਮੁੱਖ ਰੈਲੀਆਂ ਦੇ ਸੰਦਰਭ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਰੋਜਗਾਰ ਮੇਲਾ ਨਾਭਾ ਰੋਡ ‘ਤੇ ਸਥਿਤ ਆਈ ਟੀ ਆਈ ਲੜਕਿਆਂ ਵਿੱਚ ਲਗਾਇਆ ਜਾ ਰਿਹਾ ਹੈ । ਜਿੱਥੇ ਐਲ ਐਂਡ ਟੀ ਵਰਗੀਆਂ ਵੱਡੀਆਂ ਕੰਪਨੀਆਂ ਸਮੇਤ ਸਥਾਨਕ ਉਦਯੋਗ ਵੀ ਭਾਗ ਲੈਣਗੇ । ਇਸੇ ਤਰ੍ਹਾਂ ਏਅਰ ਫੋਰਸ ਵਿੱਚ ਭਰਤੀ ਲਈ ਵੀ ਖੁੱਲੀ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ । ਇਹ ਰੈਲੀ ਡੀ.ਐਮ.ਡਬਲਿਯੂ ਦੇ ਗਰਾਊਂਡ ਵਿੱਚ ਹੋਵੇਗੀ । ਹਵਾ ਸੈਨਾ ਵਿੱਚ ਗਰੁੜ ਸੈਨਿਕਾਂ ਦੇ ਰੂਪ ਵਿੱਚ ਸੁਰੱਖਿਆ ਡਿਊਟੀ ਦੇ 50 ਪ੍ਰਤੀਸ਼ਤ ਅੰਕਾਂ ਦੇ ਨਾਲ 12ਵੀਂ ਜਮਾਤ ਪਾਸ 17 ਤੋਂ 21 ਸਾਲ ਦਾ ਕੋਈ ਵੀ ਨੌਜਵਾਨ ਮੌਕੇ ਉੱਤੇ ਆ ਕੇ ਅਰਜੀ ਦੇ ਸਕਦਾ ਹੈੈ । ਅੰਗਰੇਜ਼ੀ ਵਿੱਚ ਵੀ 50 ਪ੍ਰਤੀਸ਼ਤ ਅੰਕ ਹੋਣੇ ਲਾਜ਼ਮੀ ਹਨ । ਇਸ ਦੇ ਲਈ ਕਿਸੇ ਪ੍ਰਕਾਰ ਦੀ ਆਨਲਾਈਨ ਰਜਿਸਟਰੇਸ਼ਨ ਜਰੂਰੀ ਨਹੀਂ ਹੈ ।

ਉਥੇ ਹੀ ਸ਼੍ਰੀ ਕੁਮਾਰ ਅਮਿਤ ਨੇ ਇੰਡਸਟਰੀ ਵੱਲੋਂ ਰੱਖੇ ਗਏ ਇਹਨਾਂ ਵਿਚਾਰਾਂ ਕਿ ਅੱਜ ਕੱਲ੍ਹ ਨੌਜਵਾਨ ਫੈਕਟਰੀ ਵਿੱਚ ਕੰਮ ਹੀ ਨਹੀਂ ਕਰਨਾ ਚਾਹੁੰਦਾ , ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇੰਡਸਟਰੀ ਚਾਹੇ ਤਾਂ ਪ੍ਰਸ਼ਾਸਨ ਆਈ ਟੀ ਆਈ ਅਤੇ ਪੌਲੀਟੈਕਨਿਕ ਸੰਸਥਾਵਾਂ ਵਿੱਚ ਇੰਡਸਟਰੀ ਦੀ ਜ਼ਰੂਰਤ ਦੇ ਮੁਤਾਬਕ ਸਕਿਲ ਡਿਵੈਲਪਮੈਂਟ ਦੇ ਕੁੱਝ ਹਫ਼ਤੇ ਜਾਂ ਕੁਝ ਮਹੀਨਿਆਂ ਦੇ ਵਿਸ਼ੇਸ਼ ਕੋਰਸ ਕਰਵਾ ਸਕਦੇ ਹਨ । ਜੇਕਰ ਇੰਡਸਟਰੀ ਲੋੜਾਂ ਅਤੇ ਉਮੀਦਵਾਰਾਂ ਦੀਆਂ ਉਮੀਦਾਂ ਅਤੇ ਯੋਗਤਾ ਦੇ ਵਿੱਚ ਦੋਵਾਂ ਦੇ ਫਰਕ ਦਾ ਪਤਾ ਚੱਲ ਜਾਵੇ ਤਾਂ ਇਸ ਨੂੰ ਪੂਰਾ ਕੀਤਾ ਜਾ ਸਕਦਾ ਹੈ ।

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇੱਕ ਯੋਜਨਾ ਬਣਾ ਕੇ ਉਨ੍ਹਾਂ ਦੇ ਕੋਲ ਅਗਲੀ ਮੀਟਿੰਗ ਵਿੱਚ ਲੈ ਕੇ ਆਉਣ ਜਿਸ ਉੱਤੇ ਚਰਚਾ ਕਰਕੇ ਰੋਜਗਾਰ ਦੇ ਬਿਹਤਰ ਮੌਕੇ ਉਪਲੱਬਧ ਕਰਵਾਏ ਜਾਣਗੇ ।

ਇਸ ਮੌਕੇ ਉੱਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੂਨਮਦੀਪ ਕੌਰ, ਡਿਪਟੀ ਡਾਇਰੈਕਟਰ ਰੋਜਗਾਰ ਸੇਵਾ ਮੁਕਤ ਮੇਜਰ ਹਰਪ੍ਰੀਤ ਸਿੰਘ , ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਏ.ਐਨ.ਐਸ.ਖੁਰਾਨਾ , ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਪੌਲੀਟੈਕਨਿਕ ਕਾਲਜ ਲੜਕੀਆਂ ਦੇ ਪ੍ਰਿੰਸੀਪਲ ਸ਼੍ਰੀ ਸਰਬਮੋਹਨ ਸਿੰਘ ਸਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸੰਸਥਾਵਾਂ ਦੇ ਪ੍ਰਤਿਨਿਧ ਮੌਜੂਦ ਸਨ ।